ਪੰਜਾਬ ਆ ਰਹੇ PM ਮੋਦੀ ਨੂੰ ਵਿੱਤ ਮੰਤਰੀ ਚੀਮਾ ਦੀ ਦੋ-ਟੁੱਕ : ਸਿਰਫ਼ ਗੇੜਾ ਹੀ ਨਾ ਮਾਰੋ, ਪੰਜਾਬ ਦਾ ਬਕਾਇਆ ਵੀ ਦੇ ਕੇ ਜਾਓ
ਜੇਕਰ ਉਹ ਅੱਜ ਆਪਣੀ ਪੰਜਾਬ ਫੇਰੀ ਦੌਰਾਨ ਪੰਜਾਬ ਦਾ ਬਕਾਇਆ ਆਰਡੀਐਫ ਦਾ ਸਾਰਾ ਪੈਸਾ ਜਾਰੀ ਕਰਕੇ ਜਾਣਗੇ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਦੇਸ਼ ਦੇ ਪ੍ਰਧਾਨ ਮੰਤਰੀ ਦਾ ਪੰਜਾਬ ਆਉਣ ਤੇ ਨਿੱਘਾ ਸਵਾਗਤ ਕਰਦੀ ਹੈ ਅਤੇ ਨਾਲ ਹੀ ਮੰਗ ਕਰਦੀ ਹੈ
Publish Date: Sat, 31 Jan 2026 04:23 PM (IST)
Updated Date: Sat, 31 Jan 2026 04:30 PM (IST)
ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ : ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੇ ਅੱਜ ਪੰਜਾਬ ਦੌਰੇ ਨੂੰ ਲੈ ਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦਿੜ੍ਹਬਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਦਾ ਪੰਜਾਬ ਦੌਰਾ ਫਿਰ ਹੀ ਸਾਰਥਿਕ ਮੰਨਿਆ ਜਾਵੇਗਾ ਜੇਕਰ ਉਹ ਅੱਜ ਆਪਣੀ ਪੰਜਾਬ ਫੇਰੀ ਦੌਰਾਨ ਪੰਜਾਬ ਦਾ ਬਕਾਇਆ ਆਰਡੀਐਫ ਦਾ ਸਾਰਾ ਪੈਸਾ ਜਾਰੀ ਕਰਕੇ ਜਾਣਗੇ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਦੇਸ਼ ਦੇ ਪ੍ਰਧਾਨ ਮੰਤਰੀ ਦਾ ਪੰਜਾਬ ਆਉਣ ਤੇ ਨਿੱਘਾ ਸਵਾਗਤ ਕਰਦੀ ਹੈ ਅਤੇ ਨਾਲ ਹੀ ਮੰਗ ਕਰਦੀ ਹੈ ਕਿ ਹੁਣ ਤੱਕ ਦਾ ਪੰਜਾਬ ਦਾ ਆਰਡੀਐਫ ਦਾ ਜੋ ਵੀ ਬਕਾਇਆ ਕੇਂਦਰ ਸਰਕਾਰ ਦੇ ਕੋਲ ਜਮ੍ਹਾਂ ਹੈ ਉਸ ਨੂੰ ਜਲਦੀ ਜਾਰੀ ਕਰਨ ਦਾ ਹੁਕਮ ਜਾਰੀ ਕਰੇ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਵੱਲੋਂ ਪੰਜਾਬ ਵਿੱਚ ਹੜ ਪੀੜਤਾਂ ਦੀ ਮਦਦ ਲਈ 1600 ਕਰੋੜ ਦਾ ਐਲਾਨ ਕੀਤਾ ਸੀ ਜੋ ਕਿ ਅਜੇ ਤੱਕ ਪੰਜਾਬ ਨੂੰ ਨਹੀਂ ਮਿਲਿਆ। ਉਨ੍ਹਾਂ ਪ੍ਰਧਾਨ ਮੰਤਰੀ ਤੋਂ ਮੰਗ ਕੀਤੀ ਕਿ ਇਹ ਐਲਾਨ ਕੀਤੀ ਰਾਸ਼ੀ ਵੀ ਉਹ ਪੰਜਾਬ ਨੂੰ ਦੇ ਕੇ ਜਾਣ।
ਚੀਮਾ ਨੇ ਅੱਗੇ ਕਿਹਾ ਕਿ ਮਨਰੇਗਾ ਸਕੀਮ ਨੂੰ ਬੰਦ ਕਰਕੇ ਨਵੇਂ ਬਣਾਏ ਗਏ ਕਾਨੂੰਨ ਵਿਕਸਿਤ ਭਾਰਤ ਜੀ ਰਾਮ ਜੀ ਰਾਮ ਨਾਲ ਦੇਸ਼ ਦੇ ਮਜ਼ਦੂਰਾਂ ਦਾ ਬਹੁਤ ਨੁਕਸਾਨ ਹੋ ਰਿਹਾ ਹੈ ਇਸ ਕਾਨੂੰਨ ਨੂੰ ਬਦਲ ਕੇ ਫਿਰ ਮਨਰੇਗਾ ਕਾਨੂੰਨ ਵਾਲੀਆਂ ਸ਼ਰਤਾਂ ਲਾਗੂ ਕਰਕੇ ਮਜ਼ਦੂਰਾਂ ਨੂੰ ਗਰੰਟੀ ਸੁਦਾ ਕੰਮ ਦਿੱਤਾ ਜਾਵੇ ਤਾਂ ਜੋ ਗਰੀਬੀ ਵਿੱਚ ਬੈਠੇ ਲੋਕ ਆਪਣਾ ਗੁਜ਼ਾਰਾ ਕਰ ਸਕਣ ਅਤੇ ਉਹਨਾਂ ਦੇ ਚੁੱਲੇ ਦੀ ਅੱਗ ਹਮੇਸ਼ਾ ਬਲਦੀ ਰਹੇ।