ਇਸ ਤੋਂ ਇਲਾਵਾ ਦੂਜੇ ਪੜਾਅ ’ਚ ਵੱਡੀ ਉਮਰ ਦੇ ਸ਼ਰਧਾਲੂਆਂ, ਦਿਵਿਆਂਗ ਵਿਅਕਤੀਆਂ ਤੇ ਬੱਚਿਆਂ ਲਈ ਲਿਫਟਾਂ ਲਗਾਉਣ ਦੀ ਯੋਜਨਾ ਵੀ ਸ਼ਾਮਲ ਸੀ, ਤਾਂ ਜੋ ਹਰ ਵਰਗ ਲਈ ਤਖ਼ਤ ਸਾਹਿਬ ਤੱਕ ਪਹੁੰਚ ਆਸਾਨ ਬਣ ਸਕੇ। ਚੰਡੀਗੜ੍ਹ-ਨੰਗਲ ਹਾਈਵੇ ਤੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੱਕ ਸਫੈਦ ਸੰਗਮਰਮਰ ਨਾਲ ਬਣਨ ਵਾਲੀ ਇਹ ਸਟ੍ਰੇਟ ਦੁਨੀਆ ਦੀ ਪਹਿਲੀ ਐਸੀ ਸਟ੍ਰੇਟ ਹੋਣੀ ਸੀ, ਜਿਸ ਨਾਲ ਸ੍ਰੀ ਅਨੰਦਪੁਰ ਸਾਹਿਬ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਨਵੀਂ ਪਛਾਣ ਮਿਲਣ ਦੀ ਉਮੀਦ ਸੀ।

ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ , ਸ੍ਰੀ ਅਨੰਦਪੁਰ ਸਾਹਿਬ : ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨੂੰ ਜਾਣ ਵਾਲੇ ਮੁੱਖ ਮਾਰਗ ਨੂੰ ਵਿਸ਼ਵ ਪੱਧਰੀ ਵਿਰਾਸਤੀ ਮਾਰਗ ਵਜੋਂ ਵਿਕਸਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਤਿਆਰ ਕੀਤਾ ਗਿਆ ਵਿਸ਼ੇਸ਼ ਪ੍ਰੋਜੈਕਟ ਆਖ਼ਰਕਾਰ ਸਿਆਸੀ ਤੇ ਧਾਰਮਿਕ ਖਿੱਚੋਤਾਣ ਦੀ ਭੇਟ ਚੜ੍ਹ ਗਿਆ ਹੈ। ਸੰਗਤ ਦੀ ਸਹੂਲਤ, ਸਿੱਖ ਵਿਰਾਸਤ ਦੀ ਸੰਭਾਲ ਤੇ ਸ੍ਰੀ ਅਨੰਦਪੁਰ ਸਾਹਿਬ ਨੂੰ ਵਿਸ਼ਵ ਪੱਧਰ ’ਤੇ ਇਕ ਵੱਖਰੀ ਪਛਾਣ ਦੇਣ ਦੇ ਉਦੇਸ਼ ਨਾਲ ਤਿਆਰ ਕੀਤਾ ਗਿਆ ਇਹ ਪ੍ਰੋਜੈਕਟ ਸ਼ੁਰੂ ਹੋਣ ਤੋਂ ਪਹਿਲਾਂ ਹੀ ਰੁਕ ਗਿਆ, ਜਿਸ ਕਾਰਨ ਸਥਾਨਕ ਵਸਨੀਕਾਂ ਤੇ ਸ਼ਰਧਾਲੂਆਂ ’ਚ ਨਿਰਾਸ਼ਾ ਦਾ ਮਾਹੌਲ ਬਣ ਗਿਆ ਹੈ।
ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਲਗਪਗ 25 ਕਰੋੜ ਰੁਪਏ ਦੀ ਲਾਗਤ ਨਾਲ ਇਸ ਮਾਰਗ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਤਰਜ਼ ’ਤੇ ਵਿਕਸਿਤ ਕਰਨ ਦੀ ਯੋਜਨਾ ਬਣਾਈ ਗਈ ਸੀ। “ਵ੍ਹਾਈਟ ਸਿਟੀ” ਦੇ ਸੰਕਲਪ ਨੂੰ ਧਿਆਨ ’ਚ ਰੱਖਦਿਆਂ ਇਹ ਮਾਰਗ ਸਫੈਦ ਸੰਗਮਰਮਰ ਨਾਲ ਤਿਆਰ ਕੀਤਾ ਜਾਣਾ ਸੀ, ਜੋ ਵਿਸ਼ਵ ਪੱਧਰ ’ਤੇ ਆਪਣੀ ਕਿਸਮ ਦਾ ਪਹਿਲਾ “ਵ੍ਹਾਈਟ ਵਿਰਾਸਤੀ ਮਾਰਗ” ਬਣ ਸਕਦਾ ਸੀ। ਇਸ ਪ੍ਰੋਜੈਕਟ ’ਚ ਪੈਦਲ ਯਾਤਰੀਆਂ ਲਈ ਖੁੱਲ੍ਹੀ, ਸੁਚੱਜੀ ਤੇ ਸੁਰੱਖਿਅਤ ਥਾਂ, ਆਧੁਨਿਕ ਰੋਸ਼ਨੀ ਪ੍ਰਬੰਧ ਤੇ ਵਿਰਾਸਤੀ ਅਨੁਭਵ ਨੂੰ ਕੇਂਦਰ ’ਚ ਰੱਖਿਆ ਗਿਆ ਸੀ।
ਇਸ ਤੋਂ ਇਲਾਵਾ ਦੂਜੇ ਪੜਾਅ ’ਚ ਵੱਡੀ ਉਮਰ ਦੇ ਸ਼ਰਧਾਲੂਆਂ, ਦਿਵਿਆਂਗ ਵਿਅਕਤੀਆਂ ਤੇ ਬੱਚਿਆਂ ਲਈ ਲਿਫਟਾਂ ਲਗਾਉਣ ਦੀ ਯੋਜਨਾ ਵੀ ਸ਼ਾਮਲ ਸੀ, ਤਾਂ ਜੋ ਹਰ ਵਰਗ ਲਈ ਤਖ਼ਤ ਸਾਹਿਬ ਤੱਕ ਪਹੁੰਚ ਆਸਾਨ ਬਣ ਸਕੇ। ਚੰਡੀਗੜ੍ਹ-ਨੰਗਲ ਹਾਈਵੇ ਤੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੱਕ ਸਫੈਦ ਸੰਗਮਰਮਰ ਨਾਲ ਬਣਨ ਵਾਲੀ ਇਹ ਸਟ੍ਰੇਟ ਦੁਨੀਆ ਦੀ ਪਹਿਲੀ ਐਸੀ ਸਟ੍ਰੇਟ ਹੋਣੀ ਸੀ, ਜਿਸ ਨਾਲ ਸ੍ਰੀ ਅਨੰਦਪੁਰ ਸਾਹਿਬ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਨਵੀਂ ਪਛਾਣ ਮਿਲਣ ਦੀ ਉਮੀਦ ਸੀ।
ਅਕਤੂਬਰ ਮਹੀਨੇ ’ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇਸ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਗਿਆ ਸੀ ਤੇ ਨਿਰਮਾਣ ਕਾਰਜ ਸ਼ੁਰੂ ਵੀ ਹੋ ਗਿਆ ਸੀ ਪਰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ 350 ਸਾਲਾ ਸ਼ਤਾਬਦੀ ਸਮਾਗਮਾਂ ਕਾਰਨ ਸੰਗਤ ਨੂੰ ਹੋ ਸਕਣ ਵਾਲੀਆਂ ਮੁਸ਼ਕਲਾਂ ਦਾ ਹਵਾਲਾ ਦੇ ਕੇ ਕੰਮ ਰੁਕਵਾ ਦਿੱਤਾ ਗਿਆ। ਜਥੇਦਾਰ ਵੱਲੋਂ ਖੁਦ ਮੌਕੇ ’ਤੇ ਪਹੁੰਚ ਕੇ ਕੰਮ ਬੰਦ ਕਰਨ ਦੇ ਹੁਕਮ ਦਿੱਤੇ ਗਏ ਸਨ।
ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪੰਜਾਬ ਸਰਕਾਰ ਵਿਚਕਾਰ ਟਕਰਾਅ ਦੀ ਸਥਿਤੀ ਵੀ ਬਣੀ, ਪਰ ਸਰਕਾਰ ਨੇ ਧਾਰਮਿਕ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਤੁਰੰਤ ਕੰਮ ਰੁਕਵਾ ਦਿੱਤਾ। ਬਾਅਦ ’ਚ ਜਦੋਂ ਸ਼ਤਾਬਦੀ ਸਮਾਗਮ ਸਮਾਪਤ ਹੋਣ ਉਪਰੰਤ ਸੈਰ ਸਪਾਟਾ ਵਿਭਾਗ ਵੱਲੋਂ ਕੰਮ ਮੁੜ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਗਈ, ਤਾਂ ਇੱਕ ਵਾਰ ਫਿਰ ਜਥੇਦਾਰ ਤੇ ਸ਼੍ਰੋਮਣੀ ਕਮੇਟੀ ਵੱਲੋਂ ਟਾਸਕ ਫੋਰਸ ਭੇਜ ਕੇ ਕੰਮ ਰੁਕਵਾ ਦਿੱਤਾ ਗਿਆ।
ਮਾਮਲੇ ਨੂੰ ਲੈ ਕੇ ਦੋਵੇਂ ਪੱਖ ਇਕ-ਦੂਜੇ ’ਤੇ ਦੋਸ਼ ਲਾ ਰਹੇ ਹਨ, ਜਿਸ ਨਾਲ ਸਥਿਤੀ ਹੋਰ ਗੰਭੀਰ ਬਣ ਗਈ ਹੈ। ਸ਼੍ਰੋਮਣੀ ਕਮੇਟੀ ਦਾ ਕਹਿਣਾ ਹੈ ਕਿ ਪ੍ਰੋਜੈਕਟ ਸ਼ੁਰੂ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਭਰੋਸੇ ’ਚ ਨਹੀਂ ਲਿਆ ਗਿਆ। ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਕੌਮ ਦਾ ਅਸਥਾਨ ਹੈ ਤੇ ਇੱਥੇ ਕੋਈ ਵੀ ਫ਼ੈਸਲਾ ਸਾਂਝੀ ਸਲਾਹ ਨਾਲ ਹੀ ਹੋਣਾ ਚਾਹੀਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਬਿਨਾਂ ਸਲਾਹ ਦੇ ਕੰਮ ਸ਼ੁਰੂ ਕਰਨ ਕਾਰਨ ਇਹ ਸਥਿਤੀ ਪੈਦਾ ਹੋਈ ਤੇ ਇਸ ਲਈ ਸਰਕਾਰ ਖੁਦ ਜ਼ਿੰਮੇਵਾਰ ਹੈ।
ਨਿੱਜੀ ਨਹੀਂ ਸਗੋਂ ਕੌਮ ਦਾ ਕੰਮ ਹੈ : ਬੈਂਸ
ਦੂਜੇ ਪਾਸੇ ਇਸ ਮਾਮਲੇ ’ਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਇਹ ਪ੍ਰੋਜੈਕਟ ਕਿਸੇ ਵੀ ਤਰ੍ਹਾਂ ਦਾ ਸਿਆਸੀ ਜਾਂ ਵਪਾਰੀਕਰਨ ਨਹੀਂ ਸੀ, ਸਗੋਂ ਸਿਰਫ਼ ਸੰਗਤ ਦੀ ਸਹੂਲਤ ਤੇ ਵਿਰਾਸਤ ਦੀ ਸੰਭਾਲ ਲਈ ਬਣਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਇਹ ਨਿੱਜੀ ਨਹੀਂ, ਸਗੋਂ ਪੂਰੀ ਕੌਮ ਦਾ ਕੰਮ ਹੈ ਤੇ ਇਸ ਦਾ ਡਿਜ਼ਾਇਨ ਵੀ ਸ਼੍ਰੋਮਣੀ ਕਮੇਟੀ ਦੀ ਇਜਾਜ਼ਤ ਨਾਲ ਤਿਆਰ ਕੀਤਾ ਗਿਆ ਸੀ।
ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਹਰ ਪੜਾਅ ’ਤੇ ਧਾਰਮਿਕ ਮਰਿਆਦਾ ਦਾ ਪੂਰਾ ਧਿਆਨ ਰੱਖਿਆ ਗਿਆ ਤੇ ਸ਼ਤਾਬਦੀ ਦੌਰਾਨ ਕੰਮ ਰੋਕਣ ਦਾ ਫ਼ੈਸਲਾ ਵੀ ਇਸੇ ਸਤਿਕਾਰ ਤਹਿਤ ਲਿਆ ਗਿਆ ਸੀ। ਇਸ ਸਭ ਦੇ ਬਾਵਜੂਦ ਪ੍ਰੋਜੈਕਟ ਦਾ ਰੁਕਣਾ ਸ੍ਰੀ ਅਨੰਦਪੁਰ ਸਾਹਿਬ ਦੇ ਵਿਕਾਸ ਲਈ ਇਕ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ।
ਦੂਜੇ ਪਾਸੇ ਵਿਧਾਨ ਸਭਾ ਚੋਣਾਂ ਨੇੜੇ ਹੋਣ ਕਾਰਨ ਇਹ ਮਾਮਲਾ ਆਉਣ ਵਾਲੇ ਸਮੇਂ ’ਚ ਸਿਆਸੀ ਤੌਰ ’ਤੇ ਹੋਰ ਭਖਣ ਦੇ ਆਸਾਰ ਹਨ। ਵਿਰਾਸਤੀ ਮਾਰਗ ਦਾ ਕੰਮ ਰੱਦ ਹੋਣਾ ਹੁਣ ਇਕ ਵੱਡਾ ਚੋਣੀ ਮੁੱਦਾ ਬਣ ਸਕਦਾ ਹੈ ਤੇ ਇਹ ਊਠ ਕਿਸ ਕਰਵਟ ਬੈਠੇਗਾ, ਇਸ ਬਾਰੇ ਅਸਲ ਤਸਵੀਰ ਤਾਂ ਆਉਣ ਵਾਲਾ ਸਮਾਂ ਹੀ ਸਾਫ਼ ਕਰੇਗਾ। ਫਿਲਹਾਲ ਇਸ ਸਾਰੇ ਵਿਵਾਦ ਕਾਰਨ ਸ਼ਹਿਰ ਦੇ ਵਸਨੀਕਾਂ ਅਤੇ ਦਰਸ਼ਨ ਲਈ ਆਉਣ ਵਾਲੀਆਂ ਸੰਗਤਾਂ ਵਿੱਚ ਨਿਰਾਸ਼ਾ ਦਾ ਮਾਹੌਲ ਸਾਫ਼ ਤੌਰ ’ਤੇ ਵੇਖਣ ਨੂੰ ਮਿਲ ਰਿਹਾ ਹੈ।