ਗੁਰਦੁਆਰਾ ਬੀਬੀ ਮੁਮਤਾਜ਼ ਜੀ ਬੜੀ ਸਾਹਿਬ ਦੇ ਸੇਵਾਦਾਰ ਬਾਬਾ ਗੁਰਪ੍ਰੀਤ ਸਿੰਘ ਤੇ ਕਿਲਾ ਕੋਟਲਾ ਨਿਹੰਗ ਦੇ ਸੇਵਾਦਾਰ ਬਾਬਾ ਬਲਦੇਵ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਪੰਥ ਅਕਾਲ ਬੁੱਢਾ ਦਲ ਪੰਜਵਾਂ ਤਖ਼ਤ ਚੱਲਦਾ ਵਹੀਰ ਚੱਕਰਵਰਤੀ ਨਿਹੰਗ ਸਿੰਘ ਬੁੱਢਾ ਦਲ 96 ਕਰੌੜੀ ਤੇ 14ਵੇਂ ਮੁਖੀ ਬਾਬਾ ਬਲਬੀਰ ਸਿੰਘ ਦੀ ਅਗਵਾਈ ਹੇਠ ਸ਼ਹੀਦੀ ਜੋੜ ਮੇਲ ਦੌਰਾਨ 17,18 ਦਸੰਬਰ ਨੂੰ ਸੰਗਤਾਂ ਲਈ ਧਾਰਮਿਕ ਸਮਾਗਮ ਕਰਵਾਇਆ ਜਾਵੇਗਾ ਅਤੇ ਗੁਰੂ ਦੇ ਲੰਗਰ ਚੱਲਣਗੇ...

ਲਖਵੀਰ ਖਾਬੜਾ, ਰੂਪਨਗਰ : ਨਜ਼ਦੀਕੀ ਪਿੰਡ ਕੋਟਲਾ ਨਿਹੰਗ ਵਿੱਚ ਬਣੇ ਪੁਰਾਤਨ ਕਿਲ੍ਹਾ ਕੋਟਲਾ ਨਿਹੰਗ ਖਾਂ ਦੀ ਸੰਭਾਲ ਨਾ ਹੋਣ ਕਰਕੇ ਢਹਿਢੇਰੀ ਹੋ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਪੁਰਾਤਨ ਕਿਲੇ ਦੇ ਮਾਲਕਾਂ ਨਾਲ ਗੱਲਬਾਤ ਕਰ ਕੇ ਇਸ ਨੂੰ ਖਰੀਦਣ ਦੀ ਗੱਲ ਵੀ ਤੋਰੀ ਗਈ ਸੀ ਜੋ ਸਿਰੇ ਨਹੀਂ ਚੜ ਸਕੀ। ਹੁਣ ਲੰਬੀ ਕਸ਼ਮਕਸ਼ ਤੋਂ ਬਾਅਦ ਇਸ ਪੁਰਾਣੇ ਕਿਲੇ ਦੀ ਸੇਵਾ ਸੰਭਾਲ ਦੀ ਜ਼ਿੰਮੇਵਾਰੀ ਬਾਬਾ ਬਲਬੀਰ ਸਿੰਘ ਮੁਖੀ ਨਿਹੰਗ ਜਥੇਬੰਦੀ ਬੁੱਢਾ ਦਲ ਕੋਲ ਹੈ, ਕਰੀਬ ਦੋ ਸਾਲ ਬੀਤਣ ’ਤੇ ਵੀ ਕਿਲੇ ਨੂੰ ਸੰਵਾਰਨ ਦੀ ਸ਼ੁਰੂਆਤ ਨਹੀਂ ਕੀਤੀ ਗਈ ਪਰ ਜਿਸ ਹਾਲਤ ਵਿਚ ਕਿਲਾ ਸੀ, ਉਸ ਨੂੰ ਹੁਣ ਥੋੜ੍ਹਾ ਸਾਫ਼-ਸੁਥਰਾ ਕੀਤਾ ਗਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਤੇ ਬੀਬੀ ਮੁਮਤਾਜ਼ ਜੀ ਦੇ ਕਮਰੇ ਨੂੰ ਸਜਾਇਆ ਗਿਆ ਹੈ।
ਨਿਹੰਗ ਸਿੰਘ ਬੁੱਢਾ ਦਲ 96 ਕਰੌੜੀ ਤੇ 14ਵੇਂ ਮੁਖੀ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਪ੍ਰਮਾਤਮਾ ਦੀ ਕ੍ਰਿਪਾ ਨਾਲ ਇਸ ਇਤਿਹਾਸਕ ਕਿਲੇ ਦੀ ਸੇਵਾ ਮਿਲੀ ਹੈ। ਕਿਲੇ ਨੂੰ ਪੁਰਾਤਨ ਦਿੱਖ ਦੇਣ ਲਈ ਸੇਵਾ ਜਲਦ ਹੀ ਆਰੰਭ ਕੀਤੀ ਜਾਵੇਗੀ। ਇਸ ਕਿਲੇ ਦੇ ਇਤਿਹਾਸ ਦੀ ਵੱਡੀ ਮਹੱਤਤਾ ਹੈ।
17, 18 ਦਸੰਬਰ ਨੂੰ ਹੋਵੇਗਾ ਧਾਰਮਿਕ ਸਮਾਗਮ
ਗੁਰਦੁਆਰਾ ਬੀਬੀ ਮੁਮਤਾਜ਼ ਜੀ ਬੜੀ ਸਾਹਿਬ ਦੇ ਸੇਵਾਦਾਰ ਬਾਬਾ ਗੁਰਪ੍ਰੀਤ ਸਿੰਘ ਤੇ ਕਿਲਾ ਕੋਟਲਾ ਨਿਹੰਗ ਦੇ ਸੇਵਾਦਾਰ ਬਾਬਾ ਬਲਦੇਵ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਪੰਥ ਅਕਾਲ ਬੁੱਢਾ ਦਲ ਪੰਜਵਾਂ ਤਖ਼ਤ ਚੱਲਦਾ ਵਹੀਰ ਚੱਕਰਵਰਤੀ ਨਿਹੰਗ ਸਿੰਘ ਬੁੱਢਾ ਦਲ 96 ਕਰੌੜੀ ਤੇ 14ਵੇਂ ਮੁਖੀ ਬਾਬਾ ਬਲਬੀਰ ਸਿੰਘ ਦੀ ਅਗਵਾਈ ਹੇਠ ਸ਼ਹੀਦੀ ਜੋੜ ਮੇਲ ਦੌਰਾਨ 17,18 ਦਸੰਬਰ ਨੂੰ ਸੰਗਤਾਂ ਲਈ ਧਾਰਮਿਕ ਸਮਾਗਮ ਕਰਵਾਇਆ ਜਾਵੇਗਾ ਅਤੇ ਗੁਰੂ ਦੇ ਲੰਗਰ ਚੱਲਣਗੇ।
ਕਿਲਾ ਕੋਟਲਾ ਨਿਹੰਗ ਦਾ ਇਤਿਹਾਸਕ ਪੱਖ
ਜਾਣਕਾਰੀ ਅਨੁਸਾਰ ਨੌਰੰਗ ਖਾਂ ਤੇ ਨਿਹੰਗ ਖਾਂ ਦੋਵੇਂ ਪਿਉ-ਪੁੱਤਰ ਸ੍ਰੀ ਗੁਰੁੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਆ ਕੇ ਚੰਗੀ ਨਸਲ ਦੇ ਘੋੜੇ ਲਿਆ ਕੇ ਵੇਚਦੇ ਸਨ ਤੇ ਧਨ ਪ੍ਰਾਪਤ ਕਰਦੇ ਸਨ। 1947 ਵਿੱਚ ਦੇਸ਼ ਦੀ ਵੰਡ ਹੋਣ ਦੇ ਨਾਲ ਨਾਲ ਨਿਹੰਗ ਖਾਂ ਦਾ ਪਰਿਵਾਰ ਸੱਭ ਕੁੱਝ ਛੱਡ ਕੇ ਪਾਕਿਸਤਾਨ ਚਲਿਆ ਗਿਆ ਸੀ। ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਆਨੰਦਪੁਰ ਸਾਹਿਬ ਦਾ 6-7 ਪੋਹ ਦੀ ਰਾਤ ਨੂੰ ਕਿਲਾ ਛੱਡਿਆ ਤਾਂ ਉਸ ਸਮੇਂ ਭਾਈ ਬਚਿੱਤਰ ਸਿੰਘ ਜੀ ਤੇ ਉਨ੍ਹਾਂ ਦੇ ਭਾਈ ਉਦੈ ਸਿੰਘ ਵੀ ਨਾਲ ਸਨ। ਗੁਰੂ ਜੀ ਪਰਿਵਾਰ ਵਿਛੋੜੇ ਤੋਂ ਬਾਅਦ ਸਰਸਾ ਨਦੀ ਤੋ ਸਿੱਧਾ ਪਿੰਡ ਕੋਟਲਾ ਨਿਹੰਗ ਵਿੱਖੇ ਚੌਧਰੀ ਨਿਹੰਗ ਖਾਂ ਦੇ ਕਿਲੇ ਵਿੱਚ ਪਹੁੰਚੇ ਸੀ, ਜੋ ਕਿ ਗੁਰੂਘਰ ਦਾ ਸੱਚਾ ਸ਼ਰਧਾਲੂ ਸੀ। ਭਾਈ ਬਚਿੱਤਰ ਸਿੰਘ ਜੀ ਦੀ ਵੈਰੀ ਫੌਜਾਂ ਨਾਲ ਮਲਕਪੁਰ ਦੇ ਰੰਗੜਾ ਦੇ ਨਾਲ ਜੰਗ ਹੋ ਗਈ। ਸਾਰੇ ਸਿੰਘਾਂ ਨੇ ਵੈਰੀ ਫੌਜ ਨਾਲ ਸਖਤ ਟੱਕਰ ਲਈ ਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਭਾਈ ਬਚਿੱਤਰ ਸਿੰਘ ਜੀ ਵੀ ਸਖ਼ਤ ਜ਼ਖਮੀ ਹੋ ਗਏ ਸਨ। ਅਚਾਨਕ ਪਿਛੋਂ ਤੋਂ ਸਾਹਿਬਜਾਦਾ ਅਜੀਤ ਸਿੰਘ ਤੇ ਭਾਈ ਮਦਨ ਸਿੰਘ ਜੀ ਸਿੱਖਾਂ ਨਾਲ ਉਥੋਂ ਲੰਘੇ ਤਾਂ ਜ਼ਖਮੀ ਹਾਲਤ ਵਿੱਚ ਬਚਿੱਤਰ ਸਿੰਘ ਨੂੰ ਕੋਟਲਾ ਨਿਹੰਗ ਵਿੱਖੇ ਚੌਧਰੀ ਨਿਹੰਗ ਖਾਂ ਦੇ ਕਿਲੇ ਵਿੱਚ ਪਹੁੰਚਾਇਆ। ਜਿੱਥੇ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਚੌਧਰੀ ਨਿਹੰਗ ਖਾਂ ਪਠਾਣ ਕੋਲ ਪਹਿਲਾਂ ਹੀ ਠਹਿਰੇ ਹੋਏ ਸਨ। ਭਾਈ ਬਚਿੱਤਰ ਸਿੰਘ ਜੀ ਨੂੰ ਇੱਕ ਪਲੰਘ ’ਤੇ ਲਿਟਾਇਆ ਤੇ ਗੁਰੂ ਗੋਬਿੰਦ ਸਿੰਘ ਜੀ ਅੱਧੀ ਰਾਤ ਨੂੰ ਭਾਈ ਬਚਿੱਤਰ ਸਿੰਘ ਜੀ ਦੀ ਸੇਵਾ ਵਿੱਚ ਚੌਧਰੀ ਨਿਹੰਗ ਖਾਂ ਦੀ ਡਿਊਟੀ ਲਗਾ ਕੇ ਆਪ ਦੋਨੋਂ ਸਾਹਿਬਜਾਦੇ ਬਾਬਾ ਜੋਰਾਵਾਰ ਸਿੰਘ ਤੇ ਭਾਈ ਮੋਹਕਮ ਸਿੰਘ ਆਦਿ ਸਿੰਘਾਂ ਨਾਲ ਅੱਗੇ ਰਵਾਨਾ ਹੋ ਗਏ।
ਚੌਧਰੀ ਨਿਹੰਗ ਖਾਂ ਨੇ ਗੁਰੂ ਦੀ ਦੇ ਆਦੇਸ਼ ਅਨੁਸਾਰ ਬਚਿੱਤਰ ਸਿੰਘ ਜੀ ਦੀ ਸੇਵਾ ਕੀਤੀ। ਕਿਸੇ ਦੋਖੀ ਨੇ ਰੋਪੜ ਚੌਂਕੀ ਦੇ ਮੁਖੀ ਨੂੰ ਸੂਹ ਦਿੱਤੀ ਤੇ ਜਾਫ਼ਰ ਅਲੀ ਖਾਨ ਨੇ ਆਪਣੇ ਸਿਪਾਹੀਆਂ ਨਾਲ ਕਿਲੇ ਨੂੰ ਘੇਰਿਆ ਤੇ ਚੌਧਰੀ ਨਿਹੰਗ ਖਾਂ ਦੇ ਕਿਲੇ ਦੀ ਛਾਣਬੀਣ ਕੀਤੀ। ਕਿਲੇ ਦੀ ਕੇਵਲ ਇੱਕ ਕੋਠੜੀ ਹੀ ਤਲਾਸ਼ੀ ਬਿਨਾਂ ਰਹਿ ਗਈ ਸੀ ਜਿਸ ਬਾਰੇ ਪੁੱਛਣ ਤੇ ਚੌਧਰੀ ਨਿਹੰਗ ਖਾਂ ਨੇ ਕਿਹਾ ਕਿ ਕੋਠੜੀ ਵਿੱਚ ਉਸ ਦੀ ਲੜਕੀ ਮੁਮਤਾਜ਼ ਤੇ ਦਾਮਾਦ ਆਰਾਮ ਕਰ ਰਹੇ ਹਨ। ਕਹਿੰਦੇ ਹੋ ਤਾਂ ਖੁੱਲਵਾਂ ਕੇ ਦਿਖਾ ਦਿੰਦਾ ਹਾਂ। ਸਰਦਾਰ ਜਾਫਰ ਅਲੀ ਖਾਨ ਚੌਧਰੀ ਨਿਹੰਗ ਖਾਂ ਤੋ ਖਿਮਾ ਮੰਗ ਕੇ ਵਾਪਸ ਚਲੇ ਗਿਆ ਸੀ। ਕੋਠੜੀ ਵਿੱਚ ਜ਼ਖਮੀ ਭਾਈ ਬਚਿੱਤਰ ਸਿੰਘ ਦੀ ਸੇਵਾ ਬੇਟੀ ਮੁਮਤਾਜ਼ ਕਰ ਰਹੀ ਸੀ ਤੇ ਪਿਤਾ ਜੀ ਦੇ ਬਚਨ ਸੁਣ ਕੇ ਬੇਟੀ ਮੁਮਤਾਜ਼ ਨੇ ਸਾਰੀ ਉਮਰ ਵਿਆਹ ਨਹੀਂ ਕਰਵਾਇਆ।