ਮਨਸੂਹਾ ਵਿਖੇ 16 ਜਨਵਰੀ ਦੇ ਸਾਂਝੇ ਧਰਨਿਆਂ ਨੂੰ ਲੈ ਕੇ ਬੀਕੇਯੂ ਕਾਦੀਆਂ ਵੱਲੋਂ ਮੀਟਿੰਗ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਨੇੜਲੇ ਪਿੰਡ ਮਨਸੂਹਾ ਵਿਖੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲੋਂ ਕੇਂਦਰ ਅਤੇ ਸੂਬਾ ਸਰਕਾਰ ਦੀਆਂ ਨੀਤੀਆਂ ਖਿਲਾਫ ਲਾਮਬੰਦੀ ਮੁਹਿੰਮ ਤੇਜ਼ ਕਰਨ ਦਾ ਐਲਾਨ ਕਰਦਿਆਂ 16 ਜਨਵਰੀ ਨੂੰ ਪੰਜਾਬ ਵਿਚ ਸਾਰੇ ਡੀਸੀ ਦਫਤਰਾਂ ਅਗੇ ਸਾਂਝੇ ਧਰਨਿਆਂ ਨੂੰ ਸਫ਼ਲ ਬਣਾਉਣ ਲਈ ਲਾਮਬੰਦ ਹੋਣ ਦਾ ਸੱਦਾ ਦਿੱਤਾ ਗਿਆ। ਇਸ ਮੁਹਿੰਮ ਤਹਿਤ ਮਨਸੂਹਾ ਵਿਖੇ ਇਕਾਈ ਦਾ ਗਠਨ ਵੀ ਕੀਤਾ ਗਿਆ ਜਿਸ ਵਿਚ ਹਰਪ੍ਰੀਤ ਸਿੰਘ ਨੂੰ ਪ੍ਰਧਾਨ, ਜਸਕਰਨ ਸਿੰਘ ਨੂੰ ਜਨਰਲ ਸਕੱਤਰ, ਮੋਹਨ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਗੁਰਜੀਤ ਸਿੰਘ ਨੂੰ ਖਜ਼ਾਨਚੀ ਅਤੇ ਸਰਬਜੀਤ ਸਿੰਘ, ਗੁਰਪ੍ਰੀਤ ਸਿੰਘ, ਸੋਹਣ ਸਿੰਘ ਅਤੇ ਜਸਵਿੰਦਰ ਸਿੰਘ ਨੂੰ ਮੈਂਬਰ ਨਿਯੁਕਤ ਕੀਤਾ ਗਿਆ।ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਜਨਤਕ ਅਦਾਰਿਆਂ ਨੂੰ ਨਿੱਜੀ ਹੱਥਾਂ ’ਚ ਦੇਣ ਅਤੇ ਲੋਕ ਭਲਾਈ ਸਕੀਮਾਂ ’ਤੇ ਸਬਸਿਡੀਆਂ ਬੰਦ ਕਰਨ ਵਾਲੀਆਂ ਲੋਕ ਵਿਰੋਧੀ ਨੀਤੀਆਂ ਅਪਣਾ ਰਹੀ ਹੈ। ਉਨ੍ਹਾਂ ਕਿਹਾ ਕੇਂਦਰ ਵੱਲੋਂ ਬਿਜਲੀ-ਬੀਜ ਸੋਧ ਬਿੱਲ 2025, ਚਾਰ ਲੇਬਰ ਕੋਡ ਆਦਿ ਲਾਗੂ ਕਰਨ ਵਰਗੇ ਕਦਮ ਚੁੱਕ ਰਹੀ ਹੈ। ਉਨ੍ਹਾਂ ਕਿਹਾ ਕਿ ਬਿਜਲੀ ਦੇ ਮੁਕੰਮਲ ਨਿੱਜੀਕਰਨ ਰਾਹੀਂ ਸਰਕਾਰ ਮਜ਼ਦੂਰਾਂ-ਕਿਸਾਨਾਂ ਤੇ ਗਰੀਬਾਂ ਘਰਾਂ ’ਚ ਹਨੇਰਾ ਕਰਨ ਜਾ ਰਹੀ ਹੈ ਅਤੇ ਬੀਜ ਸੋਧ ਬਿੱਲ ਰਾਹੀਂ ਬੀਜਾਂ ’ਤੇ ਕੰਪਨੀਆਂ ਦਾ ਮੁਕੰਮਲ ਕੰਟਰੋਲ ਰਾਹੀਂ ਕਿਸਾਨਾਂ ਨੂੰ ਹੋਰ ਵੀ ਉਜਾੜੇ ਦੇ ਮੂੰਹ ਧੱਕ ਕੇ ਜ਼ਮੀਨਾਂ ਖੋਹਣ ਦਾ ਰਾਹ ਪੱਧਰਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਵੀ ਜਨਤਕ ਅਦਾਰਿਆਂ ਦੀ ਜਾਇਦਾਦਾਂ ਵੇਚਣ ਅਤੇ ਸਰਕਾਰੀ ਮਹਿਕਮਿਆਂ ’ਚ ਪੱਕੀ ਭਰਤੀ ਦੀ ਥਾਂ ਨਿਗੂਣੀਆਂ ਤਨਖਾਹਾਂ ’ਤੇ ਠੇਕਾ ਭਰਤੀ ਦੀ ਨੀਤੀ ਲਾਗੂ ਕਰ ਰਹੀ ਹੈ। ਉਨ੍ਹਾਂ ਬਿਜਲੀ ਮਹਿਕਮੇ ਨੂੰ ਘਾਟੇ ਦੀ ਪਾਈ ਜਾ ਰਹੀ ਦੁਹਾਈ ਨੂੰ ਝੂਠ ਦਾ ਪੁਲੰਦਾ ਕਰਾਰ ਦਿੰਦਿਆਂ ਕਿਹਾ ਕਿ ਇਹ ਘਾਟਾ ਪ੍ਰਾਈਵੇਟ ਕੰਪਨੀਆਂ ਤੋਂ ਮਹਿੰਗੇ ਭਾਅ ਬਿਜਲੀ ਖਰੀਦਣ ਅਤੇ ਕਰੋੜਾਂ ਰੁਪਏ ਕੰਪਨੀਆਂ ਨੂੰ ਦੇਣ ਅਤੇ ਵੱਡੇ ਪੱਧਰ ’ਤੇ ਫੈਲੇ ਭ੍ਰਿਸ਼ਟਾਚਾਰ ਦਾ ਸਿੱਟਾ ਹੈ। ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ 16 ਜਨਵਰੀ ਨੂੰ ਮੁਲਕ ਭਰ ’ਚ ਕੀਤੇ ਜਾ ਰਹੇ ਪ੍ਰਦਰਸ਼ਨਾਂ ਦੌਰਾਨ ਵੱਧ ਚੜ੍ਹ ਕੇ ਸ਼ਮੂਲਿਅਕਤ ਕੀਤੀ ਜਾਵੇ। ਉਨ੍ਹਾਂ ਮੰਗ ਕਿ ਬਿਜਲੀ-ਬੀਜ ਸੋਧ ਬਿੱਲ- 2025 ਤੇ ਚਾਰ ਲੇਬਰ ਕੋਡ, ਸਰਕਾਰੀ ਜਾਇਦਾਦਾਂ ਵੇਚਣ ਦੇ ਫੈਸਲੇ, ਜਨਤਕ ਅਦਾਰਿਆਂ ਦੇ ਨਿੱਜੀਕਰਨ, ਪੰਚਾਇਤੀਕਰਨ, ਕਾਰਪੋਰੇਟੀਕਰਨ ਦੀ ਨੀਤੀ ਰੱਦ ਕੀਤੀ ਜਾਵੇ। ਇਸ ਮੌਕੇ ਸੂਬਾ ਸੀਨੀਅਰ ਮੀਤ ਪ੍ਰਧਾਨ ਤਲਵਿੰਦਰ ਸਿੰਘ ਗੱਗੋਂ, ਜ਼ਿਲ੍ਹਾ ਪ੍ਰਧਾਨ ਰੇਸ਼ਮ ਸਿੰਘ ਬਡਾਲੀ, ਜਨਰਲ ਸਕੱਤਰ ਇਕਬਾਲ ਸਿੰਘ, ਮੀਤ ਪ੍ਰਧਾਨ ਜਸਵੰਤ ਸਿੰਘ ਗੈਕੀ, ਹਰਿੰਦਰ ਸਿੰਘ ਸੱਲੋਮਾਜਰਾ ਪ੍ਰਧਾਨ ਬਲਾਕ ਸ਼੍ਰੀ ਚਮਕੌਰ ਸਾਹਿਬ, ਅਮਰਜੀਤ ਸਿੰਘ ਕਕਰਾਲੀ ਪ੍ਰਧਾਨ ਬਲਾਕ ਮੋਰਿੰਡਾ, ਮੋਹਰ ਸਿੰਘ ਖਾਬੜਾ ਬਲਾਕ ਪ੍ਰਧਾਨ ਰੂਪਨਗਰ ਤੇ ਕਿਸਾਨ ਸ਼ਾਮਲ ਹੋਏ।