ਨਹਿਰੀ ਪਾਣੀ ਦੀ ਕਟੌਤੀ ਨੂੰ ਲੈ ਕੇ ਕਿਸਾਨਾਂ ਵੱਲੋਂ ਰੋਸ ਪ੍ਰਗਟ
ਨਹਿਰੀ ਪਾਣੀ ਦੀ ਕਟੌਤੀ ਨੂੰ ਲੈ ਕੇ ਕਿਸਾਨਾਂ ਵੱਲੋਂ ਰੋਸ ਪ੍ਰਗਟ
Publish Date: Wed, 31 Dec 2025 05:09 PM (IST)
Updated Date: Wed, 31 Dec 2025 05:11 PM (IST)

ਲਹਿਰਾਗਾਗਾ : ਨਹਿਰੀ ਪਾਣੀ ਦੀ ਕਟੌਤੀ ਨੂੰ ਲੈ ਕੇ ਕਿਸਾਨਾਂ ਨੇ ਸੰਗਤਪੁਰਾ ਨਹਿਰ ਤੇ ਰੋਸ ਧਰਨਾ ਲਾਉਂਦਿਆਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਡਕੌਦਾ ਦੇ ਸੂਬਾਈ ਅਹੁਦੇਦਾਰ ਕੁਲਵੰਤ ਸਿੰਘ ਕਿਸ਼ਨਗੜ੍ਹ ਨੇ ਦੱਸਿਆ ਕਿ ਸਾਡੇ ਖੇਤਰ ਨੂੰ ਵੱਖ-ਵੱਖ ਬ੍ਰਾਂਚਾਂ ਰਾਹੀਂ ਸੁਨਾਮ ਰਜਵਾਹੇ ਤੋਂ ਮਿਲਣ ਵਾਲੇ ਪਾਣੀ ਵਿੱਚ ਪਿੰਡ ਸੰਗਤਪੁਰਾ ਵਿਖੇ ਨਹਿਰ ਵਿੱਚ ਠੱਲ ਲਾ ਕੇ ਪਾਣੀ ਨੂੰ ਘਟਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਭਾਵੇਂ ਲੋਕਾਂ ਵੱਲੋਂ ਪਿਛਲੇ ਕਈ ਦਿਨਾਂ ਤੋਂ ਕੀਤੇ ਜਾ ਰਹੇ ਸੰਘਰਸ਼ ਸਦਕਾ ਕੁਝ ਹੱਦ ਤਕ ਠੱਲ ਨੂੰ ਖਤਮ ਕੀਤਾ ਗਿਆ ਹੈ, ਪਰ ਜਦੋਂ ਤਕ ਨਹਿਰ ਨੂੰ ਪੁਰਾਣੀ ਸਥਿਤੀ ਵਿੱਚ ਨਹੀਂ ਬਹਾਲ ਕੀਤਾ ਜਾਂਦਾ, ਉਸ ਸਮੇਂ ਤਕ ਸਾਡੇ ਵੱਲੋਂ ਸੰਘਰਸ਼ ਜਾਰੀ ਰਹੇਗਾ। ਆਗੂਆਂ ਨੇ ਦੱਸਿਆ ਕਿ ਸੰਗਤਪੁਰੇ ਤੋਂ ਅੱਗੇ ਬਰੇਟਾ ਖੇਤਰ ਦੇ ਪਿੰਡਾਂ ਦੇ ਨਾਲ-ਨਾਲ ਲਹਿਰਾਗਾਗਾ ਦੇ ਪਿੰਡ ਗਦੜਿਆਣੀ, ਸੰਗਤਪੁਰਾ, ਲਦਾਲ ਆਦਿ ਨੂੰ ਵੀ ਨਹਿਰੀ ਪਾਣੀ ਦੀ ਸਪਲਾਈ ਘੱਟ ਮਿਲੇਗੀ। ਉਨ੍ਹਾਂ ਕਿਹਾ ਕਿ ਪ੍ਰਭਾਵਿਤ ਹੋਣ ਵਾਲੇ ਪਿੰਡਾਂ ਦੀ ਸਾਂਝੀ ਸੰਘਰਸ਼ ਕਮੇਟੀ ਬਣਾਈ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਬ੍ਰਾਂਚਾਂ ਰਾਹੀਂ ਨਹਿਰੀ ਪਾਣੀ ਦੇਣ ਵਾਲੇ ਇਸ ਰਜਵਾਹੇ ਦੀ ਹਾਲਤ ਬੇਹੱਦ ਖਸਤਾ ਹੈ। ਕਿਸਾਨ ਆਗੂ ਬੁੱਧ ਸਿੰਘ ਬਹਾਦਰਪੁਰ ਅਤੇ ਕਰਮਜੀਤ ਸਿੰਘ ਨੇ ਦੱਸਿਆ ਕਿ ਲੰਮੇ ਸਮੇਂ ਤੋਂ ਰਜਵਾਹੇ ’ਚ ਪਾਣੀ ਬੰਦ ਕੀਤਾ ਹੋਇਆ ਹੈ। ਜਦੋਂ ਕੇ ਰਜਵਾਹੇ ’ਚ ਚਲਾਏ ਜਾ ਰਹੇ ਨਿਰਮਾਨ ਕਾਰਜ ਨਾਲ ਉਹਨਾਂ ਦਾ ਨੁਕਸਾਨ ਹੋ ਰਿਹਾ ਹੈ। ਉਹਨਾਂ ਇਹ ਵੀ ਕਿਹਾ ਕਿ ਇਸ ਖੇਤਰ ਦੇ ਸਾਰੇ ਵਾਟਰ ਵਰਕਸ ਇਸ ਰਜਵਾਹੇ ਤੇ ਨਿਰਭਰ ਹਨ ਅਤੇ ਹੁਣ ਨਹਿਰੀ ਪਾਣੀ ਤੋਂ ਵਾਂਝੇ ਚੱਲ ਰਹੇ ਹਨ। ਜਿਸ ਕਾਰਨ ਲੋਕਾਂ ਨੂੰ ਧਰਤੀ ਹੇਠਲਾ ਮਾੜਾ ਪਾਣੀ ਪੀਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਸ ਸਮੇਂ ਗੁਰਮੀਤ ਸਿੰਘ, ਅਮਰਜੀਤ ਸਿੰਘ, ਸੁਖਵਿੰਦਰ ਸਿੰਘ, ਲੀਲਾ ਸਿੰਘ, ਜਗਤਾਰ ਸਿੰਘ, ਬਲਦੇਵ ਸਿੰਘ ਆਦਿ ਮੌਜੂਦ ਸਨ।