ਮੋਰਿੰਡਾ ਵਿਖੇ ਪਲਾਸਟਿਕ ਡੋਰ ਸਬੰਧੀ ਦੁਕਾਨਾਂ ਦੀ ਚੈਕਿੰਗ
ਮੋਰਿੰਡਾ ਵਿਖੇ ਪੀਪੀਸੀਬੀ ਦੀ ਟੀਮ ਵੱਲੋਂ ਪਲਾਸਟਿਕ ਡੋਰ ਸਬੰਧੀ ਦੁਕਾਨਾਂ ਦੀ ਚੈਕਿੰਗ
Publish Date: Tue, 20 Jan 2026 04:33 PM (IST)
Updated Date: Tue, 20 Jan 2026 04:36 PM (IST)

ਪੰਜਾਬੀ ਜਾਗਰਣ ਟੀਮ, ਮੋਰਿੰਡਾ : ਮੋਰਿੰਡਾ ਦੀ ਮੇਨ ਮਾਰਕੀਟ ਵਿਖੇ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ (ਪੀਪੀਸੀਬੀ) ਦੀ ਟੀਮ ਵੱਲੋਂ ਐੱਸਡੀਓ ਸ਼ੁਭਮ ਰਾਏ ਦੀ ਅਗਵਾਈ ਹੇਠ ਵੱਖ-ਵੱਖ ਦੁਕਾਨਾਂ ’ਤੇ ਅਚਾਨਕ ਚੈਕਿੰਗ ਕੀਤੀ। ਇਸ ਟੀਮ ਵਿਚ ਸੁਪਰਵਾਈਜ਼ਰ ਗੁਰਲਾਲ ਸਿੰਘ ਤੇ ਯਸ਼ਪਾਲ ਮੇਹਤਾ, ਗੁਰਸ਼ਰਨ ਸਿੰਘ ਤੇ ਆਮਿਰ ਹਸਨ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਇਸ ਕਾਰਵਾਈ ਦਾ ਮੁੱਖ ਮਕਸਦ ਪਾਬੰਦੀਸ਼ੁਦਾ ਨਾਇਲੋਨ/ਪਲਾਸਟਿਕ ਡੋਰ ਦੀ ਵਿਕਰੀ ’ਤੇ ਰੋਕ ਲਗਾਉਣਾ ਅਤੇ ਵਾਤਾਵਰਣ ਅਤੇ ਜਨਤਕ ਸੁਰੱਖਿਆ ਨਾਲ ਜੁੜੇ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣਾ ਹੈ। ਇਸ ਚੈਕਿੰਗ ਅਭਿਆਨ ਦੌਰਾਨ ਖਾਸ ਤੌਰ ’ਤੇ ਪਤੰਗ ਅਤੇ ਪਤੰਗ ਡੋਰ ਵੇਚਣ ਵਾਲੀਆਂ ਦੁਕਾਨਾਂ ’ਤੇ ਗਹਿਰਾਈ ਨਾਲ ਜਾਂਚ ਕੀਤੀ ਗਈ। ਇਸ ਚੈਕਿੰਗ ਦੌਰਾਨ ਮੋਰਿੰਡਾ ਪੁਲਿਸ ਦੀ ਟੀਮ ਵੀ ਸ਼ਾਮਲ ਸੀ। ਇਸ ਚੈਕਿੰਗ ਮੁਹਿੰਮ ਦੌਰਾਨ ਪੀਪੀਸੀਬੀ ਦੀ ਟੀਮ ਨੂੰ ਕਿਸੇ ਵੀ ਦੁਕਾਨ ਤੋਂ ਪਾਬੰਦੀਸ਼ੁਦਾ ਪਲਾਸਟਿਕ ਡੋਰ ਜਾਂ ਹੋਰ ਸਮੱਗਰੀ ਬਰਾਮਦ ਨਹੀਂ ਹੋਈ। ਇਸ ਮੌਕੇ ਟੀਮ ਵੱਲੋਂ ਪਤੰਗ-ਡੋਰ ਵੇਚਣ ਵਾਲੇ ਦੁਕਾਨਦਾਰਾਂ ਪਾਬੰਦੀਸ਼ੁਦਾ ਡੋਰ ਨਾ ਵੇਚਣ ਦੀ ਸਖਤ ਚੇਤਾਵਨੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਇਹ ਪਲਾਸਟਿਕ ਡੋਰ ਨਾ ਸਿਰਫ ਵਾਤਾਵਰਣ ਸਗੋਂ ਇਨਸਾਨਾਂ ਤੇ ਪਸ਼ੂ-ਪੰਛੀਆਂ ਤੇ ਵਿਸ਼ੇਸ਼ ਤੌਰ ’ਤੇ ਦੋ ਪਹੀਆ ਵਾਹਨ ਚਾਲਕਾਂ ਲਈ ਬੇਹੱਦ ਘਾਤਕ ਹੈ ਤੇ ਜਾਨਲੇਵਾ ਖਤਰਾ ਬਣਦੀ ਹੈ। ਇਸ ਮੌਕੇ ਐੱਸਡੀਓ ਸ਼ੁਭਮ ਰਾਏ ਨੇ ਦੁਕਾਨਦਾਰਾਂ ਨੂੰ ਕਿਹਾ ਕਿ ਪੰਜਾਬ ਸਰਕਾਰ ਅਤੇ ਪੀਪੀਸੀਬੀ ਵੱਲੋਂ ਪਲਾਸਟਿਕ ਡੋਰ ਦੀ ਵਿਕਰੀ ਅਤੇ ਵਰਤੋਂ ਕਰਨ ’ਤੇ ਪੂਰਨ ਪਾਬੰਦੀ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਪਲਾਸਟਿਕ ਡੋਰ ਦੀ ਬਰਾਮਦੀ ਹੋਣ ’ਤੇ ਸਬੰਧਿਤ ਦੁਕਾਨਦਾਰ ਜਾਂ ਵਿਅਕਤੀ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ, ਜਿਸ ਦੇ ਤਹਿਤ ਜੁਰਮਾਨਾ ਅਤੇ ਸਖਤ ਸਜਾ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਚੈਕਿੰਗ ਮੁਹਿੰਮ ਭਵਿੱਖ ਵਿਚ ਵੀ ਜਾਰੀ ਰਹੇਗੀ ਤਾਂ ਜੋ ਪਾਬੰਦੀਸ਼ੁਦਾ ਸਮੱਗਰੀ ਦੀ ਵਿਕਰੀ ’ਤੇ ਪੂਰੀ ਤਰ੍ਹਾਂ ਰੋਕ ਲਗਾਈ ਜਾ ਸਕੇ ਅਤੇ ਆਮ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ। ਇਸ ਮੌਕੇ ਦੁਕਾਨਦਾਰਾਂ ਵੱਲੋਂ ਪੀਪੀਸੀਬੀ ਦੀ ਟੀਮ ਨੂੰ ਭਰੋਸਾ ਦਿਵਾਇਆ ਗਿਆ ਕਿ ਉਹ ਪਲਾਸਟਿਕ ਡੋਰ ਨਹੀਂ ਵੇਚਣਗੇ ਅਤੇ ਭਵਿੱਖ ਵਿਚ ਵੀ ਕਾਨੂੰਨ ਦੀ ਉਲੰਘਣਾ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਉਹ ਹਿਦਾਇਤਾਂ ਅਨੁਸਾਰ ਸਿਰਫ ਵਾਤਾਵਰਣ ਅਨੁਕੂਲ ਡੋਰ ਤੇ ਹੋਰ ਸਮੱਗਰੀ ਦੀ ਹੀ ਵਿਕਰੀ ਕਰਨਗੇ। ਉਨ੍ਹਾਂ ਕਿਹਾ ਕਿ ਉਹ ਪ੍ਰਸ਼ਾਸਨ ਨਾਲ ਪੂਰਾ ਸਹਿਯੋਗ ਕਰਨਗੇ ਅਤੇ ਨਿਯਮਾਂ ਦਾ ਸਖਤੀ ਨਾਲ ਪਾਲਣ ਕਰਨਗੇ।