70 ਕਰੋੜ ਦੀ ਲਾਗਤ ਨਾਲ ਸੜਕਾਂ ਚੌੜੀਆਂ ਹੋਣ ਦਾ ਕੰਮ ਸ਼ੁਰੂ:ਵਿਧਾਇਕ ਚੱਢਾ

ਸਟਾਫ ਰਿਪੋਰਟਰ,ਪੰਜਾਬੀ ਜਾਗਰਣ,ਰੂਪਨਗਰ:
ਵਿਧਾਨ ਸਭਾ ਹਲਕਾ ਰੂਪਨਗਰ ਵਿਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿਚ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵੱਲੋਂ ਹਲਕੇ ਦੀਆਂ ਮੁੱਖ ਸੜਕਾਂ ਅਤੇ ਲਿੰਕ ਸੜਕਾਂ ਦਾ ਨਿਰਮਾਣ ਅਤੇ ਚੌੜਾ ਕਰਨ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ। ਇਹ ਪ੍ਰੋਜੈਕਟ ਅਧੀਨ ਹਲਕੇ ਦੀਆਂ 20 ਤੋਂ ਵੱਧ ਸੜਕਾਂ ਨੂੰ ਚੌੜਾ ਤੇ ਮਜ਼ਬੂਤ ਬਣਾਇਆ ਜਾ ਰਿਹਾ ਹੈ, ਜਿਸ ’ਤੇ ਕਰੀਬ 70 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਆਵੇਗੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਧਾਇਕ ਦਿਨੇਸ਼ ਚੱਢਾ ਨੇ ਦੱਸਿਆ ਕਿ ਰੂਪਨਗਰ ਹਲਕੇ ਦੀਆਂ ਬਹੁਤ ਸਾਰੀਆਂ ਸੜਕਾਂ ਪਿਛਲੇ ਕਈ ਦਹਾਕਿਆਂ ਤੋਂ ਖਸਤਾ ਹਾਲਤ ਵਿਚ ਸਨ ਅਤੇ ਕਦੇ ਵੀ ਉਨ੍ਹਾਂ ਦੀ ਚੌੜਾਈ ਵਧਾਉਣ ਵੱਲ ਧਿਆਨ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਹੁਣ ਆਪ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਲੋਕਾਂ ਦੀ ਸੁਵਿਧਾ, ਸੁਰੱਖਿਆ ਅਤੇ ਵਿਕਾਸ ਲਈ ਇਨ੍ਹਾਂ ਸੜਕਾਂ ਦੀ ਕਾਇਆਕਲਪ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਸ ਯੋਜਨਾ ਅਧੀਨ ਰੂਪਨਗਰ-ਨੂਰਪੁਰਬੇਦੀ ਮਾਰਗ ’ਤੇ ਪੈਂਦੇ ਪਿੰਡ ਔਲਖ ਤੋਂ ਅਸਾਲਤਪੁਰ ਅਤੇ ਲੈਹਿੜੀਆਂ ਨੂੰ ਜਾਣ ਵਾਲੀ ਸੜਕ, ਲੈਹਿੜੀਆਂ ਤੋਂ ਭਾਉਵਾਲ, ਨੂਰਪੁਰਬੇਦੀ ਤੋਂ ਸਿੰਬਲ ਮਾਜਰਾ ਤੇ ਮਵਾ, ਮੁਕਾਰੀ, ਮਵਾ ਤੋਂ ਭੈਣੀ ਅਤੇ ਥਾਣਾ ਨੂੰ ਜਾਂਦੀ ਸੜਕ, ਨੂਰਪੁਰਬੇਦੀ-ਗੜਸ਼ੰਕਰ ਰੋਡ ਤੋਂ ਮਾਣਕੂਮਾਜਰਾ, ਗੱਦੀਵਾਲ, ਠਾਣਾ ਅਤੇ ਸੰਗਤਪੁਰ ਤੱਕ ਦੀਆਂ ਸੜਕਾਂ ਦੀ ਚੌੜਾਈ 10 ਫੁੱਟ ਤੋਂ ਵਧਾ ਕੇ 18 ਫੁੱਟ ਤੱਕ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਲਿੰਕ ਰੋਡ ਗੁਰਦੁਆਰਾ ਅਰਜਨ ਰੁੱਖ ਤੋਂ ਸ਼ਹੀਦੀ ਬਾਗ ਬੇਈਂਹਾਰਾ ਤੱਕ ਸੜਕ ਦੀ ਚੌੜਾਈ 10 ਤੋਂ 14 ਫੁੱਟ ਕੀਤੀ ਜਾ ਰਹੀ ਹੈ।
ਇਸੇ ਤਰ੍ਹਾਂ ਰੂਪਨਗਰ-ਗੜਸ਼ੰਕਰ ਰੋਡ ਤੋਂ ਪਚਰੰਡਾ, ਸਾਖਪੁਰ ਤੋਂ ਝੱਜ ਸਕੂਲ ਤੱਕ ਦੀ ਸੜਕ ਨੂੰ 18 ਫੁੱਟ, ਨੂਰਪੁਰਬੇਦੀ ਤੋਂ ਸਰਾਏਂ ਪੱਤਣ ਅਤੇ ਬੂੰਗਾ ਸਾਹਿਬ ਤੱਕ ਦੀ ਸੜਕ ਨੂੰ 23 ਫੁੱਟ ਚੌੜਾ ਕੀਤਾ ਜਾ ਰਿਹਾ ਹੈ। ਨੂਰਪੁਰਬੇਦੀ ਤੋਂ ਚਨੌਲੀ ਵਾਇਆ ਸਸਕੌਰ ਅਤੇ ਲਖਣੋ ਫਿਰਨੀ ਸੜਕ, ਸੈਣੀ ਮਾਜਰਾ ਤੋਂ ਅਮਰਪੁਰ ਬੇਲਾ, ਸੈਣੀ ਮਾਜਰਾ ਤੋਂ ਰੋਲੀ, ਨੂਰਪੁਰਬੇਦੀ ਸਰਾਏਂ ਪੱਤਣ ਸੜਕ ਤੋਂ ਲਾਲਪੁਰ, ਟਿੱਬਾ ਨੰਗਲ ਸਰਾਏਂ ਪੱਤਣ ਤੋਂ ਬਾਹਮਣ ਮਾਜਰਾ, ਤਖਤਗੜ੍ਹ ਤੇ ਜਟਵਾਹੜ੍ਹ ਨੂੰ ਜਾਣ ਵਾਲੀਆਂ ਸੜਕਾਂ ਨੂੰ ਵੀ 18 ਫੁੱਟ ਚੌੜਾ ਕੀਤਾ ਜਾ ਰਿਹਾ ਹੈ। ਇਸ ਦੇ ਇਲਾਵਾ ਪਿੰਡ ਸਰਥਲੀ ਤੋਂ ਛੱਜਾ, ਬਜਰੂੜ ਤੋਂ ਸਰਾਏਂ, ਨੰਗਲ ਤੋਂ ਛੱਜਾ ਲਿੰਕ ਸੜਕ, ਬੜਵਾ ਹਾਈ ਸਕੂਲ ਤੋਂ ਮੁੰਨੇ ਤੱਕ, ਨੂਰਪੁਰਬੇਦੀ ਤੋਂ ਕਾਂਗੜ ਸੜਕ ਸਮੇਤ ਕਈ ਹੋਰ ਅਹਿਮ ਸੜਕਾਂ ਨੂੰ ਵੀ 18 ਫੁੱਟ ਚੌੜਾ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਐੱਨਐੱਚ-21 ਘਨੌਲੀ ਤੋਂ ਪਰਿਵਾਰ ਵਿਛੋੜਾ ਅਤੇ ਬੜਾ ਪਿੰਡ ਤੱਕ, ਐੱਨਐੱਚ-21 ਤੋਂ ਸੈਣੀ ਮਜਰਾ, ਇੰਦਰਪੁਰਾ ਤੋਂ ਘਨੌਲਾ, ਮੀਆਂਪੁਰ ਤੋਂ ਬਿੰਦਰਖ, ਪੁਰਖਾਲੀ ਅਤੇ ਐੱਨਐੱਚ-21 ਤੋਂ ਚੱਕ ਕਰਮਾਂ, ਮਨਸਾਲੀ ਸੜਕ ਨੂੰ ਵੀ ਚੌੜਾ ਕਰਕੇ ਆਧੁਨਿਕ ਰੂਪ ਦਿੱਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਹ ਸਾਰਾ ਕੰਮ ਉੱਚ ਗੁਣਵੱਤਾ ਵਾਲੇ ਮੈਟੀਰੀਅਲ ਨਾਲ ਕੀਤਾ ਜਾ ਰਿਹਾ ਹੈ ਤਾਂ ਜੋ ਸੜਕਾਂ ਲੰਬੇ ਸਮੇਂ ਤੱਕ ਟਿਕਾਊ ਰਹਿਣ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਨਾਲ ਨਾ ਸਿਰਫ ਆਵਾਜਾਈ ਸੁਗਮ ਹੋਵੇਗੀ, ਸਗੋਂ ਪਿੰਡਾਂ ਦੇ ਆਰਥਿਕ ਅਤੇ ਸਮਾਜਿਕ ਵਿਕਾਸ ਨੂੰ ਵੀ ਵੱਡਾ ਹੁਲਾਰਾ ਮਿਲੇਗਾ। ਉਨ੍ਹਾਂ ਭਰੋਸਾ ਦਿਵਾਇਆ ਕਿ ਆਉਣ ਵਾਲੇ ਸਮੇਂ ਵਿਚ ਰੂਪਨਗਰ ਹਲਕੇ ਦੀਆਂ ਸਾਰੀਆਂ ਸੜਕਾਂ ਆਧੁਨਿਕ ਸੜਕਾਂ ਦਾ ਰੂਪ ਧਾਰਨ ਕਰਨਗੀਆਂ।
ਫੋਟੋ:06ਆਰਪੀਆਰ22
ਕੈਪਸ਼ਨ:ਹਲਕਾ ਵਿਧਾਇਕ ਰੂਪਨਗਰ ਐਡਵੋਕੇਟ ਦਿਨੇਸ਼ ਚੱਢਾ।