ਟਿੱਪਰ ਨੇ ਸਾਈਕਲ ਸਵਾਰ ਕੁਚਲਿਆ
ਟਿੱਪਰ ਨੇ ਦਰੜਿਆ ਸਾਈਕਲ ਸਵਾਰ, ਸਾਈਕਲ ਸਵਾਰ ਦੀ ਮੌਤ
Publish Date: Tue, 20 Jan 2026 03:01 PM (IST)
Updated Date: Tue, 20 Jan 2026 03:03 PM (IST)

ਅਮਰਜੀਤ ਧੀਮਾਨ, ਪੰਜਾਬੀ ਜਾਗਰਣ, ਮੋਰਿੰਡਾ : ਨੇੜਲੇ ਪਿੰਡ ਸਮਾਣਾ ਨੇੜੇ ਇੱਕ ਤੇਜ਼ ਰਫਤਾਰ ਟਿੱਪਰ ਵੱਲੋਂ ਇੱਕ ਸਾਈਕਲ ਸਵਾਰ ਨੂੰ ਦਰੜਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਮੋਰਿੰਡਾ ਪੁਲੀਸ ਵੱਲੋਂ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸਬੰਧੀ ਇਲਾਕਾ ਵਾਸੀਆਂ ਵਿਚ ਇਨ੍ਹਾਂ ਟਿੱਪਰ ਚਾਲਕਾਂ ਤੇ ਪੁਲਿਸ ਪ੍ਰਸ਼ਾਸਨ ਖਿਲਾਫ ਕਾਫੀ ਰੋਸ ਪਾਇਆ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਛੋਟਾ ਸਮਾਣਾ- ਓਇੰਦ ਨੇੜੇ ਭਾਰਤ ਮਾਲਾ ਪ੍ਰੋਜੈਕਟ ਤਹਿਤ ਬਣ ਰਹੇ ਮਾਰਗ ’ਤੇ ਮਿੱਟੀ ਸੁੱਟ ਰਹੇ ਟਿੱਪਰ (ਪੀਬੀ- 10 ਜੇਕੇ-9263) ਨੇ ਪਿੰਡ ਛੋਟਾ ਸਮਾਣਾ ਦੇ ਆਪਣੇ ਖੇਤਾਂ ਵਿਚ ਕੰਮ ਕਰਕੇ ਸਾਈਕਲ ਤੇ ਘਰ ਜਾ ਰਹੇ ਕਿਸਾਨ ਅਵਤਾਰ ਸਿੰਘ ਪੁੱਤਰ ਛੱਜਾ ਸਿੰਘ (70) ਨੂੰ ਆਪਣੀ ਲਪੇਟ ਵਿਚ ਲੈ ਲਿਆ। ਇਸ ਦੇ ਕਾਰਨ ਅਵਤਾਰ ਸਿੰਘ ਦਾ ਸਾਈਕਲ ਸਵਾਰ ਟਿੱਪਰ ਦੇ ਟਾਇਰਾਂ ਵਿਚ ਫਸ ਗਿਆ ਅਤੇ ਅਵਤਾਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਦੀ ਸੂਚਨਾ ਮਿਲਣ ’ਤੇ ਪੁਲਿਸ ਚੌਕੀ ਲੁਠੇੜੀ ਦੇ ਇੰਚਾਰਜ ਏਐੱਸਆਈ ਸ਼ਿੰਦਰਪਾਲ ਸਿੰਘ ਮੌਕੇ ’ਤੇ ਪਹੁੰਚ ਗਏ ਅਤੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਟਿੱਪਰ ਚਾਲਕ ਖਿਲਾਫ ਮਾਮਲਾ ਦਰਜ ਕਰਨ ਅਤੇ ਲਾਸ਼ ਦਾ ਪੋਸਟਮਾਰਟਮ ਕਰਵਾਉਣ ਸਬੰਧੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਮੋਰਿੰਡਾ ਇਲਾਕੇ ਵਿਚ ਓਵਰਲੋਡ ਤੇ ਤੇਜ਼ ਰਫ਼ਤਾਰ ਟਿੱਪਰਾਂ ਨਾਲ ਸੜ੍ਹਕਾਂ ’ਤੇ ਚੱਲਣ ਵਾਲੇ ਵਾਹਨ ਚਾਲਕਾਂ ਤੇ ਆਮ ਲੋਕਾਂ ਵਿਚ ਭਾਰੀ ਦਹਿਸ਼ਤ ਪਾਈ ਜਾ ਰਹੀ ਹੈ। ਆਮ ਲੋਕਾਂ ਦਾ ਕਹਿਣਾ ਹੈ ਕਿ ਇਨ੍ਹਾ ਟਿੱਪਰਾਂ ਕਾਰਨ ਰੋਜ਼ਾਨਾ ਹੀ ਕਿਸੇ ਨਾ ਕਿਸੇ ਪਾਸੇ ਕੋਈ ਨਾ ਕੋਈ ਭਿਆਨਕ ਸੜਕ ਹਾਦਸੇ ਹੋ ਰਹੇ ਹਨ ਪ੍ਰੰਤੂ ਨਾ ਤਾਂ ਟਿੱਪਰ ਚਾਲਕ ਹੀ ਇਸ ਪ੍ਰਤੀ ਕੋਈ ਪਰਵਾਹ ਕਰ ਰਹੇ ਹਨ ਅਤੇ ਨਾ ਹੀ ਪੁਲਿਸ ਇਸ ਮਾਮਲੇ ਨੂੰ ਲੈ ਕੇ ਗੰਭੀਰਤਾ ਦਿਖਾ ਰਹੀ ਹੈ।