ਕਿਸਾਨਾਂ ਦੀ ਪੁਲਿਸ ਨਾਲ ਹੋਈ ਜ਼ਬਰਦਸਤ ਤਕਰਾਰ, ਮੁੱਖ ਮੰਤਰੀ ਨੂੰ ਸਵਾਲ ਪੁੱਛਣ ਜਾਂਦੇ ਕਿਸਾਨਾਂ ਨੂੰ ਪੁਲਿਸ ਨੇ ਧੂਹਿਆ
ਵਰਕਰਾਂ ਦਾ ਕਾਫਲਾ ਜ਼ਿਲ੍ਹਾ ਜਨਰਲ ਸਕੱਤਰ ਰਣ ਸਿੰਘ ਚੱਠਾ ਦੀ ਅਗਵਾਈ ਹੇਠ ਪਿੰਡ ਜਖੇਪਲ ਦੀ ਅਨਾਜ ਮੰਡੀ ਤੋਂ ਪਿੰਡ ਸਤੌਜ ਵਿਖੇ ਹੋ ਰਹੇ ਮੁੱਖ ਮੰਤਰੀ ਦੇ ਪ੍ਰੋਗਰਾਮ ਵੱਲ ਵਧਣ ਲੱਗਾ ਤਾਂ ਰਸਤੇ ਵਿੱਚ ਡੀਐੱਸਪੀ (ਡੀ) ਸੁਖਦੇਵ ਸਿੰਘ ਬਰਾੜ ਦੀ ਅਗਵਾਈ ’ਚ ਪਿੰਡ ਜਖੇਪਲ ਧਰਮਗੜ੍ਹ ਵਿਚਕਾਰ ਤਾਇਨਾਤ ਭਾਰੀ ਪੁਲਿਸ ਫੋਰਸ ਵੱਲੋਂ ਨਾਕਾਬੰਦੀ ਕਰਕੇ ਰੋਕ ਲਿਆ ਗਿਆ
Publish Date: Tue, 19 May 2026 06:09 PM (IST)
Updated Date: Tue, 19 May 2026 06:11 PM (IST)

ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ ਬਿਜਲੀ ਦੀਆਂ ਤਾਰਾਂ ਜ਼ਮੀਨਦੋਜ਼ ਕਰਨ ਦੇ ਪ੍ਰਾਜੈਕਟ ਦੀ ਆਪਣੇ ਜੱਦੀ ਪਿੰਡ ਸਤੌਜ ਤੋਂ ਸ਼ੁਰੂਆਤ ਕਰਵਾਉਣ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੀਕੇਯੂ ਏਕਤਾ ਸਿੱਧੂਪੁਰ ਵੱਲੋਂ ਪੰਜਾਬ ਦੀਆਂ ਮੰਗਾਂ ਨਾਲ ਸੰਬੰਧਿਤ ਸਵਾਲ ਕਰਨ ਦੇ ਉਲੀਕੇ ਪ੍ਰੋਗਰਾਮ ਤਹਿਤ ਜਦੋਂ ਸੈਂਕੜੇ ਦੀ ਗਿਣਤੀ ਚ ਪਹੁੰਚੇ ਆਗੂਆਂ ਤੇ ਵਰਕਰਾਂ ਦਾ ਕਾਫਲਾ ਜ਼ਿਲ੍ਹਾ ਜਨਰਲ ਸਕੱਤਰ ਰਣ ਸਿੰਘ ਚੱਠਾ ਦੀ ਅਗਵਾਈ ਹੇਠ ਪਿੰਡ ਜਖੇਪਲ ਦੀ ਅਨਾਜ ਮੰਡੀ ਤੋਂ ਪਿੰਡ ਸਤੌਜ ਵਿਖੇ ਹੋ ਰਹੇ ਮੁੱਖ ਮੰਤਰੀ ਦੇ ਪ੍ਰੋਗਰਾਮ ਵੱਲ ਵਧਣ ਲੱਗਾ ਤਾਂ ਰਸਤੇ ਵਿੱਚ ਡੀਐੱਸਪੀ (ਡੀ) ਸੁਖਦੇਵ ਸਿੰਘ ਬਰਾੜ ਦੀ ਅਗਵਾਈ ’ਚ ਪਿੰਡ ਜਖੇਪਲ ਧਰਮਗੜ੍ਹ ਵਿਚਕਾਰ ਤਾਇਨਾਤ ਭਾਰੀ ਪੁਲਿਸ ਫੋਰਸ ਵੱਲੋਂ ਨਾਕਾਬੰਦੀ ਕਰਕੇ ਰੋਕ ਲਿਆ ਗਿਆ, ਜਦੋਂ ਕਿਸਾਨ ਆਗੂ ਮੁੱਖ ਮੰਤਰੀ ਦੇ ਪ੍ਰੋਗਰਾਮ ਵੱਲ ਵਧਣ ਲੱਗੇ ਤਾਂ ਰਣ ਸਿੰਘ ਚੱਠਾ, ਰਾਮਫਲ ਸਿੰਘ ਜਲੂਰ, ਕੇਵਲ ਸਿੰਘ ਜਵੰਧਾ, ਜਸਵੰਤ ਸਿੰਘ ਛਾਹੜ ਸਣੇ ਦਰਜਨਾਂ ਕਿਸਾਨਾਂ ਨੂੰ ਗ੍ਰਿਫ਼ਤਾਰ ਕਰਕੇ ਬੱਸਾਂ ’ਚ ਚੜ੍ਹਾ ਲਿਆ ਗਿਆ ਤੇ ਦੂਜੇ ਪਾਸੇ ਬਲਾਕ ਆਗੂ ਕਸ਼ਮੀਰ ਸਿੰਘ ਉਗਰਾਹਾਂ, ਕਰਮਜੀਤ ਸਿੰਘ ਬਾਲਦ ਕਲਾਂ, ਕੁਲਵੰਤ ਸਿੰਘ ਉਭਿਆ ਦੀ ਅਗਵਾਈ ਚ ਵੱਡੀ ਗਿਣਤੀ ਕਿਸਾਨ ਖੇਤਾਂ ਵਿਚਦੀ ਹੋ ਕੇ ਸਤੌਜ ਪਿੰਡ ਵੱਲ ਵਧਣ ਲੱਗੇ ਤੇ ਪੁਲਿਸ ਵੀ ਪਿੱਛਾ ਕਰਦੀ ਰਹੀ, ਭਾਵੇਂ ਕਿ ਇਹ ਕਿਸਾਨ ਮੁੱਖ ਮੰਤਰੀ ਦੇ ਰਵਾਨਾ ਹੋਣ ਤੱਕ ਸਤੌਜ ਤਾਂ ਨਹੀਂ ਪਹੁੰਚ ਸਕੇ ਪਰ ਪਿੰਡ ਸਤੌਜ ਨੇੜੇ ਪਹੁੰਚਣ ਚ ਕਾਮਯਾਬ ਰਹੇ।
ਇਸ ਮੌਕੇ ਬੀਕੇਯੂ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਜਨਰਲ ਸਕੱਤਰ ਰਣ ਸਿੰਘ ਚੱਠਾ ਨੇ ਕਿਹਾ ਕਿ ਸੱਤਾ ਚ ਆਉਣ ਤੋਂ ਪਹਿਲਾਂ ਪੰਜਾਬ ਦੇ ਕਿਸਾਨਾਂ ਨੂੰ 22 ਫਸਲਾਂ ਤੇ ਐੱਮਐੱਸਪੀ ਦੇਣ ਤੇ ਉਸ ਸਮੇਂ ਦੀ ਦਿੱਲੀ ਵਿਚਲੀ ਆਪ ਸਰਕਾਰ ਵਾਂਗ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਤਹਿਤ ਬਣਦੇ ਭਾਅ ਪੂਰੇ ਕਰਨ ਲਈ ਕਿਸਾਨਾਂ ਨੂੰ ਫਸਲਾਂ ਤੇ ਬੋਨਸ ਦੇਣ ਸਣੇ ਅਨੇਕਾਂ ਵਾਅਦੇ ਕਿਸਾਨਾਂ ਨਾਲ ਕਰਕੇ ਸੱਤਾ ’ਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਦੇ ਨਸ਼ੇ ’ਚ ਕਿਸਾਨਾਂ ਦੀ ਸਭ ਤੋਂ ਵੱਡੀ ਦੁਸ਼ਮਣ ਬਣੀ ਬੈਠੀ ਹੈ। ਸਰਕਾਰ ਡੰਡੇ ਦੇ ਜ਼ੋਰ ’ਤੇ ਸ਼ਾਂਤਮਈ ਤਰੀਕੇ ਨਾਲ ਸਵਾਲ ਕਰਨ ਦਾ ਹੱਕ ਵੀ ਸਾਥੋਂ ਖੋਹ ਰਹੀ ਹੈ, ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।