ਆਊਟਸੋਰਸ ਵਰਕਰਾਂ ਵੱਲੋਂ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ
ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਆਊਟਸੋਰਸ ਵਰਕਰਾਂ ਵੱਲੋਂ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ
Publish Date: Tue, 20 Jan 2026 03:31 PM (IST)
Updated Date: Tue, 20 Jan 2026 03:33 PM (IST)

ਪੰਜਾਬੀ ਜਾਗਰਣ ਟੀਮ, ਮੋਰਿੰਡਾ : ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਆਊਟਸੋਰਸ ਵਰਕਰ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਲਗਾਤਾਰ ਹੜਤਾਲ ਕਰ ਦਿੱਤੀ ਗਈ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਸੁਬਾਈ ਆਗੂ ਨਰਿੰਦਰ ਸ਼ਰਮਾ ਨੇ ਦੱਸਿਆ ਕਿ ਇਸ ਸੰਬੰਧ ਵਿੱਚ ਜਥੇਬੰਦੀ ਵੱਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ, ਵਿੱਤ ਅਤੇ ਯੋਜਨਾ ਮੰਤਰੀ ਹਰਪਾਲ ਸਿੰਘ ਚੀਮਾ, ਸਥਾਨਕ ਸਰਕਾਰਾਂ ਮੰਤਰੀ ਸੰਜੀਵ ਕੁਮਾਰ ਅਰੋੜਾ ਨੂੰ ਜਿੱਥੇ ਆਪਣੀਆਂ ਮੰਗਾਂ ਸਬੰਧੀ ਸੂਚਿਤ ਕੀਤਾ ਗਿਆ ਹੈ ਉੱਥੇ ਹੀ ਮੰਗ ਪੱਤਰ ਭੇਜ ਕੇ ਮੰਗ ਕੀਤੀ ਗਈ ਹੈ ਕਿ ਉਨ੍ਹਾਂ ਦੀਆਂ ਪਿਛਲੇ ਲੰਬੇ ਸਮੇਂ ਤੋਂ ਚੱਲੀਆਂ ਆ ਰਹੀਆਂ ਮੰਗਾਂ ਦੀ ਤੁਰੰਤ ਪੂਰਤੀ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਚਾਰ ਮਹੀਨੇ ਤੋਂ ਮੌੜ ਮੰਡੀ ਦੇ 15 ਆਊਟਸੋਰਸ ਕਾਮਿਆਂ ਦਾ ਰੁਜ਼ਗਾਰ ਬਹਾਲ ਨਾ ਕਰਨ ਅਤੇ ਕਾਮਿਆਂ ਦੀਆਂ ਹੱਕੀ ਮੰਗਾਂ ਦਾ ਹੱਲ ਨਾ ਕਰਨ ਦੇ ਰੋਸ ਵਜੋਂ ਪੰਜਾਬ ਪੱਧਰੀ ਹੜਤਾਲ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਆਊਟਸੋਰਸ ਵਰਕਰ ਯੂਨੀਅਨ ਦੀ ਅਗਵਾਈ ਵਿਚ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਆਊਟ ਸੋਰਸ ਕਾਮਿਆਂ ਵੱਲੋਂ ਆਪਣੀਆਂ ਪੰਜਾਬ ਪੱਧਰੀ ਹੱਕੀ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਸੀ ਕਿ ਸੰਘਰਸ਼ ਦੌਰਾਨ 25 ਅਗਸਤ 2025 ਨੂੰ ਮੌੜ ਮੰਡੀ ਦੇ 15 ਆਊਟਸੋਰਸ ਸੀਵਰਮੈਨ ਵਰਕਰਾਂ ਤੇ ਝੂਠੇ ਪਰਚੇ ਪਾ ਕੇ ਉਹਨਾਂ ਨੂੰ ਜੇਲ ਭੇਜਿਆ ਅਤੇ ਉਨਾਂ ਨੂੰ ਨੌਕਰੀ ਤੋਂ ਵੀ ਕੱਢਿਆ ਗਿਆ। ਉਨ੍ਹਾਂ ਕਿਹਾਕਿ ਚਾਰ ਮਹੀਨੇ ਬੀਤਣ ਦੇ ਬਾਵਜੂਦ ਅਜੇ ਤੱਕ ਉਨ੍ਹਾਂ ਗਰੀਬ ਆਊਟਸੋਰਸ ਕਾਮਿਆਂ ਨੂੰ ਨੌਕਰੀ ਤੇ ਨਹੀਂ ਰੱਖਿਆ ਗਿਆ। ਪੰਜਾਬ ਸਰਕਾਰ ਕੈਬਨਟ ਸਬ ਕਮੇਟੀ ਵੱਲੋਂ ਵਾਰ-ਵਾਰ ਜਥੇਬੰਦੀ ਨੂੰ ਮੀਟਿੰਗ ਦਾ ਸਮਾਂ ਦੇ ਕੇ ਵਾਰ-ਵਾਰ ਮੀਟਿੰਗ ਨੂੰ ਪੋਸਟਪੋਨ ਕੀਤਾ ਜਾ ਰਿਹਾ ਹੈ ਜਿਸ ਦੇ ਰੋਸ ਵਜੋਂ ਅੱਜ ਤੋਂ ਹੀ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਕਾਮੇ ਪੰਜਾਬ ਭਰ ਵਿੱਚ ਅਣਮਿੱਥੇ ਸਮੇਂ ਲਈ ਹੜਤਾਲ ਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀਆਂ ਮੁੱਖ ਮੰਗਾਂ ਵਿਚ ਮੌੜ ਮੰਡੀ ਦੇ 15 ਆਊਟਸੋਰਸ ਸੀਵਰਮੈਨ ਕਾਮਿਆਂ ਦੇ ਰੁਜ਼ਗਾਰ ਨੂੰ ਬਹਾਲ ਕੀਤਾ ਜਾਵੇ। ਪੰਜਾਬ ਭਰ ਵਿੱਚ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਵਿਚ ਕੰਮ ਕਰਦੇ ਆਊਟਸੋਰਸ ਕਾਮਿਆਂ ਨੂੰ ਮਹਿਕਮੇ ਵਿਚ ਮਰਜ ਕਰਕੇ ਰੈਗੂਲਰ ਕੀਤਾ ਜਾਵੇ, ਆਊਟਸੋਰਸ ਕਾਮਿਆਂ ਦੀ ਤਨਖਾਹ ਕਾਨੂੰਨ ਦੇ ਤਹਿਤ ਗੁਜਾਰੇ ਜੋਗੀ ਕੀਤੀ ਜਾਵੇ 50 ਸਾਲ ਦੀ ਉਮਰ ਦੇ ਆਊਟ ਸੋਰਸ ਕਾਮਿਆਂ ਦੀ ਨੌਕਰੀ ਕਰਨ ਦੀ ਉਮਰ 65 ਸਾਲ ਕੀਤੀ ਜਾਵੇ। ਆਗੂ ਨੇ ਕਿਹਾਕਿ ਅਗਸਤ ਮਹੀਨੇ ਦੀ ਬਰਨਾਲਾ ਤੇ ਸੰਗਰੂਰ ਦੇ ਆਊਟਸੋਰਸ ਕਾਮਿਆਂ ਦੀ ਕੱਟੀ ਤਨਖਾਹ ਤੁਰੰਤ ਜਾਰੀ ਕੀਤੀ ਜਾਵੇ ਅਤੇ ਜੀਪ ਈਪੀਐਫ ਫੰਡ ਜਮ੍ਹਾਂ ਕਰਵਾਇਆ ਜਾਵੇ।