ਪ੍ਰਧਾਨ ਧਾਮੀ ਨੇ ਦੱਸਿਆ ਕਿ ਬਾਰਡਰ ਇਲਾਕਿਆਂ 'ਚ ਸ਼੍ਰੋਮਣੀ ਕਮੇਟੀ ਵੱਲੋਂ ਨਵੇਂ ਵਲੰਟੀਅਰ ਤਾਇਨਾਤ ਕੀਤੇ ਗਏ ਹਨ, ਜੋ ਘਰ-ਘਰ ਜਾ ਕੇ ਲੋਕਾਂ ਨਾਲ ਸੰਪਰਕ ਕਰ ਰਹੇ ਹਨ ਅਤੇ ਗੁਰਮਤਿ ਅਧਾਰਿਤ ਜਾਗਰੂਕਤਾ ਫੈਲਾ ਰਹੇ ਹਨ। ਉਨ੍ਹਾਂ ਸਿੱਖ ਇਤਿਹਾਸ ਦਾ ਹਵਾਲਾ ਦਿੰਦਿਆਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਨਿਮਾਣਿਆਂ ਨੂੰ ਮਾਣ ਅਤੇ ਨਿਤਾਣਿਆਂ ਨੂੰ ਤਾਣ ਦਿੱਤਾ।

ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ ਸ੍ਰੀ ਆਨੰਦਪੁਰ ਸਾਹਿਬ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਖਾਲਸਾ ਪੰਥ ਦੇ ਕੌਮੀ ਤਿਉਹਾਰ ਹੋਲੇ ਮੁਹੱਲੇ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਧਰਮ ਦਾ ਅਸਲ ਰੂਪ ਕਦੇ ਤਬਦੀਲ ਨਹੀਂ ਹੁੰਦਾ, ਧਰਮ ਸਦਾ ਅਟੱਲ ਤੇ ਸਦੀਵੀ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਸਮਾਜਿਕ ਜਾਂ ਆਰਥਿਕ ਹਾਲਾਤ ਕਰਕੇ ਜੋ ਕੁਝ ਵਾਪਰਦਾ ਹੈ, ਉਸਨੂੰ ਧਰਮ ਪਰਿਵਰਤਨ ਕਹਿ ਦਿੱਤਾ ਜਾਂਦਾ ਹੈ ਜਦਕਿ ਹਕੀਕਤ 'ਚ ਉਹ “ਲਾਲਚ ਪਰਿਵਰਤਨ” ਹੁੰਦਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਧਰਮ ਦਾ ਵਾਧਾ ਸਿਧਾਂਤਾਂ, ਨਿਮਰਤਾ ਅਤੇ ਸੀਤਲਤਾ ਨਾਲ ਹੁੰਦਾ ਹੈ, ਨਾ ਕਿ ਲਾਲਚ ਜਾਂ ਜ਼ਬਰਦਸਤੀ ਨਾਲ।
ਐਡਵੋਕੇਟ ਧਾਮੀ ਨੇ ਕਿਹਾ ਕਿ ਹਰ ਇਕ ਨੂੰ ਆਪਣੇ ਧਰਮ ਅਨੁਸਾਰ ਜਿਊਣ ਦਾ ਅਧਿਕਾਰ ਹੈ, ਪਰ ਜੇ ਕਿਸੇ ਵੱਲੋਂ ਲਾਲਚ ਦੇ ਆਧਾਰ ’ਤੇ ਧਰਮ ਬਦਲਵਾਇਆ ਜਾਂਦਾ ਹੈ ਤਾਂ ਇਹ ਗਲਤ ਹੈ। ਉਨ੍ਹਾਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਪੰਜਾਬ 'ਚ ਧਰਮ ਪਰਿਵਰਤਨ ਸਬੰਧੀ ਦਿੱਤੇ ਬਿਆਨ 'ਤੇ ਪ੍ਰਤੀਕਰਿਆ ਦਿੰਦਿਆਂ ਕਿਹਾ ਇਸ ਮਾਮਲੇ ’ਚ ਸਿਰਫ਼ ਬਿਆਨਾਂ ਨਾਲ ਕੰਮ ਨਹੀਂ ਚੱਲੇਗਾ, ਸਗੋਂ ਸਹੀ ਢੰਗ ਨਾਲ ਕਾਰਵਾਈ ਕਰਨ ਦੀ ਲੋੜ ਹੈ। ਉਨ੍ਹਾਂ ਨੇ ਸੂਬਾ ਅਤੇ ਕੇਂਦਰ ਸਰਕਾਰਾਂ ਨੂੰ ਵੀ ਅਪੀਲ ਕੀਤੀ ਕਿ ਰਾਜਨੀਤੀ ਤੋਂ ਉੱਪਰ ਉਠ ਕੇ ਅਸਲੀ ਹਾਲਾਤ ’ਤੇ ਕੰਮ ਕੀਤਾ ਜਾਵੇ।
ਪ੍ਰਧਾਨ ਧਾਮੀ ਨੇ ਦੱਸਿਆ ਕਿ ਬਾਰਡਰ ਇਲਾਕਿਆਂ 'ਚ ਸ਼੍ਰੋਮਣੀ ਕਮੇਟੀ ਵੱਲੋਂ ਨਵੇਂ ਵਲੰਟੀਅਰ ਤਾਇਨਾਤ ਕੀਤੇ ਗਏ ਹਨ, ਜੋ ਘਰ-ਘਰ ਜਾ ਕੇ ਲੋਕਾਂ ਨਾਲ ਸੰਪਰਕ ਕਰ ਰਹੇ ਹਨ ਅਤੇ ਗੁਰਮਤਿ ਅਧਾਰਿਤ ਜਾਗਰੂਕਤਾ ਫੈਲਾ ਰਹੇ ਹਨ। ਉਨ੍ਹਾਂ ਸਿੱਖ ਇਤਿਹਾਸ ਦਾ ਹਵਾਲਾ ਦਿੰਦਿਆਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਨਿਮਾਣਿਆਂ ਨੂੰ ਮਾਣ ਅਤੇ ਨਿਤਾਣਿਆਂ ਨੂੰ ਤਾਣ ਦਿੱਤਾ। ਖਾਲਸਾ ਪੰਥ ਦੀ ਸਥਾਪਨਾ ਸਮੇਂ ਪੰਜ ਪਿਆਰਿਆਂ ਦੀ ਚੋਣ ਇਸ ਗੱਲ ਦਾ ਪ੍ਰਮਾਣ ਹੈ ਕਿ ਸਿੱਖ ਧਰਮ ਸਮਾਨਤਾ ਅਤੇ ਉੱਚੇ ਆਦਰਸ਼ਾਂ ’ਤੇ ਆਧਾਰਿਤ ਹੈ।
ਉਨ੍ਹਾਂ ਪਾਕਿਸਤਾਨ ਸਥਿਤ ਗੁਰਧਾਮਾਂ ਦੀਆਂ ਜਾਇਦਾਦਾਂ ਬਾਰੇ ਵੀ ਚਿੰਤਾ ਜਤਾਈ। ਉਨ੍ਹਾਂ ਦੱਸਿਆ ਕਿ ਜਦੋਂ ਨਨਕਾਣਾ ਸਾਹਿਬ ਦੀ ਸ਼ਤਾਬਦੀ ਮੌਕੇ ਉਹ ਪਾਕਿਸਤਾਨ ਗਏ ਸਨ ਤਾਂ ਉਨ੍ਹਾਂ ਨੇ ਉਥੇ ਅਧਿਕਾਰੀਆਂ ਨਾਲ ਮੁਲਾਕਾਤ ਕਰ ਕੇ ਗੁਰਦੁਆਰਿਆਂ ਦੀ ਸੰਪਤੀ ਅਤੇ ਪ੍ਰਬੰਧ ਬਾਰੇ ਜਾਣਕਾਰੀ ਲਈ ਸੀ। ਉਨ੍ਹਾਂ ਕਿਹਾ ਕਿ ਗੁਰਧਾਮਾਂ ਦੀ ਜਾਇਦਾਦ ਵੇਚਣ ਦੀ ਪ੍ਰਥਾ ਠੀਕ ਨਹੀਂ ਹੈ।
ਅੰਤ ਵਿਚ ਉਨ੍ਹਾਂ ਕਿਹਾ ਕਿ ਉਹ ਪਾਕਿਸਤਾਨ ਸਰਕਾਰ ਨੂੰ ਅਪੀਲ ਕਰਦੇ ਹਨ ਕੇ ਧਾਰਮਿਕ ਸਥਾਨਾਂ ਦੀ ਪਵਿੱਤਰਤਾ ਅਤੇ ਸੰਪਤੀ ਦੀ ਰੱਖਿਆ ਯਕੀਨੀ ਬਣਾਈ ਜਾਵੇ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੁੱਖ ਬੁਲਾਰੇ ਭਾਈ ਅਮਰਜੀਤ ਸਿੰਘ ਚਾਵਲਾ, ਜਥੇਦਾਰ ਰਾਮ ਸਿੰਘ, ਸਾਬਕਾ ਮੰਤਰੀ ਸੋਹਣ ਸਿੰਘ ਠੰਡਲ, ਸਾਬਕਾ ਮੈਨੇਜਰ ਕਰਮ ਸਿੰਘ ਵਿਸ਼ੇਸ਼ ਤੌਰ 'ਤੇ ਮੌਜੂਦ ਸਨ।