ਸ਼ਹੀਦ ਜੋਬਨਪ੍ਰੀਤ ਸਿੰਘ ਦਾ ਫੌਜੀ ਸਨਮਾਨਾਂ ਨਾਲ ਅੰਤਿਮ ਸੰਸਕਾਰ
ਸੜਕ ਹਾਦਸੇ ’ਚ ਸ਼ਹੀਦ ਹੋਏ ਜੋਬਨਪ੍ਰੀਤ ਸਿੰਘ ਦਾ ਫੌਜੀ ਸਨਮਾਨਾਂ ਨਾਲ ਅੰਤਿਮ ਸੰਸਕਾਰ
Publish Date: Sat, 24 Jan 2026 07:43 PM (IST)
Updated Date: Sat, 24 Jan 2026 07:46 PM (IST)

ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ ਰੂਪਨਗਰ : ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ ਵਿਚ ਦੋ ਦਿਨ ਪਹਿਲਾਂ ਡਿਊਟੀ ਦੌਰਾਨ ਸੜਕ ਹਾਦਸੇ ਵਿਚ ਸ਼ਹੀਦ ਹੋਏ ਭਾਰਤੀ ਫੌਜ ਦੇ ਸਿਪਾਹੀ ਜੋਬਨਪ੍ਰੀਤ ਸਿੰਘ ਦਾ ਸ਼ਨੀਵਾਰ ਨੂੰ ਬਾਅਦ ਦੁਪਹਿਰ ਗਊਸ਼ਾਲਾ ਰੋਡ ’ਤੇ ਸ਼ਮਸ਼ਾਨਘਾਟ ਵਿਚ ਪੂਰੇ ਫੌਜੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਸੇਵਾਮੁਕਤ ਸਿਪਾਹੀ ਬਲਬੀਰ ਸਿੰਘ ਦੇ ਇਕਲੌਤੇ ਪੁੱਤਰ ਜੋਬਨਪ੍ਰੀਤ ਸਿੰਘ, ਨੂਰਪੁਰਬੇਦੀ ਇਲਾਕੇ ਵਿਚ ਪੈਂਦੇ ਪਿੰਡ ਚਨੌਲੀ ਦੇ ਵਸਨੀਕ ਸਨ ਅਤੇ ਵਰਤਮਾਨ ਸਮੇਂ ਗੋਬਿੰਦ ਵੈਲੀ ਵਿਖੇ ਰਹਿ ਰਹੇ ਸਨ। ਉਨ੍ਹਾਂ ਦੀ ਉਮਰ ਸਿਰਫ਼ 23 ਸਾਲ ਸੀ ਅਤੇ ਉਨ੍ਹਾਂ ਦਾ ਵਿਆਹ ਅਗਲੇ ਮਹੀਨੇ ਹੋਣਾ ਤੈਅ ਸੀ। 2019 ਵਿਚ ਭਾਰਤੀ ਫੌਜ ਵਿਚ ਸ਼ਾਮਲ ਹੋਏ ਜੋਬਨਪ੍ਰੀਤ ਸਿੰਘ ਇਸ ਸਮੇਂ 8ਵੀਂ ਕੈਵਲਰੀ ਆਰਮਡ ਯੂਨਿਟ-4 ਆਰਆਰ ਵਿਚ ਤਾਇਨਾਤ ਸਨ। ਰੂਪਨਗਰ ਵਿਚ ਉਨ੍ਹਾਂ ਦੇ ਨਿਵਾਸ ਸਥਾਨ ’ਤੇ ਪਹੁੰਚਣ ’ਤੇ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਥੋੜ੍ਹੇ ਸਮੇਂ ਲਈ ਜਨਤਕ ਦਰਸ਼ਨਾਂ ਲਈ ਰੱਖਿਆ ਗਿਆ। ਇਸ ਮੌਕੇ ਹਲਕਾ ਵਿਧਾਇਕ ਰੂਪਨਗਰ ਐਡਵੋਕੇਟ ਦਿਨੇਸ਼ ਚੱਢਾ ਨੇ ਮ੍ਰਿਤਕ ਦੇਹ ’ਤੇ ਫੁੱਲ ਚੜ੍ਹਾ ਕੇ ਸ਼ਰਧਾਂਜਲੀ ਭੇਂਟ ਕੀਤੀ, ਇਸ ਤੋਂ ਬਾਅਦ ਹੋਰ ਫੌਜੀ ਅਧਿਕਾਰੀਆਂ ਨੇ ਵੀ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਸ ਮੌਕੇ ਫੌਜੀ ਟੁਕੜੀ ਨੇ ਡੈੱਡ ਬਾਡੀ ਸਲੋ ਮਾਰਚ ਵਜਾਇਆ ਅਤੇ ਆਪਣੇ ਹਥਿਆਰ ਉਲਟੇ ਕਰ ਕੇ ਸ਼ਹੀਦ ਨੂੰ ਸਲਾਮੀ ਦਿੱਤੀ। ਇਸ ਦੌਰਾਨ ਸ਼ਹੀਦ ਦੇ ਸੇਵਾਮੁਕਤ ਸਿਪਾਹੀ ਪਿਤਾ ਵੱਲੋਂ ਆਪਣੀ ਫੌਜੀ ਵਰਦੀ ਪਹਿਨੇ ਆਪਣੇ ਇਕਲੌਤੇ ਪੁੱਤਰ ਨੂੰ ਸਲਾਮੀ ਦਿੱਤੀ ਗਈ ਤਾਂ ਸਾਰਿਆਂ ਦੀਆਂ ਅੱਖਾਂ ਨਮ ਹੋ ਗਈਆਂ। ਸ਼ਹੀਦ ਦੇ ਪਿਤਾ ਬਲਵੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਪੁੱਤਰ ਹੀ ਉਨ੍ਹਾਂ ਦਾ ਇੱਕੋ-ਇੱਕ ਸਹਾਰਾ ਸੀ ਅਤੇ ਉਸ ਦੇ ਵਿਆਹ ਦੀਆਂ ਤਿਆਰੀਆਂ ਪੂਰੀਆਂ ਹੋ ਗਈਆਂ ਸਨ। ਉਨ੍ਹਾਂ ਕਿਹਾ ਕਿ ਆਪਣੇ ਪੁੱਤਰ ਦੀ ਕੁਰਬਾਨੀ ਦੀ ਖਬਰ ਮਿਲਣ ਤੋਂ ਬਾਅਦ ਉਹ ਬਹੁਤ ਦੁਖੀ ਸੀ ਪ੍ਰੰਤੂ ਜਦੋਂ ਉਨ੍ਹਾਂ ਨੇ ਆਪਣੀ ਫੌਜ ਦੀ ਵਰਦੀ ਪਹਿਨੀ ਤਾਂ ਭਾਰਤ ਮਾਤਾ ਨੇ ਉਨ੍ਹਾਂ ਨੂੰ ਹਿੰਮਤ ਦਿੱਤੀ। ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਸਾਰੇ ਬਹਾਦਰਾਂ ਨੂੰ ਸਲਾਮ ਕਰਦੇ ਹਨ ਜਿਨ੍ਹਾਂ ਨੇ ਉਨ੍ਹਾਂ ਦੇ ਪੁੱਤਰ ਵਾਂਗ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਹਨ। ਇਸ ਦੇ ਨਾਲ ਹੀ ਸ਼ਹੀਦ ਦੇ ਸਰੀਰ ਨੂੰ ਪੂਰੇ ਰਸਮਾਂ-ਰਿਵਾਜਾਂ ਨਾਲ ਅਗਨੀ ਭੇਂਟ ਕੀਤਾ ਗਿਆ।। ਇਸ ਮੌਕੇ ਵੱਡੀ ਗਿਣਤੀ ਵਿਚ ਪ੍ਰਸ਼ਾਸਨਿਕ, ਸਮਾਜਿਕ, ਧਾਰਮਿਕ ਅਤੇ ਰਾਜਸੀ ਪ੍ਰਤੀਨਿਧੀ ਮੌਜੂਦ ਸਨ।