Sangrur News : ਪੈਦਲ ਜਾ ਰਹੇ ਦੋ ਵਿਅਕਤੀਆਂ ਦੀ ਕਾਰ ਦੀ ਟੱਕਰ ਨਾਲ ਮੌਤ, ਇੱਕ ਜ਼ਖ਼ਮੀ
ਸਬ ਡਵੀਜ਼ਨ ਭਵਾਨੀਗੜ੍ਹ ਦੇ ਨੇੜਲੇ ਪਿੰਡ ਝਨੇੜੀ ਕੋਲ ਨਵੇਂ ਬਣ ਰਹੇ ਦਿੱਲੀ-ਕੱਟੜਾ ਐਕਸਪ੍ਰੈਸ-ਵੇ ਨਜਦੀਕ ਇਕ ਸਵਿਫਟ ਕਾਰ ਵੱਲੋਂ ਪੈਦਲ ਜਾ ਰਹੇ ਦੋ ਵਿਅਕਤੀਆਂ ਨੂੰ ਪਿੱਛੋਂ ਟੱਕਰ ਮਾਰ ਦੇਣ ਕਾਰਨ ਦੋਵੇਂ ਵਿਅਕਤੀਆਂ ਦੀ ਦਰਦਨਾਕ ਮੌਤ ਹੋ ਗਈ। ਇਸ ਹਾਦਸੇ ਦੇ ਵਿੱਚ ਕਾਰ ਚਾਲਕ ਵੀ ਜ਼ਖਮੀ ਹੋ ਗਿਆ।
Publish Date: Wed, 24 Dec 2025 06:08 PM (IST)
Updated Date: Wed, 24 Dec 2025 06:12 PM (IST)
ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ, ਭਵਾਨੀਗੜ੍ਹ : ਸਬ ਡਵੀਜ਼ਨ ਭਵਾਨੀਗੜ੍ਹ ਦੇ ਨੇੜਲੇ ਪਿੰਡ ਝਨੇੜੀ ਕੋਲ ਨਵੇਂ ਬਣ ਰਹੇ ਦਿੱਲੀ-ਕੱਟੜਾ ਐਕਸਪ੍ਰੈਸ-ਵੇ ਨਜਦੀਕ ਇਕ ਸਵਿਫਟ ਕਾਰ ਵੱਲੋਂ ਪੈਦਲ ਜਾ ਰਹੇ ਦੋ ਵਿਅਕਤੀਆਂ ਨੂੰ ਪਿੱਛੋਂ ਟੱਕਰ ਮਾਰ ਦੇਣ ਕਾਰਨ ਦੋਵੇਂ ਵਿਅਕਤੀਆਂ ਦੀ ਦਰਦਨਾਕ ਮੌਤ ਹੋ ਗਈ। ਇਸ ਹਾਦਸੇ ਦੇ ਵਿੱਚ ਕਾਰ ਚਾਲਕ ਵੀ ਜ਼ਖ਼ਮੀ ਹੋ ਗਿਆ।
ਪੁਲਿਸ ਚੌਕੀ ਘਰਾਚੋਂ ਦੇ ਸਹਾਇਕ ਸਬ ਇੰਸਪੈਕਟਰ ਜੈਬਰਾ ਨੰਦ ਨੇ ਦੱਸਿਆ ਕਿ ਮਹਿੰਦਰ ਕਾਟਲ 53 ਸਾਲ ਪੁੱਤਰ ਬਲਵਿੰਦਰ ਸਿੰਘ ਵਾਸੀ ਕਪਿਲ ਕਾਲੋਨੀ ਭਵਾਨੀਗੜ੍ਹ ਅਤੇ ਹਰਦਿਆਲ ਸਿੰਘ ਪੁੱਤਰ ਅਮਿਤ ਸਿੰਘ ਵਾਸੀ ਦੀਪ ਕਲੋਨੀ ਭਵਾਨੀਗੜ੍ਹ ਕਿਸੇ ਕੰਮ ਲਈ ਪਿੰਡ ਝਨੇੜੀ ਨੇੜੇ ਸਥਿਤ ਇੱਕ ਪੋਲਟਰੀ ਫਾਰਮ ਵਿੱਚ ਗਏ ਸਨ ਤਾਂ ਜਦੋਂ ਇਹ ਦੋਵੇਂ ਉਥੋਂ ਵਾਪਸ ਭਵਾਨੀਗੜ੍ਹ ਨੂੰ ਪੈਦਲ ਪਰਤ ਰਹੇ ਸਨ ਤਾਂ ਭਵਾਨੀਗੜ੍ਹ ਤੋਂ ਸੁਨਾਮ ਨੂੰ ਜਾਂਦੀ ਮੁੱਖ ਸੜਕ ਉੱਪਰ ਪਿੰਡ ਝਨੇੜੀ ਨੇੜੇ ਦਿੱਲੀ-ਕਟੜਾ ਐਕਸਪ੍ਰੈਸ-ਵੇ ਨੇੜੇ ਪਹੁੰਚੇ ਤਾਂ ਇੱਥੇ ਪਿੱਛੋਂ ਸੁਨਾਮ ਸਾਈਡ ਤੋਂ ਆਉਂਦੀ ਇੱਕ ਤੇਜ਼ ਰਫਤਾਰ ਕਾਰ ਨੇ ਇਹਨਾਂ ਦੋਵਾਂ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ।
ਇਸ ਹਾਦਸੇ ਦੇ ਵਿੱਚ ਮਹਿੰਦਰ ਕਾਟਲ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦੋਂ ਕਿ ਗੰਭੀਰ ਜ਼ਖ਼ਮੀ ਹੋਏ ਦੂਸਰੇ ਵਿਅਕਤੀ ਹਰਦਿਆਲ ਸਿੰਘ ਵਾਸੀ ਭਵਾਨੀਗੜ੍ਹ ਅਤੇ ਕਾਰ ਚਾਲਕ ਭੁਪਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਬੋੜਾਂ ਗੇਟ ਨਾਭਾ ਜਿੰਨ੍ਹਾਂ ਨੂੰ ਮੌਕੇ ਤੇ ਮੌਜੂਦ ਰਾਹਗੀਰਾਂ ਵਲੋਂ ਕਿਸੇ ਹੋਰ ਵਾਹਨ ਰਾਹੀ ਇਲਾਜ ਲਈ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਖੇ ਲਿਜਾਇਆ ਗਿਆ। ਜਿੱਥੇ ਇਲਾਜ ਦੌਰਾਨ ਹਰਦਿਆਲ ਸਿੰਘ ਦੀ ਵੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਹਾਦਸਾਗ੍ਰਸਤ ਕਾਰ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਕਾਰ ਚਾਲਕ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ।