Ropar News : ਮਾਂ ਨੇ ਬੱਚੀ ਸਮੇਤ ਨਹਿਰ ’ਚ ਮਾਰੀ ਛਾਲ, ਔਰਤ ਦੀ ਮੌਤ, ਬੇਟੀ ਦੀ ਹਾਲਤ ਗੰਭੀਰ
ਨਜ਼ਦੀਕੀ ਪਿੰਡ ਜਟਾਣਾ ਦੀ ਇੱਕ ਔਰਤ ਵੱਲੋਂ ਆਪਣੀ ਬੱਚੀ ਸਮੇਤ ਸਰਹਿੰਦ ਨਹਿਰ ਵਿਚ ਛਾਲ ਮਾਰ ਦਿੱਤੀ ਗਈ। ਇਨ੍ਹਾਂ ਨੂੰ ਮੌਕੇ ’ਤੇ ਮੌਜੂਦ ਇੱਕ ਟੈਂਪੂ ਚਾਲਕ ਤੇ ਪੁਲੀਸ ਮੁਲਾਜ਼ਮ ਨੇ ਬੱਚੀ ਤੇ ਔਰਤ ਨੂੰ ਨਹਿਰ ’ਚੋਂ ਬਾਹਰ ਕੱਢਿਆ।
Publish Date: Sat, 17 Jan 2026 09:19 PM (IST)
Updated Date: Sat, 17 Jan 2026 09:24 PM (IST)
ਰਾਜਵੀਰ ਸਿੰਘ ਚੌਂਤਾ, ਪੰਜਾਬੀ ਜਾਗਰਣ, ਸ਼੍ਰੀ ਚਮਕੌਰ ਸਾਹਿਬ : ਨਜ਼ਦੀਕੀ ਪਿੰਡ ਜਟਾਣਾ ਦੀ ਇੱਕ ਔਰਤ ਵੱਲੋਂ ਆਪਣੀ ਬੱਚੀ ਸਮੇਤ ਸਰਹਿੰਦ ਨਹਿਰ ਵਿਚ ਛਾਲ ਮਾਰ ਦਿੱਤੀ ਗਈ। ਇਨ੍ਹਾਂ ਨੂੰ ਮੌਕੇ ’ਤੇ ਮੌਜੂਦ ਇੱਕ ਟੈਂਪੂ ਚਾਲਕ ਤੇ ਪੁਲਿਸ ਮੁਲਾਜ਼ਮ ਨੇ ਦੋਵਾਂ ਨੂੰ ਨਹਿਰ ’ਚੋਂ ਬਾਹਰ ਕੱਢਿਆ। ਇਸ ਸਬੰਧੀ ਥਾਣਾ ਮੁਖੀ ਰਜਿੰਦਰ ਕੁਮਾਰ ਨੇ ਦੱਸਿਆ ਕਿ ਜਸਪ੍ਰੀਤ ਕੌਰ (26) ਪਤਨੀ ਸੁਖਵਿੰਦਰ ਸਿੰਘ ਨਿਵਾਸੀ ਪਿੰਡ ਜਟਾਣਾ ਨੇ ਕਿਸੇ ਮਾਨਸਿਕ ਪਰੇਸ਼ਾਨੀ ਕਾਰਨ ਆਪਣੀ 2 ਸਾਲਾਂ ਦੀ ਬੱਚੀ ਨਿਮਰਤ ਕੌਰ ਸਮੇਤ ਸਰਹਿੰਦ ਨਹਿਰ ਵਿਚ ਛਾਲ ਮਾਰ ਦਿੱਤੀ।
ਇਨ੍ਹਾਂ ਨੂੰ ਦੇਖਦਿਆਂ ਹੀ ਜਿੱਥੇ ਇੱਕ ਟੈਂਪੂ ਚਾਲਕ ਨੇ ਨਹਿਰ ਵਿਚ ਛਾਲ ਮਾਰ ਕੇ ਇਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਉੱਥੇ ਹੀ ਇੱਕ ਪੁਲਿਸ ਮੁਲਾਜ਼ਮ ਭਾਗ ਸਿੰਘ ਨੇ ਆਪਣੀ ਦਸਤਾਰ ਉਤਾਰ ਕੇ ਨਹਿਰ ਵਿਚ ਸੁੱਟੀ ਅਤੇ ਮੌਕੇ ’ਤੇ ਹਾਜ਼ਰ ਲੋਕਾਂ ਦੇ ਸਹਿਯੋਗ ਨਾਲ ਦੋਵਾਂ ਨੂੰ ਨਹਿਰ ਵਿੱਚੋਂ ਬਾਹਰ ਕੱਢਿਆ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਉਹ ਪੁਲਿਸ ਪਾਰਟੀ ਮੌਕੇ ’ਤੇ ਪਹੁੰਚੀ ਅਤੇ ਜਸਪ੍ਰੀਤ ਕੌਰ ਤੇ ਨਿਮਰਤ ਕੌਰ ਨੂੰ ਸਰਕਾਰੀ ਹਸਪਤਾਲ ਵਿਖੇ ਇਲਾਜ ਲਈ ਲਿਆਂਦਾ ਗਿਆ, ਜਿੱਥੇ ਡਾਕਟਰਾਂ ਵੱਲੋਂ ਜਸਪ੍ਰੀਤ ਕੌਰ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਉਨ੍ਹਾਂ ਦੱਸਿਆ ਕਿ ਬੱਚੀ ਨਿਮਰਤ ਕੌਰ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਸਰਕਾਰੀ ਹਸਪਤਾਲ ਮੁਹਾਲੀ ਵਿਖੇ ਭੇਜ ਦਿੱਤਾ। ਉਨ੍ਹਾਂ ਦੱਸਿਆ ਕਿ ਮ੍ਰਿਤਕ ਜਸਪ੍ਰੀਤ ਕੌਰ ਵੱਲੋਂ ਨਹਿਰ ਵਿਚ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਥਾਣਾ ਮੁਖੀ ਨੇ ਪੁਲੀਸ ਮੁਲਾਜ਼ਮ ਭਾਗ ਸਿੰਘ ਅਤੇ ਟੈਂਪੂ ਚਾਲਕ ਵੱਲੋਂ ਦਿਖਾਈ ਬਹਾਦਰੀ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਨ੍ਹਾਂ ਦੋਹਾਂ ਨੂੰ ਗਣਤੰਤਰ ਦਿਵਸ ਮੌਕੇ ਸਨਮਾਨਿਤ ਕਰਨ ਦੀ ਸਿਫਾਰਿਸ਼ ਕੀਤੀ ਜਾਵੇਗੀ।