ਡੇਢ ਦਰਜਨ ਕਿਸਾਨਾਂ ਦੀਆਂ ਮੋਟਰਾਂ ਤੋਂ ਤਾਰਾਂ, ਸਟਾਰਟਰ ਚੋਰੀ, ਕਿਸਾਨਾਂ ’ਚ ਰੋਸ
ਡੇਢ ਦਰਜਨ ਕਿਸਾਨਾਂ ਦੀਆਂ ਮੋਟਰਾਂ ਤੋਂ ਤਾਰਾਂ, ਸਟਾਰਟਰ ਚੋਰੀ, ਕਿਸਾਨਾਂ ਵਿਚ ਰੋਸ
Publish Date: Tue, 20 Jan 2026 03:38 PM (IST)
Updated Date: Tue, 20 Jan 2026 03:39 PM (IST)

ਅਮਰਜੀਤ ਧੀਮਾਨ, ਪੰਜਾਬੀ ਜਾਗਰਣ ਮੋਰਿੰਡਾ : ਮੋਰਿੰਡਾ ਇਲਾਕੇ ਵਿਚ ਚੋਰਾਂ ਵੱਲੋਂ ਇੱਕੋ ਰਾਤ ਵਿਚ ਡੇਢ ਦਰਜਨ ਦੇ ਕਰੀਬ ਕਿਸਾਨਾਂ ਦੀਆਂ ਮੋਟਰਾਂ ਦੀ ਕੇਬਲ, ਸਟਾਰਟਰ ਅਤੇ ਹੋਰ ਸਮਾਨ ਚੋਰੀ ਕਰ ਲਿਆ ਗਿਆ। ਇਸ ਨਾਲ ਹਰ ਕਿਸਾਨ ਦਾ 5 ਤੋਂ 10 ਹਜ਼ਾਰ ਰੁਪਏ ਤੱਕ ਦਾ ਨੁਕਸਾਨ ਹੋ ਗਿਆ। ਕਿਸਾਨਾਂ ਨੇ ਕਿਹਾ ਕਿ ਇਨ੍ਹਾਂ ਹੋ ਰਹੀਆਂ ਚੋਰੀ ਦੀਆਂ ਘਟਨਾਵਾਂ ਦੇ ਕਾਰਨ ਉਨ੍ਹਾਂ ਨੂੰ ਆਪਣੀਆਂ ਮੋਟਰਾਂ ਦੀ ਸੁਰੱਖਿਆ ਨੂੰ ਲੈ ਕਿ ਉਹ ਕਾਫੀ ਚਿੰਤਿਤ ਹਨ। ਕਿਸਾਨਾਂ ਨੇ ਕਿਹਾ ਕਿ ਸਮੇਂ ਪੁਲਿਸ ਦੀ ਗਸ਼ਤ ਨਾ ਹੋਣ ਕਾਰਨ ਚੋਰਾਂ ਦੇ ਹੌਸਲੇ ਬੁਲੰਦ ਹਨ ਤੇ ਇਸ ਦੇ ਚੱਲਦਿਆਂ ਇਲਾਕਾ ਵਾਸੀਆਂ ’ਚ ਪੁਲਿਸ ਪ੍ਰਤੀ ਰੋਸ ਵੀ ਪਾਇਆ ਜਾ ਰਿਹਾ ਹੈ। ਇਸ ਸਬੰਧੀ ਭਾਕਿਯੂ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਚਲਾਕੀ , ਦਵਿੰਦਰ ਸਿੰਘ ਮਝੈਲ ਸਰਪੰਚ ਡੂਮਛੇੜੀ, ਸੁਖਬੀਰ ਸਿੰਘ ਡੂਮਛੇੜੀ ਆਦਿ ਆਗੂਆਂ ਨੇ ਦੱਸਿਆ ਕਿ ਪਿੰਡ ਡੂਮਛੇੜੀ ਤੋਂ ਕਜੌਲੀ ਵਾਲੀ ਸੜਕ ’ਤੇ ਲਗਭਗ ਇੱਕ ਦਰਜਨ ਮੋਟਰਾਂ ਦੀ ਕੇਬਲ, ਸਟਾਰਟਰ ਆਦਿ ਇੱਕੋ ਰਾਤ ਵਿਚ ਚੋਰੀ ਕਰ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਅਜਿਹਾ ਪਹਿਲੀ ਵਾਰ ਨਹੀਂ ਸਗੋਂ ਕਈ ਵਾਰ ਹੋ ਚੁੱਕਾ ਹੈ। ਉਨ੍ਹਾਂ ਦੱਸਿਆ ਕਿਹਾ ਕਿ ਡੂਮਛੇੜੀ ਤੋਂ ਕਜੌਲੀ ਤੱਕ ਦੀ ਸੜਕ ਦੇ ਕਿਨਾਰੇ ਤੋਂ ਸਰਪੰਚ ਦਵਿੰਦਰ ਸਿੰਘ ਮਝੈਲ ਡੂਮਛੇੜੀ, ਸੁਖਬੀਰ ਸਿੰਘ, ਰਣਬੀਰ ਸਿੰਘ, ਸਰਬਜੀਤ ਸਿੰਘ, ਮਨਦੀਪ ਸਿੰਘ, ਇਕਬਾਲ ਸਿੰਘ, ਦਲਬੀਰ ਸਿੰਘ, ਦਵਿੰਦਰ ਸਿੰਘ, ਹਰਪ੍ਰੀਤ ਸਿੰਘ ਆਦਿ ਕਿਸਾਨਾਂ ਦੀਆਂ ਮੋਟਰਾਂ ਦੀਆਂ ਤਾਰਾਂ, ਸਟਾਰਟਰ ਆਦਿ ਇੱਕੋ ਰਾਤ ਵਿਚ ਚੋਰੀ ਕਰ ਲਏ ਗਏ। ਇਸੇ ਤਰ੍ਹਾਂ ਪਿੰਡ ਚਲਾਕੀ ਦੇ ਕਿਸਾਨ ਹਰਪਾਲ ਸਿੰਘ ਤੇ ਅਮਰਜੀਤ ਸਿੰਘ ਤੋਂ ਇਲਾਵਾ ਬਹਿਬਲਪੁਰ ਦੇ ਅਮਰ ਸਿੰਘ, ਸੁਖਬੀਰ ਸਿੰਘ ਅਤੇ ਤਾਜਪੁਰਾ ਦੇ ਬਾਵਾ ਸਿੰਘ ਅਤੇ ਮਨਜੀਤ ਸਿੰਘ ਤਾਜਪੁਰਾ ਆਦਿ ਕਿਸਾਨਾਂ ਦੀਆਂ ਮੋਟਰਾਂ ਦੀ ਕੇਬਲ ਆਦਿ ਸਮਾਨ ਚੋਰੀ ਕਰ ਲਿਆ ਗਿਆ ਹੈ। ਇਨ੍ਹਾਂ ਚੋਰੀਆਂ ਦੇ ਕਾਰਨ ਕਿਸਾਨਾਂ ਦਾ ਲੱਗਭੱਗ ਡੇਢ ਲੱਖ ਰੁਪਏ ਤੋਂ ਵੱਧ ਨੁਕਸਾਨ ਹੋ ਗਿਆ ਹੈ। ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਕਿਸਾਨ ਨਿਰਾਸ਼ ਇਸ ਸਬੰਧੀ ਉਪਰੋਕਤ ਆਗੂਆਂ ਤੇ ਕਿਸਾਨਾਂ ਨੇ ਕਿਹਾ ਕਿ ਕਿਸਾਨਾਂ ਵਿਚ ਪੁਲਿਸ ਦੀ ਢਿੱਲੀ ਕਾਰਵਾਈ ਪ੍ਰਤੀ ਕਾਫੀ ਨਿਰਾਸ਼ਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੂੰ ਸ਼ੱਕੀ ਵਿਅਕਤੀਆਂ ਬਾਰੇ ਜਾਣਕਾਰੀ ਵੀ ਦਿੱਤੀ ਗਈ ਹੈ ਪ੍ਰੰਤੂ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਨਵੰਬਰ ਮਹੀਨੇ ਵਿਚ ਕਿਸੇ ਨੌਸਰਬਾਜ਼ ਵੱਲੋਂ ਮੋਰਿੰਡਾ ਵਿਖੇ ਕਿਸਾਨ ਰਵਿੰਦਰ ਸਿੰਘ ਕੋਟਬਾਲਾ ਦਾ ਏਟੀਐੱਮ ਕਾਰਡ ਬਦਲ ਲਿਆ ਗਿਆ ਸੀ ਪ੍ਰੰਤੂ ਪੁਲਿਸ ਵੱਲੋਂ ਸੀਸੀਟੀਵੀ ਦੀ ਫੁਟੇਜ ਦੀ ਜਾਂਚ ਦੇ ਬਾਵਜੂਦ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਮੌਕੇ ਉਕਤ ਆਗੂਆਂ ਤੇ ਕਿਸਾਨਾਂ ਨੇ ਮੰਗ ਕੀਤੀ ਕਿ ਜਲਦ ਤੋਂ ਜਲਦ ਚੋਰਾਂ ਦਾ ਪਤਾ ਲਗਾ ਕੇ ਸਖਤ ਕਾਰਵਾਈ ਕੀਤੀ ਜਾਵੇ ਅਤੇ ਰਾਤ ਸਮੇਂ ਪੁਲਿਸ ਦੀ ਗਸ਼ਤ ਵਧਾਈ ਜਾਵੇ।ਉਨ੍ਹਾਂ ਕਿਹਾ ਕਿ ਇਲਾਕੇ ਵਿਚ ਚੋਰਾਂ ਵੱਲੋਂ ਥੋੜੇ ਸਮੇਂ ਬਾਅਦ ਹੀ ਕਿਸਾਨਾਂ ਦੀਆਂ ਮੋਟਰਾਂ ਤੋਂ ਸਮਾਨ ਚੋਰੀ ਕਰ ਲਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕਣਕ ਦਾ ਸੀਜ਼ਨ ਹੋਣ ਦੇ ਕਾਰਨ ਚੋਰੀ ਦੀਆਂ ਇਨ੍ਹਾਂ ਘਟਨਾਵਾਂ ਦੇ ਕਾਰਨ ਕਿਸਾਨਾਂ ਨੂੰ ਆਰਥਿਕ ਤੇ ਮਾਨਸਿਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।