ਐੱਸਕੇਐੱਮ ਦੇ ਸੱਦੇ ’ਤੇ ਡੇਢ ਦਰਜਨ ਪਿੰਡਾਂ ’ਚ ਕੱਢਿਆ ਮੋਟਰਸਾਈਕਲ ਮਾਰਚ
ਐਸਕੇਐਮ ਦੇ ਸੱਦੇ 'ਤੇ ਡੇਢ ਦਰਜ਼ਨ ਪਿੰਡਾਂ 'ਚ ਕੱਢਿਆ ਮੋਟਰਸਾਈਕਲ ਮਾਰਚ
Publish Date: Wed, 31 Dec 2025 05:25 PM (IST)
Updated Date: Wed, 31 Dec 2025 05:26 PM (IST)
- ਕੇਂਦਰ ਸਰਕਾਰ ਵੱਲੋਂ ਲਿਆਂਦੇ ਬਿਜਲੀ ਤੇ ਸੀਡ ਬਿੱਲਾਂ ਖ਼ਿਲਾਫ਼ ਚਲਾਈ ਜਾਗਰੂਕਤਾ ਮੁਹਿੰਮ
ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ
ਭਵਾਨੀਗੜ੍ਹ : ਬੁੱਧਵਾਰ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਬਲਾਕ ਭਵਾਨੀਗੜ੍ਹ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਕਿਸਾਨ, ਮਜ਼ਦੂਰ ਅਤੇ ਲੋਕ ਵਿਰੋਧੀ ਕਾਨੂੰਨਾਂ ਖ਼ਿਲਾਫ਼ ਬਲਾਕ ਦੇ ਡੇਢ ਦਰਜਨ ਪਿੰਡਾਂ ਵਿੱਚ ਮੋਟਰਸਾਈਕਲ ਮਾਰਚ ਕੱਢਿਆ ਗਿਆ। ਅਨਾਜ ਮੰਡੀ ਭਵਾਨੀਗੜ੍ਹ ਤੋਂ ਮਾਰਚ ਸ਼ੁਰੂ ਕਰਨ ਸਮੇਂ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਭਾਕਿਯੂ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਕਪਿਆਲ, ਭਾਕਿਯੂ ਏਕਤਾ ਉਗਰਾਹਾਂ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਚੋਂ, ਭਾਕਿਯੂ ਏਕਤਾ ਡਕੌਂਦਾ ਦੇ ਬਲਾਕ ਪ੍ਰਧਾਨ ਚਮਕੌਰ ਸਿੰਘ ਭੱਟੀਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਵੱਡੇ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਦੀ ਪੂਰਤੀ ਲਈ ਲਿਆਂਦੇ ਬਿਜਲੀ ਸੋਧ ਬਿੱਲ ਅਤੇ ਸੀਡ (ਬੀਜ) ਬਿੱਲ ਪਹਿਲਾਂ ਹੀ ਆਰਥਿਕ ਸੰਕਟ ਵਿੱਚ ਫਸੀ ਕਿਸਾਨੀ-ਮਜ਼ਦੂਰ ਅਤੇ ਆਮ ਲੋਕਾਂ ਨੂੰ ਬੁਰੀ ਤਰ੍ਹਾਂ ਝੰਜੋੜ ਕੇ ਰੱਖ ਦੇਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਕਾਨੂੰਨਾਂ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਕਿਸਾਨ ਆਗੂਆਂ ਨੇ ਮਨਰੇਗਾ ਕਾਨੂੰਨ ਨੂੰ ਖਤਮ ਕਰ ਕੇ ‘ਜੀ ਰਾਮ ਜੀ’ ਬਿੱਲ ਪਾਸ ਕਰਨ ਅਤੇ ਪੰਜਾਬ ਪੁਲਿਸ ਵੱਲੋਂ ਮਜ਼ਦੂਰ ਆਗੂ ਮੁਕੇਸ਼ ਮਲੌਦ ਨੂੰ ਗ੍ਰਿਫਤਾਰ ਕਰਨ ਦੀ ਨਿਖੇਧੀ ਕੀਤੀ। ਅੱਜ ਦਾ ਮੋਟਰਸਾਈਕਲ ਮਾਰਚ ਭਵਾਨੀਗੜ੍ਹ ਤੋਂ ਸ਼ੁਰੂ ਕਰ ਕੇ ਵੱਖ-ਵੱਖ ਪਿੰਡਾਂ ਵਿੱਚ ਹੁੰਦਾ ਹੋਇਆ ਪਿੰਡ ਘਰਾਚੋਂ ਵਿਖੇ ਜ਼ੋਰਦਾਰ ਨਾਅਰਿਆਂ ਨਾਲ ਸਮਾਪਤ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਜਥੇਬੰਦੀਆਂ ਦੇ ਆਗੂ ਕੁਲਵਿੰਦਰ ਸਿੰਘ ਮਾਝਾ ਬਲਾਕ ਪ੍ਰਧਾਨ, ਹਰਜਿੰਦਰ ਸਿੰਘ ਘਰਾਚੋਂ, ਜਸਬੀਰ ਸਿੰਘ ਗੱਗੜਪੁਰ, ਬੁੱਧ ਸਿੰਘ ਬਾਲਦ ਖੁਰਦ, ਸਤਵਿੰਦਰ ਸਿੰਘ ਘਰਾਚੋਂ, ਰਘਵੀਰ ਸਿੰਘ ਘਰਾਚੋਂ, ਗੁਰਚੇਤ ਸਿੰਘ ਭੱਟੀਵਾਲ, ਕਸ਼ਮੀਰ ਸਿੰਘ ਆਲੋਅਰਖ, ਕਸ਼ਮੀਰ ਸਿੰਘ ਘਰਾਚੋਂ, ਜਗਦੇਵ ਸਿੰਘ ਘਰਾਚੋਂ, ਜਗਤਾਰ ਸਿੰਘ ਤੂਰ, ਜਰਨੈਲ ਸਿੰਘ ਘਰਾਚੋਂ ਆਦਿ ਸ਼ਾਮਲ ਸਨ।