ਸੜਕਾਂ ’ਚ ਖੱਡੇ ਹੀ ਖੱਡੇ, ਵਿਕਾਸ ਸਿਰਫ਼ ਕਾਗਜ਼ਾਂ ’ਚ : ਲਾਲਪੁਰਾ
ਰੂਪਨਗਰ ਦੀਆਂ ਸੜਕਾਂ ਟੋਇਆਂ ਨਾਲ ਭਰੀਆਂ, ਵਿਕਾਸ ਸਿਰਫ਼ ਕਾਗਜ਼ਾਂ ’ਚ:ਅਜੈਵੀਰ
Publish Date: Fri, 16 Jan 2026 03:25 PM (IST)
Updated Date: Fri, 16 Jan 2026 03:27 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਰੂਪਨਗਰ ਵਿਖੇ ਵੀਰਵਾਰ ਨੂੰ ਭਾਜਪਾ ਜ਼ਿਲ੍ਹਾ ਪ੍ਰਧਾਨ ਰੂਪਨਗਰ ਅਜੈਵੀਰ ਸਿੰਘ ਲਾਲਪੁਰਾ ਨੇ ਸ਼ਹਿਰ ਦੀਆਂ ਸੜਕਾਂ ਦੀ ਮਾੜੀ ਹਾਲਤ ਨੂੰ ਲੈ ਕੇ ਸੱਤਾਧਾਰੀ ਲੀਡਰਸ਼ਿਪ ਦੀ ਸਖਤ ਆਲੋਚਨਾ ਕੀਤੀ। ਇਸ ਮੌਕੇ ਉਨ੍ਹਾਂ ਬੜੀ ਹਵੇਲੀ ਤੋਂ ਸ਼ਾਮਪੁਰਾ ਤੱਕ ਸੜਕ ਦੀ ਖਸਤਾ ਹਾਲਤ ਦਾ ਨਿਰੀਖਣ ਕਰਦਿਆਂ ਕਿਹਾ ਕਿ ਇਹ ਸੜਕ ਨਾ ਸਿਰਫ਼ ਬਰਸਾਤ ਦੇ ਮੌਸਮ ਦੌਰਾਨ ਸਗੋਂ ਸਾਰਾ ਸਾਲ ਜਨਤਾ ਲਈ ਪ੍ਰੇਸ਼ਾਨੀਆਂ ਖੜੀਆਂ ਕਰਦੀ ਹੈ। ਇਸ ਮੌਕੇ ਲਾਲਪੁਰਾ ਨੇ ਸਬੰਧਿਤ ਵਾਰਡ ਦੇ ਕੌਂਸਲਰ ਨੂੰ ਜਨਤਾ ਦੀਆਂ ਸਮੱਸਿਆਵਾਂ ਦੇ ਹੱਲ੍ਹ ਲਈ ਹੁਣ ਤੱਕ ਚੁੱਕੇ ਗਏ ਕਦਮਾਂ ਸਬੰਧੀ ਪੁੱਛਿਆ। ਉਨ੍ਹਾਂ ਕਿਹਾ ਕਿ ਹਰ ਸਾਲ ਮਾਨਸੂਨ ਆਉਂਦਾ ਹੈ, ਸੜਕਾਂ ਟੁੱਟਦੀਆਂ ਹਨ ਪ੍ਰੰਤੂ ਹਰ ਸਾਲ ਸਿਰਫ਼ ਭਰੋਸੇ ਹੀ ਦਿੱਤੇ ਜਾਂਦੇ ਹਨ। ਉਨ੍ਹਾਂ ਪੁੱਛਿਆ ਕਿ ਕੀ ਇਹ ਉਹੀ ਵਿਕਾਸ ਹੈ ਜਿਸ ਦਾ ਜਨਤਾ ਨਾਲ ਵਾਅਦਾ ਕੀਤਾ ਗਿਆ ਸੀ? ਉਨ੍ਹਾਂ ਪੁੱਛਿਆ ਕਿ ਕੀ ਇਹ ਉਹੀ ਵਿਕਾਸ ਮਾਡਲ ਹੈ, ਜਿਸਦਾ ਬਿਗਲ ਵਜਾਇਆ ਗਿਆ ਸੀ? ਉਨ੍ਹਾਂ ਨਵ-ਨਿਯੁਕਤ ਨਗਰ ਕੌਂਸਲ ਪ੍ਰਧਾਨ, ਆਪ ਦੇ ਵਿਧਾਇਕ ਅਤੇ ਆਪ ਆਗੂਆਂ ’ਤੇ ਤਿੱਖਾ ਹਮਲਾ ਕਰਦਿਆਂ ਆਪ ਨੂੰ ਕਾਂਗਰਸ ਦੀ ਬੀ-ਟੀਮ ਦੱਸਿਆ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਪਹਿਲਾਂ ਰੂਪਨਗਰ ਨੂੰ ਲੁੱਟਿਆ ਸੀ ਅਤੇ ਹੁਣ ਉਹੀ ਕੰਮ ਨਵੇਂ ਸਿਰੇ ਤੋਂ ਕੀਤਾ ਜਾ ਰਿਹਾ ਹੈ। ਸਰਕਾਰ ਬਦਲ ਗਈ ਹੈ, ਚਿਹਰੇ ਬਦਲ ਗਏ ਹਨ ਪ੍ਰੰਤੂ ਜਨਤਾ ਦਾ ਦੁੱਖ ਉਹੀ ਹੈ। ਉਨ੍ਹਾਂ ਕਿਹਾ ਕਿ ਰੂਪਨਗਰ ’ਚ ਵਿਕਾਸ ਸਿਰਫ਼ ਫਾਈਲਾਂ ਅਤੇ ਕਾਗਜ਼ਾਂ ਵਿਚ ਦਿਖਾਈ ਦੇ ਰਿਹਾ ਹੈ, ਜ਼ਮੀਨੀ ਪੱਧਰ ’ਤੇ ਨਹੀਂ। ਉਨ੍ਹਾਂ ਕਿਹਾ ਕਿ ਨਾ ਤਾਂ ਸੜਕਾਂ ਦੀ ਹਾਲਤ ਸੁਧਰੀ ਹੈ, ਨਾ ਹੀ ਡਰੇਨੇਜ ਸਿਸਟਮ ਅਤੇ ਨਾਗਰਿਕ ਸਹੂਲਤਾਂ ’ਚ ਕੋਈ ਠੋਸ ਸੁਧਾਰ ਹੋਇਆ ਹੈ। ਉਨ੍ਹਾਂ ਕਿਹਾ ਕਿ ਆਪ ਦੇ ਆਗੂ ਸਿਰਫ਼ ਬਿਆਨਬਾਜ਼ੀ ਅਤੇ ਦੋਸ਼ ਲਗਾਉਣ ਵਿਚ ਰੁੱਝੇ ਹੋਏ ਹਨ, ਜਦੋਂ ਕਿ ਸ਼ਹਿਰ ਦੀ ਅਸਲ ਸਥਿਤੀ ਦਿਨੋਂ-ਦਿਨ ਵਿਗੜਦੀ ਜਾ ਰਹੀ ਹੈ।