ਮਾਈਨਿੰਗ ਦੀ ਭੇਟ ਚੜ੍ਹੇ ਯਾਕੂਬ ਦੇ ਪਰਿਵਾਰ ਨੇ ਕੀਤਾ ਸਮਝੌਤਾ, ਮਾਫੀਆ ਦੇ ਕਈ ਰਾਜ ਦਫ਼ਨ
ਨਜਾਇਜ਼ ਮਾਈਨਿੰਗ ਦੀ ਭੇਟ ਚੜੇ ਯਾਕੂਬ ਅਲੀ ਦੇ ਪਰਿਵਾਰ ਵਾਲਿਆਂ ਨੇ ਕੀਤਾ ਸਮਝੌਤਾਯਾਕੂਬ ਅਲੀ ਦੇ ਨਾਲ ਹੀ ਮਾਈਨਿੰਗ
Publish Date: Wed, 14 Jan 2026 06:19 PM (IST)
Updated Date: Wed, 14 Jan 2026 06:21 PM (IST)

ਮਾਮਲਾ ਮਾਈਨਿੰਗ ਸਾਈਟ ਦੇ ਟਿੱਪਰ ਦਾ ਜ਼ਮੀਨ ’ਚ ਧੱਸਣ ਕਾਰਨ ਨੌਜਵਾਨ ਦੀ ਹੋਈ ਮੌਤ ਦਾ ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ, ਹਿਆਤਪੁਰ ਦੇ 25 ਸਾਲਾਂ ਯਕੂਬ ਅਲੀ ਦੀ ਪਿਛਲੇ ਦਿਨੀ ਮਾਈਨਿੰਗ ਸਾਈਟ ’ਤੇ ਟਿੱਪਰ ਧਸਣ ਨਾਲ ਮੌਤ ਹੋਣ ਦੀ ਖਬਰ ਨੇ ਇਲਾਕੇ ਨੂੰ ਦਹਿਲਾ ਕੇ ਰੱਖ ਦਿੱਤਾ ਸੀ ਅਤੇ ਕਈ ਇਲਾਕੇ ਦੇ ਸਮਾਜ ਸੇਵੀ ਉਹਨਾਂ ਦੀ ਮਦਦ ਦੇ ਲਈ ਅੱਗੇ ਵੀ ਆ ਗਏ ਫਿਰ ਕੀ ਸੀ ਸੋਸ਼ਲ ਮੀਡੀਆ ’ਤੇ ਬਿਆਨਾਂ ਦਾ ਦੌਰ ਚੱਲ ਪਿਆ, ਪਰ ਹੈਰਾਨੀ ਉਦੋਂ ਹੋਈ ਜਦੋਂ ਦੇਰ ਰਾਤ ਤੱਕ ਕੋਈ ਮੁਕੱਦਮਾ ਵੀ ਦਰਜ ਨਹੀਂ ਹੋਇਆ ਅਤੇ ਨਾ ਹੀ ਕੋਈ ਥਾਣੇ ਦੇ ਵਿੱਚ ਬਿਆਨ ਦਰਜ ਕਰਵਾਉਣ ਆਇਆ। ਇੱਥੇ ਇਹ ਦੱਸਣਾ ਬੜਾ ਜਰੂਰੀ ਹੈ ਕਿ ਇੱਕ ਨਾਮੀ ਕਰੈਸ਼ਰ ’ਤੇ ਉਕਤ ਵਿਅਕਤੀ ਟਿੱਪਰ ਚਲਾਉਣ ਦਾ ਕੰਮ ਕਰਦਾ ਸੀ ਅਤੇ ਜਦੋਂ ਉਹ ਮਾਈਨਿੰਗ ਸਾਈਟ ਵੱਲ ਟਿੱਪਰ ਲੈ ਕੇ ਜਾ ਰਿਹਾ ਸੀ ਤਾਂ ਡੂੰਘੀ ਹੋਈ ਮਾਈਨਿੰਗ ਅਤੇ ਧੁੰਦ ਦੇ ਕਾਰਨ ਉਸ ਦਾ ਟਿੱਪਰ ਅਚਾਨਕ ਜਮੀਨ ਦੇ ਵਿਚ ਧਸ ਗਿਆ। ਇਸ ਹਾਦਸੇ ਵਿਚ ਯਕੂਬ ਅਲੀ ਗੰਭੀਰ ਰੂਪ ਵਿਚ ਜਖਮੀ ਹੋ ਗਿਆ ’ਤੇ ਬਾਅਦ ਵਿਚ ਉਸਦੀ ਮੌਤ ਹੋ ਗਈ। ਆਰੋਪ ਇਹ ਲੱਗੇ ਸਨ ਕਿ ਉਸ ਨੂੰ ਸਰਕਾਰੀ ਹਸਪਤਾਲ ਸਿੰਘਪੁਰ ਵਿਚ ਕੋਈ ਵਿਅਕਤੀ ਛੱਡ ਕੇ ਭੱਜ ਗਏ ਅਤੇ ਪਰਿਵਾਰ ਵੱਲੋਂ ਪਤਾ ਲੱਗਣ ’ਤੇ ਮੌਕੇ ’ਤੇ ਜਾ ਕੇ ਮ੍ਰਿਤਕ ਯਾਕੂਬ ਅਲੀ ਦੀ ਪਹਿਚਾਣ ਕੀਤੀ ਜੋ ਕਿ ਨੂਰਪੁਰ ਬੇਦੀ ਦੇ ਲਾਗਲੇ ਪਿੰਡ ਹਿਆਤਪੁਰ ਦਾ ਰਹਿਣ ਵਾਲਾ ਨਿਕਲਿਆ। ਉਸ ਤੋਂ ਬਾਅਦ ਕਈ ਸਮਾਜ ਸੇਵਕਾਂ ਦੇ ਬਿਆਨ ਆਉਣੇ ਸ਼ੁਰੂ ਹੋ ਗਏ ਅਤੇ ਪਰਿਵਾਰ ਵੱਲੋਂ ਵੀ ਇਨਸਾਫ ਦੀ ਮੰਗ ਕਰ ਲਈ ਗਈ, ਪਰ ਜਿਵੇਂ ਜਿਵੇਂ ਰਾਤ ਦਾ ਹਨੇਰਾ ਹੁੰਦਾ ਗਿਆ ਉਵੇਂ ਉਵੇਂ ਮੰਗ ਦਾ ਜ਼ੋਰ ਵੀ ਪਰਿਵਾਰ ਵੱਲੋਂ ਘਟਨਾ ਸ਼ੁਰੂ ਹੋ ਗਿਆ ਅਤੇ ਕੱਲ ਬੀਤੀ ਸ਼ਾਮ ਦੋਹਾਂ ਧਿਰਾਂ ਦੇ ਵਿੱਚ ਰਾਜੀਨਾਮਾ ਹੋ ਗਿਆ। ਜਿਸ ਦੀ ਪੁਸ਼ਟੀ ਉਸ ਦੇ ਭਰਾ ਅਬਦੁਲ ਖਾਨ ਵੱਲੋਂ ਕਰ ਦਿੱਤੀ ਗਈ। ਮ੍ਰਿਤਕ ਦੇ ਭਰਾ ਨੇ ਕੀਤੀ ਪੁਸ਼ਟੀ ਬੀਤੀ ਸ਼ਾਮ ਜਦੋਂ ਪੱਤਰਕਾਰਾਂ ਵੱਲੋਂ ਜਾਣਨ ਦੀ ਕੋਸ਼ਿਸ਼ ਕੀਤੀ ਗਈ ਕਿ ਆਖਰਕਾਰ ਮੁਕਦਮਾ ਦਰਜ ਕਿਉਂ ਨਹੀਂ ਹੋ ਰਿਹਾ ਤਾਂ ਕਸ਼ਮਕਸ਼ ਇਹ ਚੱਲ ਰਹੀ ਸੀ ਕਿ ਪੁਲਿਸ ਆਖ ਰਹੀ ਸੀ ਕਿ ਕੋਈ ਬਿਆਨ ਦਰਜ ਕਰਵਾਉਣ ਨਹੀਂ ਆ ਰਿਹਾ, ਪਰ ਵਾਰਸ ਆਖ ਰਹੇ ਸਨ ਕਿ ਸਾਡੇ ਕੋਈ ਬਿਆਨ ਦਰਜ ਨਹੀਂ ਕਰ ਰਿਹਾ। ਇਸ ਦੇ ਵਿਚਕਾਰ ਹੀ ਡਰਾਮਾ ਟਿਕ ਤਰੀਕੇ ਦੇ ਨਾਲ ਮ੍ਰਿਤਕ ਦੇ ਭਰਾ ਅਬਦੁਲ ਖਾਨ ਨੇ ਪੱਤਰਕਾਰਾਂ ਨੂੰ ਫੋਨ ’ਤੇ ਜਾਣਕਾਰੀ ਦਿੱਤੀ ਕਿ ਸਾਡਾ ਰਾਜ਼ੀਨਾਮਾ ਹੋ ਗਿਆ ਹੈ ਅਤੇ ਹੁਣ ਅਸੀਂ ਕਿਸੇ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰਵਾਉਣੀ। ਇਨਾਂ ਆਖ ਕੇ ਉਸਦੇ ਵੱਲੋਂ ਫੋਨ ਕੱਟ ਦਿੱਤਾ ਗਿਆ ’ਤੇ ਵਾਰ-ਵਾਰ ਕਰਨ ’ਤੇ ਵੀ ਉਸਦੇ ਵੱਲੋਂ ਫੋਨ ਨਹੀਂ ਚੁੱਕਿਆ ਗਿਆ । ਇਸ ਦੀ ਪੁਸ਼ਟੀ ਡੀਐਸਪੀ ਨੰਗਲ ਹਰਕੀਰਤ ਸਿੰਘ ਵੱਲੋਂ ਕੀਤੀ ਗਈ ਅਤੇ ਉਹਨਾਂ ਨੇ ਦੱਸਿਆ ਕਿ ਸਾਡੇ ਕੋਲ ਲਿਖਤੀ ਰੂਪ ਦੇ ਵਿਚ ਕਾਰਵਾਈ ਨਾ ਕਰਾਉਣ ਦੇ ਲਈ ਬੇਨਤੀ ਆ ਗਈ ਹੈ। ਕਈ ਸਵਾਲਾਂ ਨੂੰ ਆਪਣੇ ਨਾਲ ਹੀ ਦੱਬ ਗਿਆ ਨੌਜਵਾਨ ਇਹ ਕੋਈ ਪਹਿਲੀ ਵਾਰ ਨਹੀਂ ਹੈ ਕਿ ਕੋਈ ਇਸ ਤਰ੍ਹਾਂ ਮਾਈਨਿੰਗ ਸਾਈਟ ’ਤੇ ਧਸ ਗਿਆ ਹੋਵੇ। ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਹੋਈਆਂ ਹਨ, ਪਰ ਜੇਕਰ ਯਾਕੂਬ ਅਲੀ ਦੀ ਮੌਤ ਦੀ ਐਫਆਈਆਰ ਦਰਜ ਹੁੰਦੀ ਤਾਂ ਕਈ ਹੋਰ ਪਰਤਾਂ ਵੀ ਖੋਲਣੀਆਂ ਸਨ ਜੋ ਕਿ ਯਾਕੂਬ ਅਲੀ ਦੇ ਰਾਜੀਨਾਮੇ ਨਾਲ ਹੀ ਦੱਬ ਗਈਆਂ ਹਨ । ਇੱਥੇ ਵੱਡੀ ਗੱਲ ਇਹ ਹੈ ਕਿ ਇਹ 200 ਫੁੱਟ ਡੂੰਘੇ ਟੋਏ ਆਖਰ ਕੌਣ ਕਰਵਾ ਰਿਹਾ ਹੈ ਅਤੇ ਕਿਸ ਦੀ ਸ਼ਹਿ ’ਤੇ ਇਹ ਵੱਡਾ ਮਾਈਨਿੰਗ ਦਾ ਗੋਰਖ ਧੰਦਾ ਚੱਲ ਰਿਹਾ ਹੈ । ਕਰੈਸ਼ਰ ਮਾਲਕ ਕਿਉਂ ਕੁਝ ਪੈਸਿਆਂ ਦੇ ਲਾਲਚ ਵਿਚ ਕਿਸੇ ਦੀ ਜਾਨ ਨੂੰ ਵੀ ਕੁਝ ਨਹੀਂ ਜਾਣਦੇ ਅਤੇ ਲੋਕਾਂ ਵਿਚ ਇਹ ਵੀ ਚਰਚਾ ਹੈ ਕਿ ਕਿਸੇ ਬੰਦੇ ਦੀ ਜੀਵਨ ਦੀ ਕੀਮਤ ਕੀ ਕਰੈਸ਼ਰ ਮਾਲਕਾਂ ਦੀ ਨਜ਼ਰ ਵਿਚ 10-20 ਲੱਖ ਰੁਪਏ ਹੀ ਰਹਿ ਗਈ ਇਹ ਘਟਨਾ ਉਹਨਾਂ ਸਮਾਜ ਸੇਵਕਾਂ ਨੂੰ ਵੀ ਨਮੋਸ਼ ਕਰਦੀ ਹੈ। ਜਿਨ੍ਹਾਂ ਨੇ ਇਨਸਾਫ ਦਿਵਾਉਣ ਅਤੇ ਨਜਾਇਜ਼ ਮਾਈਨਿੰਗ ਦੇ ਖਿਲਾਫ ਬੀੜਾ ਚੁੱਕਿਆ ਹੈ ਅਤੇ ਜੇਕਰ ਇਸੇ ਤਰ੍ਹਾਂ ਹੀ ਚਲਦਾ ਰਿਹਾ ਤਾਂ ਇਸ ਨਜਾਇਜ਼ ਮਾਈਨਿੰਗ ਦੇ ਖਿਲਾਫ ਕੋਈ ਵੀ ਨਹੀਂ ਬੋਲੇਗਾ ਅਤੇ ਆਏ ਦਿਨ ਇਸ ਤਰਾ ਦੀਆਂ ਮੌਤਾਂ ਦੀਆਂ ਖਬਰਾਂ ਆਮ ਹੀ ਮਿਲਣਗੀਆਂ।