ਡੋਰਥੀ ਨੇ ਨੈਸ਼ਨਲ ਖੇਡਾਂ ’ਚ ਜਿੱਤਿਆ ਕਾਂਸੀ ਦਾ ਮੈਡਲ
ਡੀਏਵੀ ਸਕੂਲ ਦੀ ਡੋਰਥੀ ਨੇ ਨੈਸ਼ਨਲ ਖੇਡਾਂ ’ਚ ਜਿੱਤਿਆ ਕਾਂਸੀ ਦਾ ਮੈਡਲ
Publish Date: Fri, 16 Jan 2026 03:47 PM (IST)
Updated Date: Fri, 16 Jan 2026 03:48 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਇੰਡੀਅਨ ਕੈਕਿੰਗ ਅਤੇ ਕਨੋਇੰਗ ਐਸੋਸੀਏਸ਼ਨ ਨਵੀਂ ਦਿੱਲੀ ਵੱਲੋਂ 14ਵੀ ਨੈਸ਼ਨਲ ਡਰੈਗਨ ਬੋਟ ਰੇਸਿੰਗ ਚੈਂਪੀਅਨਸ਼ਿਪ-2025 26 ਲੋਅਰ ਲੇਕ ਭੋਪਾਲ ਵਿਖੇ ਕਰਵਾਈਆਂ ਗਈਆਂ। ਇਸ ਚੈਂਪਿਅਨਸ਼ਿਪ ਵਿਚ ਡੀਏਵੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਦੀ ਵਿਦਿਆਰਥਣ ਡੋਰਥੀ ਨੇ ਸੀਨੀਅਰ ਵੁਮਨ ਡੀ-10,500 ਮੀਟਰ ਰੇਸ ਵਿਚ ਭਾਗ ਲੈਂਦੇ ਹੋਏ ਕਾਂਸੀ ਦਾ ਤਗਮਾ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਗੁਰਦੁਆਰਾ ਸ਼੍ਰੀ ਗੁਰੂਗੜ੍ਹ ਸਾਹਿਬ ਸਦਾਬਰਤ ਵਿਖੇ ਦਸ਼ਮੇਸ਼ ਯੂਥ ਕਲੱਬ ਰਣਜੀਤ ਐਵਨਿਊ ਵੱਲੋਂ ਕਰਵਾਏ ਗਏ ਪੇਂਟਿੰਗ ਮੁਕਾਬਲੇ ਵਿਚ ਸਕੂਲ ਦੀ ਵਿਦਿਆਰਥਣ ਸ਼ਰਨਜੀਤ ਕੌਰ ਨੇ ਪਹਿਲਾ, ਕਸ਼ਿਸ਼ ਮੌਰਿਆ ਨੇ ਤੀਸਰਾ ਅਤੇ ਵਿਦਿਆਰਥੀ ਅਨੰਤ ਵਿੱਜ ਨੇ ਚੌਥਾ ਸਥਾਨ ਹਾਸਿਲ ਕੀਤਾ। ਇਸ ਮੌਕੇ ਸਕੂਲ ਪ੍ਰਿੰਸੀਪਲ ਸੰਗੀਤਾ ਰਾਣੀ ਵੱਲੋਂ ਇਨ੍ਹਾਂ ਸਾਰੇ ਵਿਦਿਆਰਥੀਆਂ ਦੇ ਸਕੂਲ ਪਹੁੰਚਣ ’ਤੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਹੋਰ ਸਖਤ ਮੇਹਨਤ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਵਿਦਿਆਰਥੀਆਂ ਦੇ ਅਧਿਆਪਕਾਂ ਦੀ ਵੀ ਪ੍ਰਸ਼ੰਸਾ ਕੀਤੀ। ਉਨ੍ਹਾਂ ਸਕੂਲ ਦੇ ਸਾਰੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਖੇਡਾਂ ਤੇ ਹੋਰ ਗਤਿਵਿਧੀਆਂ ਵਿਚ ਵੀ ਵੱਧਚੜ੍ਹ ਕੇ ਭਾਗ ਲੈਣ ਦੀ ਪ੍ਰੇਰਣਾ ਦਿੱਤੀ। ਇਸ ਮੌਕੇ ਸੀਨੀਅਰ ਅਧਿਆਪਕ ਇਕਬਾਲ ਸਿੰਘ, ਰਾਜੇਸ਼ ਕੁਮਾਰ, ਨੀਲੂ ਮਲਹੋਤਰਾ, ਰਜਨੀ ਆਦਿ ਸਮੇਤ ਸਕੂਲ ਸਟਾਫ ਹਾਜ਼ਰ ਸੀ।