ਤੇਜ਼ਧਾਰ ਹਥਿਆਰ ਨਾਲ ਜ਼ਖਮੀ ਕਰਨ ਵਾਲਿਆਂ ਖ਼ਿਲਾਫ ਮਾਮਲਾ ਦਰਜ
ਤੇਜ਼ਧਾਰ ਹਥਿਆਰ ਨਾਲ ਜ਼ਖਮੀ ਕਰਨ ਵਾਲਿਆਂ ਖਿਲਾਫ ਮਾਮਲਾ ਦਰਜ
Publish Date: Mon, 19 Jan 2026 04:58 PM (IST)
Updated Date: Mon, 19 Jan 2026 05:00 PM (IST)

ਜੌਲੀ ਸੂਦ, ਪੰਜਾਬੀ ਜਾਗਰਣ ਮੋਰਿੰਡਾ : ਮੋਰਿੰਡਾ ਵਿਖੇ ਆਪਸੀ ਰੰਜਿਸ਼ ਦੇ ਚੱਲਦਿਆਂ ਕਾਰ ਨੂੰ ਟੱਕਰ ਮਾਰਨ ਤੋਂ ਬਾਅਦ ਨੌਜਵਾਨ ’ਤੇ ਜਾਨਲੇਵਾ ਹਮਲਾ ਕਰਨ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਵਿਚ ਇੱਕ ਨੌਜਵਾਨ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ, ਜਿਸ ਨੂੰ 108 ਐਂਬੂਲੈਂਸ ਦੀ ਮੱਦਦ ਨਾਲ ਸਿਵਲ ਹਸਪਤਾਲ ਮੋਰਿੰਡਾ ਵਿਖੇ ਦਾਖਲ ਕਰਵਾਇਆ ਗਿਆ। ਮੋਰਿੰਡਾ ਪੁਲਿਸ ਨੇ ਪੀੜਤ ਦੀ ਮੈਡੀਕਲ ਰਿਪੋਰਟਰ ਮਿਲਣ ਉਪਰੰਤ ਆਰੋਪੀਆਂ ਖਿਲਾਫ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲੀਸ ਥਾਣਾ ਸਿਟੀ ਮੋਰਿੰਡਾ ਦੇ ਐੱਸਐੱਚਓ ਗੁਰਮੁਖ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਸਾਹਿਲਪ੍ਰੀਤ ਸਿੰਘ ਪੁੱਤਰ ਸੁਖਜਿੰਦਰ ਸਿੰਘ ਨਿਵਾਸੀ ਦਮਦਮਾ ਸਾਹਿਬ, ਥਾਣਾ ਸ਼੍ਰੀ ਚਮਕੌਰ ਸਾਹਿਬ ਨੇ ਪੁਲੀਸ ਨੂੰ ਬਿਆਨ ਦਿੱਤਾ ਕਿ ਬੀਤੇ ਦਿਨੀਂ ਉਹ ਮੋਰਿੰਡਾ ਵਿਖੇ ਪੀਜ਼ਾ ਹੱਟ ਨੇੜੇ ਸਥਿਤ ਲੱਕੀ ਢਾਬੇ ਕੋਲ ਮੌਜੂਦ ਸੀ। ਉਸ ਦੇ ਅਨੁਸਾਰ ਇਸ ਦੌਰਾਨ ਕਾਰ ਸਵਾਰ ਗਗਨ ਵਾਸੀ ਚੱਕਲਾਂ, ਅਮਨ ਓਇੰਦ ਅਤੇ ਨਵ ਉੱਪਲ ਵੱਲੋਂ ਉਸ ਦੀ ਕਾਰ ਨੂੰ ਜਾਣਬੁੱਝ ਕੇ ਟੱਕਰ ਮਾਰੀ ਗਈ। ਸ਼ਿਕਾਇਤ ਅਨੁਸਾਰ ਟੱਕਰ ਤੋਂ ਬਾਅਦ ਤਿੰਨੇ ਦੋਸ਼ੀਆਂ ਨੇ ਕਾਰ ਵਿੱਚੋਂ ਉਤਰ ਕੇ ਉਸ ਨਾਲ ਗਾਲੀ-ਗਲੌਚ ਕਰਨੀ ਸ਼ੂਰੂ ਕਰ ਦਿੱਤੀ। ਸ਼ਿਕਾਇਤ ਅਨੁਸਾਰ ਇਸ ਦੌਰਾਨ ਗਗਨ ਵੱਲੋਂ ਤੇਜ਼ਧਾਰ ਹਥਿਆਰ ਨਾਲ ਸਾਹਿਲਪ੍ਰੀਤ ਸਿੰਘ ’ਤੇ ਵਾਰ ਕੀਤਾ। ਇਸ ਨਾਲ ਉਸ ਦੇ ਸਿਰ ਅਤੇ ਸ਼ਰੀਰ ’ਤੇ ਗੰਭੀਰ ਸੱਟਾਂ ਆਈਆਂ ਅਤੇ ਉਹ ਲਹੂ-ਲੁਹਾਨ ਹੋ ਗਿਆ। ਉਨਾਂ ਦੱਸਿਆ ਕਿ ਲੋਕਾਂ ਦੇ ਇਕੱਠ ਹੋਣ ਉਪਰੰਤ ਹਮਲਾਵਰ ਆਪਣੀ ਕਾਰ ਸਮੇਤ ਮੌਕੇ ਤੋਂ ਫ਼ਰਾਰ ਹੋ ਗਏ। ਇਸ ਦੌਰਾਨ ਰਾਹਗੀਰਾਂ ਵੱਲੋਂ 108 ਐਂਬੂਲੈਂਸ ਰਾਹੀਂ ਜ਼ਖਮੀ ਨੂੰ ਸਿਵਲ ਹਸਪਤਾਲ ਮੋਰਿੰਡਾ ਪਹੁੰਚਾਇਆ ਗਿਆ। ਉਨ੍ਹਾਂ ਦੱਸਿਆ ਕਿ ਮੈਡੀਕਲ ਲੀਗਲ ਰਿਪੋਰਟ (ਐੱਮਐੱਲਆਰ) ਦੇ ਆਧਾਰ ’ਤੇ ਪੁਲੀਸ ਥਾਣਾ ਸਿਟੀ ਮੋਰਿੰਡਾ ਵੱਲੋਂ ਬੀਐੱਨਐੱਸ ਦੀਆਂ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਾਂਚ ਅਧਿਕਾਰੀ ਏਐੱਸਆਈ ਸਤਨਾਮ ਸਿੰਘ ਦੀ ਟੀਮ ਵੱਲੋਂ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਜਲਦੀ ਕਾਬੂ ਕਰਕੇ ਕਾਨੂੰਨ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇਗੀ।