ਸੰਦੀਪ ਸਿੰਗਲਾ, ਧੂਰੀ: ਖੇਤੀ ਵਿਰੋਧੀ ਕਾਨੂੰਨਾਂ ਖਿਲਾਫ ਕਿਸਾਨ ਜਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਦੌਰਾਨ ਅੱਜ ਕਾਂਗਰਸ ਦੇ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ ਨੂੰ ਕਿਸਾਨਾਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ। ਮੁਹੰਮਦ ਸਦੀਕ ਅੱਜ ਦੁਪਹਿਰ ਕਰੀਬ 12.30 ਵਜੇ ਇਕ ਭੋਗ ਸਮਾਗਮ 'ਚ ਸ਼ਾਮਲ ਹੋਣ ਲਈ ਸੰਗਰੂਰ ਜਾ ਰਹੇ ਸੀ ਤਾਂ ਪਿੰਡ ਬੇਨੜਾ ਨੇੜੇ ਕਿਸਾਨ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੀਆਂ ਸੰਘਰਸ਼ਸ਼ੀਲ ਜਥੇਬੰਦੀਆਂ ਦੇ ਆਗੂਆਂ ਨੇ ਉਨ੍ਹਾਂ ਦਾ ਗੱਡੀ ਦਾ ਘਿਰਾਓ ਕਰਦਿਆਂ ਉਨ੍ਹਾਂ ਤੋਂ ਸਵਾਲ ਪੁੱਛਦਿਆਂ ਰੋਸ ਜਾਹਿਰ ਕੀਤਾ ਕਿ ਕਾਂਗਰਸੀ ਐਮ.ਪੀ ਤੇ ਵਿਧਾਇਕ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਧਰਨਿਆਂ ਦੌਰਾਨ ਸ਼ਹਾਦਤ ਹਾਸਲ ਕਰਨ ਵਾਲੇ ਸ਼ਹੀਦਾਂ ਦੇ ਪਰਿਵਾਰਾਂ ਨਾਲ ਹਮਦਰਦੀ ਨਹੀਂ ਪ੍ਰਗਟਾਈ ਜਾ ਰਹੀ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮੁਹੰਮਦ ਸਦੀਕ ਨੇ ਕਿਸਾਨੀ ਸੰਘਰਸ਼ ਨੂੰ ਜਾਇਜ ਠਹਿਰਾਉਂਦਿਆਂ ਕਿਹਾ ਕਿ ਉਹ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਹਨ, ਵਿਧਾਇਕ ਨਹੀਂ ਹਨ ਪ੍ਰੰਤੂ ਮੈਨੂੰ ਪੂਰਾ ਯਕੀਨ ਹੈ ਕਿ ਪੰਜਾਬ ਸਰਕਾਰ ਵੱਲੋਂ ਸੱਦੇ ਗਏ ਸੈਸ਼ਨ ਦੌਰਾਨ ਇਸ ਮਾਮਲੇ ਦਾ ਹੱਲ ਕੱਢਿਆ ਜਾਵੇਗਾ ਅਤੇ ਕਿਸਾਨਾਂ ਨਾਲ ਕਿਸੇ ਵੀ ਕਿਸਮ ਦੀ ਧੱਕੇਸ਼ਾਹੀ ਨਹੀਂ ਹੋਣ ਦਿੱਤੀ ਜਾਵੇਗੀ। ਉਨ੍ਹਾਂ ਕਿਸਾਨਾਂ ਨਾਲ ਕੇਂਦਰ ਦੀ ਮੀਟਿੰਗ ਸੰਬੰਧੀ ਪੁੱਛੇ ਸਵਾਲ ਦੇ ਜਵਾਬ 'ਚ ਕਿਹਾ ਕਿ ਕਿਸਾਨਾਂ ਨਾਲ ਕੇਂਦਰ ਵੱਲੋਂ ਕੀਤੀ ਜਾਣ ਵਾਲੀ ਮੀਟਿੰਗ 'ਚ ਪ੍ਰਧਾਨ ਮੰਤਰੀ ਜਾਂ ਖੇਤੀਬਾੜੀ ਮੰਤਰੀ ਦਾ ਸ਼ਾਮਲ ਨਾ ਹੋਣਾ ਕਿਸਾਨਾਂ ਨਾਲ ਕੋਝਾ ਮਜਾਕ ਹੈ। ਇਸ ਦੌਰਾਨ ਮੌਕੇ 'ਤੇ ਪੁੱਜੇ ਥਾਣਾ ਸਦਰ ਧੂਰੀ ਦੇ ਐਸ.ਐਚ.ਓ ਦੀਪਇੰਦਰ ਸਿੰਘ ਵੱਲੋਂ ਸੁਝ-ਬੁਝ ਦਿਖਾਉਂਦਿਆਂ ਮੈਂਬਰ ਪਾਰਲੀਮੈਂਟ ਨੂੰ ਕਿਸਾਨਾਂ ਦੇ ਇਕੱਠ 'ਚੋਂ ਕੱਢ ਕੇ ਆਪਣੀ ਗੱਡੀ ਵਿਚ ਲਿਜਾ ਕੇ ਕੱਢਿਆ ਗਿਆ।

Posted By: Jagjit Singh