ਫੌਜੀ ਜਵਾਨ ਦੀ ਸੜਕ ਹਾਦਸੇ ’ਚ ਮੌਤ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ,
Publish Date: Thu, 22 Jan 2026 08:09 PM (IST)
Updated Date: Thu, 22 Jan 2026 08:12 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਨੂਰਪੁਰਬੇਦੀ : ਜੰਮੂ ਕਸ਼ਮੀਰ ਦੇ ਜ਼ਿਲ੍ਹਾ ਡੋਡਾ ਵਿੱਚ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਦੌਰਾਨ ਭਾਰਤੀ ਫੌਜ ਦੇ ਨੌਜਵਾਨ ਸੈਨਿਕ ਜੋਬਨਪ੍ਰੀਤ ਸਿੰਘ ਦੀ ਮੌਤ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਭਾਰਤੀ ਫੌਜ ਦੀ ਇੱਕ ਗੱਡੀ ਭਦਰਵਾਹ ਤੋਂ ਖਾਨਈ ਟੋਪ ਵੱਲ ਡਿਊਟੀ ਲਈ ਜਾ ਰਹੀ ਸੀ। ਪ੍ਰਾਪਤ ਜਾਣਕਾਰੀ ਮੁਤਾਬਕ ਡੋਡਾ ਜ਼ਿਲ੍ਹੇ ਦੇ ਪਹਾੜੀ ਇਲਾਕੇ ਵਿੱਚ ਰਸਤੇ ਦੌਰਾਨ ਫੌਜ ਦੀ ਗੱਡੀ ਅਚਾਨਕ ਬੇਕਾਬੂ ਹੋ ਕੇ ਲਗਭਗ 200 ਫੁੱਟ ਗਹਿਰੀ ਖਾਈ ਵਿੱਚ ਜਾ ਡਿੱਗੀ। ਇਸ ਦਰਦਨਾਕ ਹਾਦਸੇ ਵਿੱਚ ਬਲਾਕ ਨੂਰਪੁਰਬੇਦੀ ਦੇ ਪਿੰਡ ਚਨੋਲੀ ਦੇ ਰਹਿਣ ਵਾਲੇ ਸੈਨਿਕ ਜੋਬਨਪ੍ਰੀਤ ਸਿੰਘ ਸਮੇਤ ਕੁੱਲ 9 ਫੌਜੀ ਜਵਾਨਾਂ ਦੀ ਮੌਤ ਹੋ ਗਈ, ਜਦਕਿ 7 ਹੋਰ ਸੈਨਿਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਦਾ ਇਲਾਜ ਫੌਜੀ ਹਸਪਤਾਲ ਵਿੱਚ ਚੱਲ ਰਿਹਾ ਹੈ। ਸ਼ਹੀਦ ਸੈਨਿਕ ਜੋਬਨਪ੍ਰੀਤ ਸਿੰਘ, ਸਪੁੱਤਰ ਸਾਬਕਾ ਸੈਨਿਕ ਬਲਵੀਰ ਸਿੰਘ, ਦੀ ਉਮਰ ਕੇਵਲ 23 ਸਾਲ ਸੀ। ਉਹ ਸਤੰਬਰ 2019 ਵਿੱਚ ਭਾਰਤੀ ਫੌਜ ਵਿੱਚ ਭਰਤੀ ਹੋਇਆ ਸੀ ਅਤੇ ਇਸ ਸਮੇਂ 8 ਕੈਵਲਰੀ, ਆਰਮਡ ਯੂਨਿਟ (4 ਆਰ ਆਰ) ਵਿੱਚ ਤੈਨਾਤ ਸੀ। ਦੇਸ਼ ਸੇਵਾ ਦਾ ਜਜ਼ਬਾ ਉਸਨੂੰ ਆਪਣੇ ਪਿਤਾ ਤੋਂ ਵਿਰਾਸਤ ਵਜੋਂ ਮਿਲਿਆ ਸੀ, ਜਿਸ ਕਰਕੇ ਉਸਨੇ ਨੌਜਵਾਨ ਉਮਰ ਵਿੱਚ ਹੀ ਫੌਜੀ ਵਰਦੀ ਪਹਿਨ ਕੇ ਮਾਤ ਭੂਮੀ ਦੀ ਸੇਵਾ ਦਾ ਰਾਹ ਚੁਣਿਆ। ਦੱਸਣਯੋਗ ਹੈ ਕਿ ਜੋਬਨਪ੍ਰੀਤ ਸਿੰਘ ਦਾ ਵਿਆਹ ਆਉਣ ਵਾਲੇ ਫਰਵਰੀ ਮਹੀਨੇ ਵਿੱਚ ਤੈਅ ਕੀਤਾ ਗਿਆ ਸੀ ਅਤੇ ਪਰਿਵਾਰ ਵਿੱਚ ਖੁਸ਼ੀਆਂ ਦਾ ਮਾਹੌਲ ਸੀ, ਪਰ ਅਚਾਨਕ ਵਾਪਰੇ ਇਸ ਹਾਦਸੇ ਨੇ ਸਾਰੇ ਖੁਸ਼ੀ ਦੇ ਪਲ ਗ਼ਮ ਵਿੱਚ ਬਦਲ ਦਿੱਤੇ। ਉਸਦੀ ਸ਼ਹਾਦਤ ਦੀ ਖ਼ਬਰ ਮਿਲਦਿਆਂ ਹੀ ਪਿੰਡ ਚਨੋਲੀ, ਨੂਰਪੁਰ ਬੇਦੀ ਅਤੇ ਆਲੇ-ਦੁਆਲੇ ਦੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਸ ਹਾਦਸੇ ਚੋਂ ਸਾਡੇ ਇਲਾਕੇ ਨੇ ਅਤੇ ਦੇਸ਼ ਨੇ ਇੱਕ ਹੋਰ ਬਹਾਦੁਰ ਸੈਨਿਕ ਗੁਆ ਦਿੱਤਾ ਹੈ, ਜਿਸ ਦੀ ਕੁਰਬਾਨੀ ਨੂੰ ਕਦੇ ਭੁਲਾਇਆ ਨਹੀਂ ਜਾ ਸਕੇਗਾ।