ਨਹਿਰੂ ਸਟੇਡੀਅਮ ਵਿਖੇ ਬਣੇ ਪੁੱਲ ਤੋਂ ਚੋਰਾਂ ਨੇ ਖੋਲ੍ਹੀਆਂ ਸਪੋਰਟ ਪਲੇਟਾਂ
ਨਹਿਰੂ ਸਟੇਡੀਅਮ ਵਿਖੇ ਬਣੇ ਪੁੱਲ ਤੋਂ ਚੋਰਾਂ ਨੇ ਖੋਲੀਆਂ ਸਪੋਰਟ ਲਈ ਲਗਾਈਆਂ ਪਲੇਟਾਂ
Publish Date: Sat, 27 Dec 2025 07:58 PM (IST)
Updated Date: Sat, 27 Dec 2025 08:01 PM (IST)

ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ ਰੂਪਨਗਰ : ਰੂਪਨਗਰ ਵਿਖੇ ਚੋਰਾਂ ਵੱਲੋਂ ਨਹਿਰੂ ਸਟਿਡਿਅਮ ਦੇ ਕੋਲ ਬਣਾਏ ਗਏ ਲੋਹੇ ਦੇ ਨਵੇਂ ਪੁੱਲ ਦੇ ਨੀਚੇ ਸਪੋਰਟ ਲਈ ਲਗਾਈਆਂ ਗਈਆਂ ਲੋਹੇ ਦੀਆਂ ਕਈ ਪਲੇਟਾਂ ਖੋਲ ਲਏ ਜਾਣ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਦਿਨ-ਦਿਹਾੜੇ ਹੀ ਪਲੇਟਾਂ ਖੋਲ ਰਹੇ ਚੋਰ ਮੌਕੇ ਤੋਂ ਭੱਜਣ ਵਿਚ ਕਾਮਯਾਬ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜੇਸੀਬੀ ਆਪਰੇਟਰ ਨੇ ਦੱਸਿਆ ਕਿ ਉਹ ਪੁੱਲ ’ਤੇ ਬਿਜਲੀ ਦੇ ਖੰਭੇ ਤੇ ਤਾਰ ਵਿਛਾਉਣ ਦਾ ਕੰਮ ਕਰ ਰਿਹਾ ਸੀ। ਉਸ ਨੇ ਦੱਸਿਆ ਕਿ ਬਾਥਰੂਮ ਜਾਣ ਤੋਂ ਬਾਅਦ ਉਹ ਨਹਿਰ ਦੇ ਕੋਲ ਨੀਚੇ ਉਤਰਿਆ ਤਾਂ ਦੋ-ਤਿੰਨ ਵਿਅਕਤੀ ਉਸ ਨੂੰ ਦੇਖ ਕੇ ਮੌਕੇ ਤੋਂ ਭੱਜ ਗਏ। ਜਦੋਂ ਉਹ ਪੁੱਲ ਦੇ ਨੀਚੇ ਜਾ ਕੇ ਦੇਖਿਆ ਤਾਂ ਚੋਰਾਂ ਵੱਲੋਂ ਪੁੱਲ ਦੇ ਨੀਚੇ ਸਪੋਰਟ ਲਈ ਲਗਾਈਆਂ ਗਈਆਂ ਪਲੇਟਾਂ ਦੇ ਨੱਟ-ਬੋਲਟ ਖੋਲੇ ਜਾ ਰਹੇ ਸਨ ਕਿਉਂਕਿ ਪੁਲ ਦੀਆਂ ਸਪੋਰਟ ਪਲੇਟਾਂ ਦੇ ਨੱਟ-ਬੋਲਟ ਭਾਰੀ ਮਾਤਰਾ ਵਿਚ ਇਧਰ-ਉਧਰ ਖਿੰਡੇ ਹੋਏ ਸਨ ਅਤੇ ਸੱਤ ਰੈਂਚ ਵੀ ਪਏ ਸਨ। ਉਸਨੇ ਦੇਖਿਆ ਕਿ ਚੋਰਾਂ ਨੇ ਪੁਲ ਦੇ ਇੱਕ ਪਾਸੇ ਤੋਂ ਕਈ ਪਲੇਟਾਂ ਖੋਲ ਕੇ ਕੱਢ ਦਿੱਤੀਆਂ ਗਈਆਂ ਸਨ ਅਤੇ ਅਜੇ ਹੋਰ ਪਲੇਟਾਂ ਤੋਂ ਵੀ ਨੱਟ-ਬੋਲਟ ਕੱਢ ਰਹੇ ਸਨ, ਜਦਕਿ ਉਨ੍ਹਾਂ ਵੱਲੋਂ ਖੋਲੀ ਜਾ ਰਹੀ ਪਲੇਟ ਦਾ ਇੱਕ ਹੀ ਨੱਟ ਰਹਿ ਗਿਆ ਸੀ। ਉਸ ਨੇ ਕਿਹਾ ਕਿ ਜੇਕਰ ਉਹ ਹੱਥ ਧੋਣ ਲਈ ਹੇਠਾਂ ਨਾ ਜਾਂਦਾ, ਤਾਂ ਚੋਰਾਂ ਨੇ ਉਹ ਪਲੇਟ ਵੀ ਕੱਢ ਦਿੱਤੀ ਹੁੰਦੀ। ਉਸਨੇ ਕਿਹਾ ਕਿ ਇਹ ਦੇਖਣ ਤੋਂ ਬਾਅਦ, ਉਸਨੇ ਆਪਣੇ ਭਰਾ ਅਤੇ ਮੀਡੀਆ ਨੂੰ ਸੂਚਿਤ ਕੀਤਾ ਤੇ ਉਨ੍ਹਾਂ ਨੂੰ ਮੌਕੇ ’ਤੇ ਬੁਲਾਇਆ ਅਤੇ ਪੁਲਿਸ ਨੂੰ ਵੀ ਸੂਚਿਤ ਕੀਤਾ। ਇਸ ਸਬੰਧੀ ਐੱਸਐੱਚਓ ਸਿਟੀ ਥਾਣਾ ਰੂਪਨਗਰ ਪਵਨ ਚੌਧਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਪੁਲ ਹੇਠੋਂ ਪਲੇਟਾਂ ਚੋਰੀ ਹੋਣ ਦੀ ਸੂਚਨਾ ਮਿਲੀ ਸੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਲਈ ਪੁਲਿਸ ਪਾਰਟੀ ਭੇਜੀ ਗਈ ਹੈ ਤੇ ਸਬੰਧਿਤ ਵਿਭਾਗ ਨਾਲ ਸੰਪਰਕ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕਰ ਕੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਇਸ ਪੁਲ ਨੂੰ ਫਰਵਰੀ 2025 ਵਿਚ ਹੀ ਆਵਾਜਾਈ ਲਈ ਖੋਲਿਆ ਗਿਆ ਸੀ। ਇਸ ਪੁਲ ਨੂੰ ਬਣਾਉਣ ਵਿਚ 52 ਕਰੋੜ ਰੁਪਏ ਦੀ ਲਾਗਤ ਆਈ ਸੀ ਤੇ ਕਈ ਸਾਲਾਂ ਬਾਅਦ ਪੁੱਲ ਬਣ ਕੇ ਤਿਆਰ ਹੋਇਆ ਸੀ। ਇਹ ਪੁੱਲ ਰੂਪਨਗਰ ਨੂੰ ਜਲੰਧਰ-ਅੰਮ੍ਰਿਤਸਰ ਨੂੰ ਜੋੜਦਾ ਹੈ।