ਪੰਜਵੇਂ ਦਿਨ ਵੀ ਖੁੱਲੇ ਰਹੇ ਭਾਖੜਾ ਡੈਮ ਦੇ ਫਲੱਡ ਗੇਟ, 1674.87 ਫੁੱਟ ’ਤੇ ਪਹੁੰਚਿਆ ਭਾਖੜਾ ਡੈਮ ’ਚ ਪਾਣੀ ਦਾ ਪੱਧਰ
ਪ੍ਰਾਪਤ ਅੰਕੜਿਆਂ ਅਨੁਸਾਰ ਸ਼ੁੱਕਰਵਾਰ ਸ਼ਾਮ ਛੇ ਵਜੇ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ 1674.87 ਫੁੱਟ ਦਰਜ ਕੀਤਾ ਗਿਆ ਜੋ ਕਿ ਖਤਰੇ ਦੇ ਨਿਸ਼ਾਨ 1680 ਤੋਂ ਕਰੀਬ 5.13 ਫੁੱਟ ਘੱਟ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਪਾਣੀ ਦਾ ਪਧਰ 1678 ਫੁੱਟ ’ਤੇ ਪਹੁੰਚ ਗਿਆ ਸੀ ਜਿਸ ਕਾਰਨ ਡੈਮ ਦੇ ਫਲੱਡ ਗੇਟ ਖੋਲ੍ਹਣ ਕਾਰਨ ਸਤਲੁਜ ਦਰਿਆਂ ਦੇ ਨਾਲ ਲਗਦੇ ਇਲਾਕਿਆਂ ’ਚ ਹੜ੍ਹਾ ਨੇ ਵਿਆਪਕ ਤਬਾਹੀ ਕੀਤੀ।
Publish Date: Sat, 19 Aug 2023 08:38 AM (IST)
Updated Date: Sat, 19 Aug 2023 02:16 PM (IST)
ਗੁਰਦੀਪ ਭੱਲੜੀ, ਨੰਗਲ :ਭਾਖੜਾ ਡੈਮ ਦੇ ਫਲੱਡ ਗੇਟ ਅੱਜ ਪੰਜਵੇਂ ਦਿਨ ਵੀ ਖੁੱਲੇ ਰਹੇ। ਇਸ ਦੌਰਾਨ ਰਾਹਤ ਦੀ ਖਬਰ ਹੈ ਕਿ ਅੱਜ ਭਾਖੜਾ ਡੈਮ ਵਿੱਚ ਪਾਣੀ ਦੀ ਆਮਦ ਘਟਣ ਕਾਰਨ ਪਾਣੀ ਦਾ ਪੱਧਰ ਘਟਣਾ ਸ਼ੁਰੂ ਹੋ ਗਿਆ ਹੈ। ਡੈਮ ਦੀ ਗੋਬਿੰਦ ਸਾਗਰ ਝੀਲ ਵਿੱਚ ਪਾਣੀ ਦੀ ਆਮਦ ਘਟਣ ਨਾਲ ਦੋ ਦਿਨਾ ਵਿੱਚ ਕਰੀਬ 4 ਫੁੱਟ ਪਾਣੀ ਘਟ ਗਿਆ ਹੈ।
ਪ੍ਰਾਪਤ ਅੰਕੜਿਆਂ ਅਨੁਸਾਰ ਸ਼ੁੱਕਰਵਾਰ ਸ਼ਾਮ ਛੇ ਵਜੇ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ 1674.87 ਫੁੱਟ ਦਰਜ ਕੀਤਾ ਗਿਆ ਜੋ ਕਿ ਖਤਰੇ ਦੇ ਨਿਸ਼ਾਨ 1680 ਤੋਂ ਕਰੀਬ 5.13 ਫੁੱਟ ਘੱਟ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਪਾਣੀ ਦਾ ਪਧਰ 1678 ਫੁੱਟ ’ਤੇ ਪਹੁੰਚ ਗਿਆ ਸੀ ਜਿਸ ਕਾਰਨ ਡੈਮ ਦੇ ਫਲੱਡ ਗੇਟ ਖੋਲ੍ਹਣ ਕਾਰਨ ਸਤਲੁਜ ਦਰਿਆਂ ਦੇ ਨਾਲ ਲਗਦੇ ਇਲਾਕਿਆਂ ’ਚ ਹੜ੍ਹਾ ਨੇ ਵਿਆਪਕ ਤਬਾਹੀ ਕੀਤੀ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਭਾਖੜਾ ਡੈਮ ਵਿੱਚ ਪਾਣੀ ਦੀ ਆਮਦ 46226 ਕਿਊਸਿਕ ਦਰਜ ਕੀਤੀ ਗਈ ਅਤੇ ਡੈਮ ਤੋਂ 66644 ਹਜ਼ਾਰ ਕਿਊਸਿਕ ਪਾਣੀ ਛੱਡਿਆਂ ਜਾ ਰਿਹਾ ਹੈ ਜਿਸ ਵਿੱਚੋਂ ਸਪਿਲਵੇ ਰਾਹੀਂ 39002 ਅਤੇ ਟਰਬਾਈਨਾਂ ਰਾਹੀਂ 25983 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਨੰਗਲ ਡੈਮ ਤੋਂ ਨੰਗਲ ਹਾਈਡਲ ਨਹਿਰ ’ਚ 12350 ਕਿਊਸਿਕ, ਅਨੰਦਪੁਰ ਸਾਹਿਬ ਹਾਈਡਲ ਨਹਿਰ ’ਚ 10150 ਕਿਊਸਿਕ, ਜਦੋਂਕਿ ਨੰਗਲ ਡੈਮ ਤੋਂ ਸਤਲੁਜ ਦਰਿਆ ਵਿੱਚ 36900 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਦੋ ਦਿਨ ਪਹਿਲਾਂ ਸਤਲੁਜ ਦਰਿਆ ਵਿੱਚ 70 ਹਜ਼ਾਰ ਕਿਊਸਿਕ ਪਾਣੀ ਛੱਡਿਆਂ ਗਿਆ ਸੀ ਜਿਸ ਨਾਲ ਸਤਲੁਜ ਦਰਿਆਂ ਦੇ ਨਾਲ ਲਗਦੇ ਪਿੰਡਾਂ ’ਚ ਵਿਆਪਕ ਤਬਾਹੀ ਹੋਈ ਸੀ। ਇਸ ਤਰ੍ਹਾਂ ਬੀਬੀਐੱਮਬੀ ਵੱਲੋਂ ਸਤਲੁਜ ਦਰਿਆਂ ਵਿੱਚ ਬੀਤੇ ਦਿਨਾ ਦੇ ਮੁਕਾਬਲੇ ਲਗਪਗ ਅੱਧਾ ਪਾਣੀ ਛੱਡਿਆ ਜਾ ਰਿਹਾ ਹੈ ਜਿਸ ਨਾਲ ਹੜ੍ਹਾਂ ਦੀ ਮਾਰ ਝੱਲ ਰਹੇ ਲੋਕਾਂ ਨੂੰ ਰਾਹਤ ਮਿਲਣ ਦੀ ਸੰਭਾਵਨਾ ਹੈ। ਉਧਰ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਜ਼ਿਲ੍ਹਾ ਵਾਸੀਆਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ ਹੁਣ ਸੁਰੱਖਿਅਤ ਜ਼ੋਨ ਵਿੱਚ ਆ ਚੁੱਕਾ ਹੈ ਅਤੇ ਪਾਣੀ ਦੇ ਵਹਾਅ ਦੀ ਗਤੀ ਵੀ ਹੁਣ ਘੱਟ ਹੈ ਜਿੰਨੇ ਵੀ ਪਿੰਡ ਪਾਣੀ ਦੀ ਮਾਰ ਹੇਠ ਆਏ ਸਨ ਉਨ੍ਹਾਂ ਸਾਰਿਆਂ ’ਚ ਬਿਜਲੀ, ਰਾਸ਼ਨ ਅਤੇ ਪਾਣੀ ਦੀ ਸਹੂਲਤ ਪ੍ਰਭਾਵਿਤ ਲੋਕਾਂ ਤੱਕ ਲਗਾਤਾਰ ਪਹੁੰਚਾਈ ਗਈ ਹੈ।