ਉੱਪਰ ਲਟਕਦੀਆਂ ਬਿਜਲੀ ਤਾਰਾਂ ਕਾਰਨ ਅਕਸਰ ਕਿਸਾਨਾਂ ਦੀਆਂ ਫਸਲਾਂ ਨੂੰ ਅੱਗ ਲੱਗਣ ਦੇ ਮਾਮਲੇ ਸਾਹਮਣੇ ਆਉਂਦੇ ਹਨ ਅਤੇ ਕਈ ਵਾਰ ਟਰੈਕਟਰਾਂ, ਕੰਬਾਈਨਾਂ ਅਤੇ ਹੋਰ ਵਾਹਨਾਂ ਦੇ ਤਾਰਾਂ ਨਾਲ ਟਕਰਾਉਣ ਕਾਰਨ ਜਾਨਲੇਵਾ ਹਾਦਸੇ ਵੀ ਵਾਪਰਦੇ ਹਨ। ਮੀਂਹ ਅਤੇ ਤੇਜ਼ ਹਵਾਵਾਂ ਦੌਰਾਨ ਵੀ ਬਿਜਲੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ। ਅੰਡਰਗ੍ਰਾਊਂਡ ਵਾਇਰਿੰਗ ਨਾਲ ਇਨ੍ਹਾਂ ਸਮੱਸਿਆਵਾਂ ਤੋਂ ਵੱਡੀ ਰਾਹਤ ਮਿਲੇਗੀ।

ਗੁਰਵਿੰਦਰ ਸਿੰਘ ਚਹਿਲ, ਪੰਜਾਬੀ ਜਾਗਰਣ, ਚੀਮਾ ਮੰਡੀ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੇ ਜੱਦੀ ਪਿੰਡ ਸਤੌਜ ਤੋਂ ਜ਼ਮੀਨਦੋਜ਼ ਬਿਜਲੀ ਤਾਰ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ। ਇਸ ਯੋਜਨਾ ਤਹਿਤ ਪਿੰਡ ’ਚੋਂ ਬਿਜਲੀ ਦੇ ਖੰਭੇ ਅਤੇ ਉੱਪਰ ਲਟਕਦੀਆਂ ਤਾਰਾਂ ਹਟਾ ਕੇ ਸਾਰੀ ਬਿਜਲੀ ਸਪਲਾਈ ਜਮੀਨ ਹੇਠਾਂ ਦਿੱਤੀ ਜਾਵੇਗੀ, ਜਿਸ ਨਾਲ ਕਿਸਾਨਾਂ ਅਤੇ ਪਿੰਡ ਵਾਸੀਆਂ ਨੂੰ ਵੱਡੀ ਰਾਹਤ ਮਿਲੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਪਾਇਲਟ ਪ੍ਰੋਜੈਕਟ ਤਹਿਤ ਪਿੰਡ ਸਤੌਜ ’ਚ ਲਗਭਗ 8 ਕਰੋੜ ਰੁਪਏ ਦੀ ਲਾਗਤ ਨਾਲ 384 ਬਿਜਲੀ ਦੇ ਖੰਭੇ ਹਟਾਏ ਜਾਣਗੇ ਅਤੇ 41 ਕਿਲੋਮੀਟਰ ਲੰਬਾ ਅੰਡਰਗ੍ਰਾਊਂਡ ਨੈੱਟਵਰਕ ਵਿਛਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਦੇਸ਼ ਦਾ ਪਹਿਲਾ ਅਜਿਹਾ ਪ੍ਰੋਜੈਕਟ ਹੈ ਜੋ ਪੰਜਾਬ ਨੂੰ ਪੂਰੇ ਦੇਸ਼ ਲਈ ਇਕ ਮਾਡਲ ਰਾਜ ਵਜੋਂ ਸਥਾਪਿਤ ਕਰੇਗਾ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਤਹਿਤ 7 ਕਿਲੋਮੀਟਰ ਹਾਈਟੈਂਸ਼ਨ ਲਾਈਨਾਂ, 9.5 ਕਿਲੋਮੀਟਰ ਲੋਟੈਂਸ਼ਨ ਲਾਈਨਾਂ ਅਤੇ 800 ਘਰਾਂ ਤੱਕ ਜਾਣ ਵਾਲੀਆਂ ਸਰਵਿਸ ਕੇਬਲਾਂ ਨੂੰ ਜ਼ਮੀਨ ਹੇਠਾਂ ਪਾਇਆ ਜਾਵੇਗਾ। ਪਿੰਡ ਨਾਲ ਜੁੜੇ 66 ਕੇਵੀ ਗਰਿੱਡ ਤੋਂ ਤਿੰਨ 11 ਕੇਵੀ ਫੀਡਰਾਂ ਰਾਹੀਂ 28 ਟਰਾਂਸਫਾਰਮਰਾਂ ਤੱਕ ਜਾਣ ਵਾਲੀਆਂ ਸਾਰੀਆਂ ਲਾਈਨਾਂ ਨੂੰ ਵੀ ਅੰਡਰਗ੍ਰਾਊਂਡ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਇਸ ਪ੍ਰੋਜੈਕਟ ਦੀ ਖਾਸ ਗੱਲ ਇਹ ਹੈ ਕਿ ਸੜਕਾਂ ਨੂੰ ਪੁੱਟਣ ਦੀ ਲੋੜ ਨਹੀਂ ਪਵੇਗੀ ਕਿਉਂਕਿ ਟ੍ਰੈਂਚਲੈੱਸ ਡ੍ਰਿਲਿੰਗ ਮਸ਼ੀਨਾਂ ਰਾਹੀਂ ਤਿੰਨ ਫੁੱਟ ਹੇਠਾਂ ਪਾਈਪਾਂ ਪਾਈਆਂ ਜਾਣਗੀਆਂ। ਇਸ ਨਾਲ ਪਿੰਡਾਂ ਦੀਆਂ ਸੜਕਾਂ ਅਤੇ ਆਵਾਜਾਈ ਪ੍ਰਭਾਵਿਤ ਨਹੀਂ ਹੋਵੇਗੀ।
ਉਨ੍ਹਾਂ ਕਿਹਾ ਕਿ ਉੱਪਰ ਲਟਕਦੀਆਂ ਬਿਜਲੀ ਤਾਰਾਂ ਕਾਰਨ ਅਕਸਰ ਕਿਸਾਨਾਂ ਦੀਆਂ ਫਸਲਾਂ ਨੂੰ ਅੱਗ ਲੱਗਣ ਦੇ ਮਾਮਲੇ ਸਾਹਮਣੇ ਆਉਂਦੇ ਹਨ ਅਤੇ ਕਈ ਵਾਰ ਟਰੈਕਟਰਾਂ, ਕੰਬਾਈਨਾਂ ਅਤੇ ਹੋਰ ਵਾਹਨਾਂ ਦੇ ਤਾਰਾਂ ਨਾਲ ਟਕਰਾਉਣ ਕਾਰਨ ਜਾਨਲੇਵਾ ਹਾਦਸੇ ਵੀ ਵਾਪਰਦੇ ਹਨ। ਮੀਂਹ ਅਤੇ ਤੇਜ਼ ਹਵਾਵਾਂ ਦੌਰਾਨ ਵੀ ਬਿਜਲੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ। ਅੰਡਰਗ੍ਰਾਊਂਡ ਵਾਇਰਿੰਗ ਨਾਲ ਇਨ੍ਹਾਂ ਸਮੱਸਿਆਵਾਂ ਤੋਂ ਵੱਡੀ ਰਾਹਤ ਮਿਲੇਗੀ। ਮੁੱਖ ਮੰਤਰੀ ਨੇ ਭਾਵੁਕ ਹੋ ਕੇ ਕਿਹਾ ਕਿ ਪਿੰਡ ਦੇ ਤਿੰਨ ਨੌਜਵਾਨਾਂ ਦੀ ਬਿਜਲੀ ਕਰੰਟ ਕਾਰਨ ਮੌਤ ਹੋ ਚੁੱਕੀ ਹੈ ਅਤੇ ਇਹ ਪ੍ਰੋਜੈਕਟ ਉਨ੍ਹਾਂ ਲਈ ਸੱਚੀ ਸ਼ਰਧਾਂਜਲੀ ਹੈ ਤਾਂ ਜੋ ਭਵਿੱਖ ਵਿੱਚ ਇਸ ਤਰ੍ਹਾਂ ਦੀਆਂ ਦੁਖਦਾਈ ਘਟਨਾਵਾਂ ਨਾ ਵਾਪਰਨ। ਮੁੱਖ ਮੰਤਰੀ ਨੇ ਕਿਹਾ ਕਿ ‘ਸਤੌਜ ਮਾਡਲ’ ਪੂਰੇ ਦੇਸ਼ ਲਈ ਮਿਸਾਲ ਬਣੇਗਾ ਅਤੇ ਪੰਜਾਬ ਸਰਕਾਰ ਵੱਲੋਂ “ਰੋਸ਼ਨ ਪੰਜਾਬ” ਦੇ ਸੁਪਨੇ ਨੂੰ ਸਾਕਾਰ ਕਰਨ ਲਈ ਆਧੁਨਿਕ ਬੁਨਿਆਦੀ ਢਾਂਚੇ ਉੱਤੇ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੰਡਰਗ੍ਰਾਊਂਡ ਬਿਜਲੀ ਸਪਲਾਈ ਨਾਲ ਪਿੰਡਾਂ ਦੀ ਸੁੰਦਰਤਾ ਵੀ ਵਧੇਗੀ ਅਤੇ ਬਿਜਲੀ ਦੀ ਚੋਰੀ ਤੇ ਲਾਈਨ ਨੁਕਸਾਨ ਵੀ ਘਟੇਗਾ।
ਇਸ ਮੌਕੇ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਬਿਜਲੀ ਮੰਤਰੀ ਤਰੁਣਪ੍ਰੀਤ ਸਿੰਘ ਸੌਦ, ਪਿੰਡ ਦੇ ਸਰਪੰਚ ਹਰਬੰਸ ਸਿੰਘ ਹੈਪੀ ਸਤੌਜ, ਬਲਾਕ ਸੰਮਤੀ ਮੈਂਬਰ ਹਰਵਿੰਦਰ ਪਾਲ ਰਿਸ਼ੀ, ਨੰਬਰਦਾਰ ਗੁਰਜੀਤ ਸਿੰਘ, ਲੱਖੀ ਸਤੌਜ, ਜੱਸੀ ਸਤੌਜ, ਪੰਚ ਚਮਕੌਰ ਸਿੰਘ, ਦਾਰਾ ਸਿੰਘ ਸੂਬਾ ਸਿੰਘ, ਭੋਲਾ ਸਿੰਘ , ਕੁਲਵਿੰਦਰ ਸਿੰਘ ਮੌਜੂਦ ਸਨ