ਨੰਗਲ ਹਾਈਡਲ ਨਹਿਰ ’ਚ ਕਾਰ ਡਿੱਗਣ ਕਾਰਨ ਨੌਜਵਾਨ ਦੀ ਮੌਤ, ਅਚਾਨਕ ਸੰਤੁਲਨ ਵਿਗੜਨ ਕਾਰਨ ਵਾਪਰਿਆ ਹਾਦਸਾ
ਜਾਣਕਾਰੀ ਅਨੁਸਾਰ ਸ਼ਾਮ ਕੁਮਾਰ ਆਪਣੇ ਤਾਏ ਦੇ ਲੜਕੇ ਦੇ ਵਿਆਹ ਦੇ ਕਾਰਡ ਵੰਡਣ ਲਈ ਘਰੋਂ ਨਿਕਲਿਆ ਸੀ। ਜਦੋਂ ਉਹ ਕਾਰਡ ਵੰਡ ਕੇ ਵਾਪਸ ਪਰਤ ਰਿਹਾ ਸੀ ਤਾਂ ਜਾਂਦਲਾ ਕੋਲ ਉਸ ਦੀ ਗੱਡੀ ਬੇਕਾਬੂ ਹੋ ਕੇ ਨਹਿਰ ’ਚ ਜਾ ਡਿੱਗੀ। ਚਸ਼ਮਦੀਦਾਂ ਅਨੁਸਾਰ, ਗੱਡੀ ਡਿੱਗਣ ਤੋਂ ਬਾਅਦ ਕੁਝ ਦੂਰੀ ਤੱਕ ਪਾਣੀ ਉੱਪਰ ਤੈਰਦੀ ਰਹੀ, ਪਰ ਜਦੋਂ ਤੱਕ ਲੋਕ ਬਚਾਅ ਲਈ ਇਕੱਠੇ ਹੋਏ, ਗੱਡੀ ਗਹਿਰੇ ਪਾਣੀ ’ਚ ਡੁੱਬ ਚੁੱਕੀ ਸੀ।
Publish Date: Sat, 25 Apr 2026 10:33 AM (IST)
Updated Date: Sat, 25 Apr 2026 10:36 AM (IST)
ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ : ਪਿੰਡ ਜਾਂਦਲਾ ਨੇੜੇ ਇਕ ਆਈ-20 ਕਾਰ ਅਚਾਨਕ ਸੰਤੁਲਨ ਵਿਗੜਨ ਕਾਰਨ ਨੰਗਲ ਹਾਈਡਲ ਨਹਿਰ ’ਚ ਜਾ ਡਿੱਗੀ। ਇਸ ਹਾਦਸੇ ’ਚ ਕਾਰ ਸਵਾਰ ਨੌਜਵਾਨ ਦੀ ਪਾਣੀ ’ਚ ਡੁੱਬਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸ਼ਾਮ ਕੁਮਾਰ ਪੁੱਤਰ ਸ਼ਿਵ ਕੁਮਾਰ ਵਾਸੀ ਪਿੰਡ ਗੰਭੀਰਪੁਰ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਸ਼ਾਮ ਕੁਮਾਰ ਆਪਣੇ ਤਾਏ ਦੇ ਲੜਕੇ ਦੇ ਵਿਆਹ ਦੇ ਕਾਰਡ ਵੰਡਣ ਲਈ ਘਰੋਂ ਨਿਕਲਿਆ ਸੀ। ਜਦੋਂ ਉਹ ਕਾਰਡ ਵੰਡ ਕੇ ਵਾਪਸ ਪਰਤ ਰਿਹਾ ਸੀ ਤਾਂ ਜਾਂਦਲਾ ਕੋਲ ਉਸ ਦੀ ਗੱਡੀ ਬੇਕਾਬੂ ਹੋ ਕੇ ਨਹਿਰ ’ਚ ਜਾ ਡਿੱਗੀ। ਚਸ਼ਮਦੀਦਾਂ ਅਨੁਸਾਰ, ਗੱਡੀ ਡਿੱਗਣ ਤੋਂ ਬਾਅਦ ਕੁਝ ਦੂਰੀ ਤੱਕ ਪਾਣੀ ਉੱਪਰ ਤੈਰਦੀ ਰਹੀ, ਪਰ ਜਦੋਂ ਤੱਕ ਲੋਕ ਬਚਾਅ ਲਈ ਇਕੱਠੇ ਹੋਏ, ਗੱਡੀ ਗਹਿਰੇ ਪਾਣੀ ’ਚ ਡੁੱਬ ਚੁੱਕੀ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਵਾਸੀਆਂ ਨੇ ਤੁਰੰਤ ਪੁਲਿਸ ਤੇ ਗੋਤਾਖੋਰਾਂ ਨੂੰ ਸੂਚਿਤ ਕੀਤਾ। ਮੌਕੇ 'ਤੇ ਪਹੁੰਚੇ ਗੋਤਾਖੋਰਾਂ ਨੇ ਭਾਰੀ ਮਸ਼ੱਕਤ ਤੋਂ ਬਾਅਦ ਜੇਸੀਬੀ ਮਸ਼ੀਨ ਦੀ ਸਹਾਇਤਾ ਨਾਲ ਕਾਰ ਨੂੰ ਨਹਿਰ ਵਿਚੋਂ ਬਾਹਰ ਕੱਢਿਆ। ਜਦੋਂ ਗੱਡੀ ਨੂੰ ਬਾਹਰ ਕੱਢਿਆ ਗਿਆ ਤਾਂ ਉਸ ’ਚੋਂ ਸ਼ਾਮ ਕੁਮਾਰ ਦੀ ਲਾਸ਼ ਬਰਾਮਦ ਹੋਈ। ਜਾਣਕਾਰੀ ਦਿੰਦਿਆ ਐੱਸਐੱਚਓ ਸਿਮਰਨਜੀਤ ਸਿੰਘ ਨੇ ਕਿਹਾ ਸਾਨੂੰ ਸੂਚਨਾ ਮਿਲੀ ਸੀ ਕਿ ਇਕ ਕਾਰ ਨਹਿਰ ਵਿੱਚ ਡਿੱਗ ਗਈ ਹੈ। ਪੁਲਿਸ ਟੀਮ ਨੇ ਮੌਕੇ 'ਤੇ ਪਹੁੰਚ ਕੇ ਗੋਤਾਖੋਰਾਂ ਦੀ ਮਦਦ ਨਾਲ ਗੱਡੀ ਨੂੰ ਬਾਹਰ ਕਢਵਾਇਆ। ਕਾਰ ’ਚੋਂ ਇਕ ਨੌਜਵਾਨ ਦੀ ਮ੍ਰਿਤਕ ਦੇਹ ਮਿਲੀ ਹੈ। ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।