ਸਤਸੰਗ ਘਰ ਦੀ ਆੜ ’ਚ ਮਹਿੰਗੇ ਭਾਅ ਵੇਚੀ ਜਾ ਰਹੀ ਮਿੱਟੀ
ਸਤਸੰਗ ਘਰ ਦੀ ਆੜ ਲੈ ਕੇ ਮਹਿੰਗੇ ਭਾਅ ਵਿੱਚ ਵੇਚੀ ਜਾ ਰਹੀ ਹੈ ਮਿੱਟੀ, ਪ੍ਰੋਪਰਟੀ ਡੀਲਰਾਂ ਨੂੰ ਲੱਗੀਆਂ ਮੌਜਾਂ
Publish Date: Wed, 24 Dec 2025 06:09 PM (IST)
Updated Date: Wed, 24 Dec 2025 06:10 PM (IST)

ਸ਼ਿਵਾਲਿਕ ਦੀਆਂ ਖੂਬਸੂਰਤ ਪਹਾੜੀਆਂ ਨੂੰ ਲੀਰੋ ਲੀਰ ਕਰਕੇ ਵਣ ਵਿਭਾਗ ਲਾਇਆ ਜਾ ਰਿਹੈ ਚੂਨਾ ਨਰਿੰਦਰ ਸੈਣੀ, ਪੰਜਾਬੀ ਜਾਗਰਣ ਸ੍ਰੀ ਕੀਰਤਪੁਰ ਸਾਹਿਬ : ਇਥੋਂ ਦੇ ਭੂਮੀ ਮਾਫੀਆ ਨੇ ਪਹਿਲਾਂ ਜਿੱਥੇ ਮਾਈਨਿੰਗ ਅਤੇ ਗੈਰ ਕਾਨੂੰਨੀ ਢੰਗ ਦੇ ਨਾਲ ਉਸਾਰੀਆਂ ਕੀਤੀਆਂ ਹੁਣ ਸ਼ਿਵਾਲਕ ਦੀਆਂ ਖੂਬਸੂਰਤ ਪਹਾੜੀਆਂ ਨੂੰ ਲੀਰੋ ਲੀਰ ਕਰਕੇ ਮਹਿੰਗੇ ਭਾਅ ਦੇ ਵਿੱਚ ਪ੍ਰੋਪਰਟੀ ਡੀਲਰਾਂ ਨੂੰ ਭਰਤ ਪਾ ਕੇ ਮੁਹੱਈਆ ਕਰਵਾਇਆ ਜਾ ਰਿਹਾ ਇੱਥੋਂ ਦੇ ਰਾਧਾ ਸੁਆਮੀ ਸਤਿਸੰਗ ਘਰ ਦੀ ਚਾਰਦੀਵਾਰੀ ਦੇ ਬਾਹਰੋਂ ਵੱਡੇ ਪੱਧਰ ਤੇ ਪਹਾੜੀ ਨੂੰ ਪੁੱਟ ਕੇ ਮਿੱਟੀ ਚੁੱਕੀ ਜਾ ਰਹੀ ਹੈ ਅਤੇ ਵੱਖ ਵੱਖ ਜਗ੍ਹਾ ਤੇ ਭਰਤ ਪਾਇਆ ਜਾ ਰਿਹਾ ਹੈ, ਜਿਸ ਨਾਲ ਮਾਫੀਆ ਦੁਆਰਾ ਲੱਖਾਂ ਰੁਪਏ ਮੁਨਾਫ਼ਾ ਕਮਾਇਆ ਜਾ ਰਿਹਾ ਹੈ, ਦੂਜੇ ਪਾਸੇ ਸਰਕਾਰ ਨੂੰ ਲੱਖਾਂ ਰੁਪਏ ਦਾ ਚੂਨਾ ਲੱਗ ਰਿਹਾ ਪ੍ਰੋਪਰਟੀ ਡੀਲਰਾਂ ਦੇ ਨਾਲ ਸਾਂਝ ਪਾ ਕੇ ਭਰਤ ਪਾਉਣ ਵਾਲੇ ਮਾਫੀਆ ਵੱਲੋਂ ਟਰਾਲੀ ਦੇ ਹਿਸਾਬ ਨਾਲ ਰੇਟ ਤੈਅ ਕਰਕੇ ਉੱਚੀਆਂ ਨੀਵੀਆਂ ਜਮੀਨਾਂ ਨੂੰ ਸਮਤਲ ਕੀਤਾ ਜਾਂਦਾ ਹੈ, ਜਿਸ ਨਾਲ ਉਸਦੇ ਰੇਟ ਅਸਮਾਨ ਨੂੰ ਛੂੰਹਣ ਲੱਗ ਜਾਂਦੇ ਹਨ। ਸ੍ਰੀ ਕੀਰਤਪੁਰ ਸਾਹਿਬ ਦੇ ਨੇੜੇ ਤੇੜੇ ਪ੍ਰੋਪਰਟੀ ਡੀਲਰਾਂ ਦੀ ਲਗਾਤਾਰ ਚਾਂਦੀ ਹੋ ਰਹੀ ਹੈ। ਘੱਟ ਰੇਟ ਵਿੱਚ ਜਮੀਨਾਂ ਖਰੀਦ ਕੇ ਸ਼ਿਵਾਲਕ ਦੀਆਂ ਖੂਬਸੂਰਤ ਪਹਾੜੀਆਂ ਤੋਂ ਮਿੱਟੀ ਚੋਰੀ ਕਰਕੇ ਪਾਏ ਜਾ ਰਹੇ ਭਰਤ ਜਮੀਨਾਂ ਦੇ ਰੇਟ ਅਸਮਾਨ ਨੂੰ ਪਹੁੰਚਾ ਦਿੱਤੇ ਗਏ ਹਨ। ਮੱਧ ਵਰਗੀ ਇਨਸਾਨ ਦੀ ਪਹੁੰਚ ਤੋਂ ਬਾਹਰ ਹੁੰਦੀਆਂ ਜਮੀਨਾਂ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਰਹੀਆਂ ਹਨ ਜਦੋਂ ਕਿ ਵੱਡੇ ਮਗਰ ਮੱਛਾਂ ਦੇ ਲਈ ਨਜ਼ਾਰੇ ਬਣੇ ਹੋਏ ਹਨ ਜਿੱਥੇ ਪਹਿਲਾਂ ਸ਼ਿਵਾਲਕ ਦੀ ਖੂਬਸੂਰਤ ਪਹਾੜੀਆਂ ਨੂੰ ਤਾਰ ਤਾਰ ਕਰਕੇ ਥੋੜੀ ਬਹੁਤੀ ਮਿੱਟੀ ਚੱਕੀ ਜਾ ਰਹੀ ਸੀ ਹੁਣ ਵੱਡੇ ਪੱਧਰ ਤੇ ਮਾਈਨਿੰਗ ਮਾਫੀਆ ਵੱਲੋਂ ਵਣ ਵਿਭਾਗ ਅਤੇ ਮਾਈਨਿੰਗ ਵਿਭਾਗ ਨੂੰ ਚੂਨਾ ਲਗਾ ਕੇ ਮਿੱਟੀ ਚੱਕੀ ਜਾ ਰਹੀ ਹੈ, ਹਾਲਾਂਕਿ ਇਹ ਸਭ ਕੁਝ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮਿਲੀ ਭੁਗਤ ਤੋਂ ਬਿਨਾਂ ਸੰਭਵ ਨਹੀਂ ਹੈ, ਗਰੀਬ ਵਿਅਕਤੀ ਜਦੋਂ ਕੋਈ ਆਪਣੇ ਘਰ ਜਾ ਖੇਤ ਵਿੱਚ ਇੱਕ ਟਰਾਲੀ ਮਿੱਟੀ ਦੀ ਵੀ ਚੱਕ ਲਵੇ ਤਾਂ ਪ੍ਰਸ਼ਾਸਨਿਕ ਅਧਿਕਾਰੀ ਤੁਰੰਤ ਪਹੁੰਚ ਕੇ ਮੋਟੇ ਜੁਰਮਾਨੇ ਕਰਦੇ ਹਨ ਪਰ ਇਹ ਮਾਈਨਿੰਗ ਮਾਫੀਆ ਪਹਾੜੀਆਂ ਪੱਧਰੀਆਂ ਕਰਕੇ ਮਿੱਟੀ ਨੂੰ ਮਹਿੰਗੇ ਭਾਅ ਵੇਚਦਾ ਹੈ, ਇਥੋਂ ਪਤਾ ਚੱਲਦਾ ਹੈ ਕੀ ਸਭ ਕੁਝ ਮਿਲੀ ਭੁਗਤ ਨਾਲ ਹੀ ਸੰਭਵ ਹੈ। ਫਿਰ ਵੀ ਜਦੋਂ ਪ੍ਰਸ਼ਾਸਨ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਤਾਂ ਉਹ ਪਹਿਲਾਂ ਫੋਟੋ ਮੰਗਦੇ ਹਨ ਫਿਰ ਪੱਤਰਕਾਰ ਦਾ ਹਵਾਲਾ ਪਾ ਕੇ ਮਾਮਲਾ ਦਰਜ ਕਰਨ ਦੀ ਗੱਲ ਕਰਦੇ ਹਨ। ਜਿਸ ਦੇ ਨਾਲ ਮਾਈਨਿੰਗ ਮਾਫੀਆ ਸਿੱਧਾ ਸਿੱਧਾ ਪੱਤਰਕਾਰਾਂ ਦੇ ਵੱਲ ਧਿਆਨ ਦਿੰਦਾ ਹੈ ਅਤੇ ਜ਼ਿਆਦਾਤਰ ਪੱਤਰਕਾਰ ਖਬਰ ਲਿਖਣ ਤੋਂ ਗੁਰੇਜ ਕਰ ਰਹੇ ਹਨ। ਰਾਧਾ ਸੁਆਮੀ ਸਤਿਸੰਗ ਡੇਰਾ ਜੋ ਕਿ ਪਿੰਡ ਭਟੋਲੀ ਦੇ ਵਿੱਚ ਸਥਿਤ ਹੈ ਅਤੇ ਨਗਰ ਪੰਚਾਇਤ ਕੀਰਤਪੁਰ ਸਾਹਿਬ ਦੀ ਹਦੂਦ ਅੰਦਰ ਆਉਂਦਾ ਹੈ। ਇਹ ਡੇਰਾ ਜ਼ਿਆਦਾਤਰ ਸ਼ਿਵਾਲਕ ਦੀਆਂ ਖੂਬਸੂਰਤ ਪਹਾੜੀਆਂ ਦੇ ਵਿੱਚ ਲੁਕਿਆ ਹੋਇਆ ਹੈ ਆਬਾਦੀ ਤੋਂ ਪਰੇ ਹੋਣ ਕਾਰਨ ਮਾਈਨਿੰਗ ਮਾਫੀਆ ਇਸ ਡੇਰੇ ਦੇ ਆਸ ਪਾਸ ਮਾਈਨਿੰਗ ਕਰਨ ਤੋਂ ਗੁਰੇਜ਼ ਨਹੀਂ ਕਰਦਾ ਕਿਉਂਕਿ ਡੇਰੇ ਦੇ ਨਾਲ ਧਾਰਮਿਕ ਭਾਵਨਾਵਾਂ ਜੁੜੀਆਂ ਹੋਈਆਂ ਹਨ ਹੁਣ ਅਧਿਕਾਰੀਆਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ ਕਿ ਡੇਰੇ ਦੇ ਅੰਦਰ ਮਿੱਟੀ ਆ ਰਹੀ ਸੀ ਤਾਂ ਮਿੱਟੀ ਚੁਕਾਈ ਜਾ ਰਹੀ ਪਰ ਹਕੀਕਤ ਕੁਝ ਹੋਰ ਹੈ ਸਤਿਸੰਗ ਘਰ ਦੇ ਨਾਲ ਤੋਂ ਲਗਭਗ 15 ਫੁੱਟ ਚੌੜਾ ਰਸਤਾ ਬਣਾ ਕੇ ਪੂਰੀ ਸੜਕ ਬਣਾ ਲਈ ਗਈ ਹੈ ਅਤੇ ਸ਼ਿਵਾਲਕ ਦੀਆਂ ਖੂਬਸੂਰਤ ਪਹਾੜੀਆਂ ਨੂੰ ਕੱਟਿਆ ਜਾ ਰਿਹਾ ਹੈ ਜਿਸ ਨਾਲ ਜਿੱਥੇ ਮਿੱਟੀ ਚੁੱਕੀ ਜਾ ਰਹੀ ਹੈ ਉੱਥੇ ਕੀਮਤੀ ਬੂਟੇ ਵੀ ਨਾਲ ਹੀ ਕੱਟੇ ਜਾ ਰਹੇ ਹਨ। ਇਸ ਸੰਬੰਧ ਵਿੱਚ ਜ਼ਿਲ੍ਹਾ ਜੰਗਲਾਤ ਅਧਿਕਾਰੀ ਕੰਨਵਰਦੀਪ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨਾਂ ਨੇ ਕਿਹਾ ਕਿ ਉਹ ਸਾਰੀ ਜਾਂਚ ਕਰਵਾ ਰਹੇ ਹਨ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਜਦੋਂ ਇਲਾਕੇ ਦੇ ਗਾਰਡ ਤਰਸੇਮ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਉਹਨਾਂ ਮੌਕੇ ਤੇ ਪਹੁੰਚ ਕੇ ਮੌਕਾ ਦੇਖਿਆ ਅਤੇ ਕੰਮ ਬੰਦ ਕਰਵਾ ਦਿੱਤਾ ਹੈ। ਉਹਨਾਂ ਕਿਹਾ ਕਿ ਰਾਧਾ ਸੁਆਮੀ ਸਤਿਸੰਗ ਬਿਆਸ ਡੇਰੇ ਵੱਲੋਂ ਪਰਮਿਸ਼ਨ ਮੰਗੀ ਗਈ ਹੈ ਪਰ ਅਜੇ ਤੱਕ ਸਬੰਧਤ ਮਹਿਕਮੇ ਵੱਲੋਂ ਕੋਈ ਇਜਾਜਤ ਜ਼ਾਰੀ ਨਹੀਂ ਕੀਤੀ ਗਈ। ਇਹ ਨਜਾਇਜ਼ ਪੁਟਾਈ ਹੋ ਰਹੀ ਸੀ।