ਪੈਨਸ਼ਨ ਪੈਨਸ਼ਨਰਾਂ ਦਾ ਹੱਕ ਹੈ, ਭੀਖ ਨਹੀਂ : ਗੋਇਲ
ਪੈਨਸ਼ਨ ਪੈਨਸ਼ਨਰਾਂ ਦਾ ਹੱਕ ਹੈ, ਭੀਖ ਨਹੀਂ
Publish Date: Thu, 18 Dec 2025 04:16 PM (IST)
Updated Date: Thu, 18 Dec 2025 04:18 PM (IST)

ਲਹਿਰਾਗਾਗਾ : ਪੈਨਸ਼ਨਰਜ਼ ਦਿਵਸ ਮੌਕੇ ਸਮਾਗਮ ਵਿੱਚ ਜੁੜੇ ਪੈਨਸ਼ਨਰਾਂ ਨੇ ਕੇਂਦਰੀ ਤੇ ਸੂਬਾਈ ਸਰਕਾਰਾਂ ਵੱਲੋਂ ਸਮੇਂ-ਸਮੇਂ ’ਤੇ ਪੈਨਸ਼ਨਰਾਂ ਨੂੰ ਖ਼ਜ਼ਾਨੇ ’ਤੇ ਬੋਝ ਦੱਸਣ ਦਾ ਜਵਾਬ ਦਿੰਦਿਆਂ ਕਿਹਾ ਕਿ ਪੈਨਸ਼ਨ ਮਜ਼ਦੂਰਾਂ, ਮੁਲਾਜ਼ਮਾਂ ਦਾ ਬੁਨਿਆਦੀ ਹੱਕ ਹੈ, ਇਹ ਕੋਈ ਭੀਖ ਨਹੀਂ ਹੈ। ਸਮਾਗਮ ਨੂੰ ਸੰਬੋਧਨ ਕਰਦੇ ਹੋਏ ਸੇਵਾਮੁਕਤ ਅਧਿਆਪਕਾ ਤੇ ਨਗਰ ਕੌਂਸਲ ਪ੍ਰਧਾਨ ਕਾਂਤਾ ਗੋਇਲ, ਲੀਲ੍ਹਾ ਦੇਵੀ, ਰਤਨਪਾਲ ਡੂਡੀਆਂ, ਜਗਦੀਸ਼ ਪਾਪੜਾ, ਡਾ. ਬਿਹਾਰੀ ਮੰਡੇਰ, ਰਘਬੀਰ ਭੁਟਾਲ ਨੇ ਕਿਹਾ ਕਿ ਦੁਨੀਆ ਭਰ ਵਿਚਕਾਰ ਪਿਛਲੀ ਸਦੀ ਵਿੱਚ ਮਜ਼ਦੂਰਾਂ ਤੇ ਮੁਲਾਜ਼ਮਾਂ ਦੇ ਲੰਮੇ ਸੰਘਰਸ਼ਾਂ ਤੋਂ ਬਾਅਦ ਮਜ਼ਦੂਰਾਂ ਤੇ ਮੁਲਾਜ਼ਮਾਂ ਨੇ ਪੈਨਸ਼ਨ ਸਮੇਤ ਹੋਰ ਹੱਕ ਪ੍ਰਾਪਤ ਕੀਤੇ ਹਨ। ਇਨ੍ਹਾਂ ਹੱਕਾਂ ਨੂੰ ਖੋਹਣ ਲਈ ਸਰਕਾਰਾਂ ਜਿੱਥੇ ਲੇਬਰ ਲਾਅ ਖਤਮ ਕਰ ਰਹੀਆਂ ਹਨ, ਉੱਥੇ ਪੈਨਸ਼ਨ ਦਾ ਹੱਕ ਖੋਹਣ ਲਈ ਪੈਨਸ਼ਨਰਾਂ ਨੂੰ ਸਰਕਾਰੀ ਖ਼ਜ਼ਾਨੇ ’ਤੇ ਬੋਝ ਦੱਸ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਬੁਲਾਰਿਆਂ ਨੇ ਸਮੂਹ ਪੈਨਸ਼ਨਰਾਂ ਨੂੰ ਪੈਨਸ਼ਨਰਜ਼ ਦਿਵਸ ਦੀ ਮੁਬਾਰਕਵਾਦ ਦਿੰਦੇ ਹੋਏ ਤੰਦਰੁਸਤ ਜ਼ਿੰਦਗੀ ਦੀ ਕਾਮਨਾ ਕੀਤੀ ਅਤੇ ਲੋਕਲ ਪ੍ਰਸ਼ਾਸਨ ਅਤੇ ਸਰਕਾਰ ਨੂੰ ਸ਼ਹਿਰ ਦੀ ਵਿਗੜੀ ਪਾਣੀ ਦੀ ਵਿਵਸਥਾ, ਸਾਫ਼-ਸਫ਼ਾਈ ਅਤੇ ਸੜਕਾਂ ਦੀ ਬੇਹੱਦ ਮਾੜੀ ਹਾਲਤ ਨੂੰ ਠੀਕ ਕਰਨ ਦੀ ਅਪੀਲ ਕੀਤੀ। ਇਸ ਮੌਕੇ ਜਨਰਲ ਸਕੱਤਰ ਮਾਸਟਰ ਭਗਵਾਨ ਦਾਸ ਨੇ ਜਥੇਬੰਦੀ ਦੇ ਲੇਖੇ ਜੋਖੇ ਦੀ ਰਿਪੋਰਟ ਪੇਸ਼ ਕੀਤੀ ਜਿਸ ਨੂੰ ਸਰਬਸੰਮਤੀ ਨਾਲ ਹਾਜ਼ਰ ਪੈਨਸ਼ਨਰਾਂ ਨੇ ਪਾਸ ਕੀਤਾ। ਇਸ ਉਪਰੰਤ ਸਮਾਗਮ ਵਿੱਚ 65 ਸਾਲ ਦੀ ਉਮਰ ਪਾਰ ਕਰ ਚੁੱਕੇ ਪੰਜ ਪੈਨਸ਼ਨਰ ਸਾਥੀਆਂ ਵਿੱਚੋਂ ਲਛਮਣ ਅਲੀਸ਼ੇਰ, ਕਾਂਤਾ ਗੋਇਲ, ਮਾਸਟਰ ਗੱਜਣ ਸਿੰਘ, ਸੱਤਪਾਲ ਸ਼ਰਮਾ ਤੇ ਅਮਰੀਕ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ਦੇ ਅਖੀਰ ’ਤੇ ਐਸੋਸੀਏਸ਼ਨ ਦੇ ਪ੍ਰਧਾਨ ਜਰਨੈਲ ਸਿੰਘ ਨੇ ਸਭਨਾਂ ਪੈਨਸ਼ਨਰਾਂ ਦਾ ਧੰਨਵਾਦ ਕੀਤਾ।