ਬਿਜਲੀ ਤੇ ਬੀਜ ਬਿੱਲ ਖ਼ਿਲਾਫ ਕਿਸਾਨ ਮੋਰਚਾ ਦੀ ਇਕੱਤਰਤਾ
ਬਿਜਲੀ ਸੋਧ ਬਿਲ ਤੇ ਨਵੇਂ ਬੀਜ ਬਿੱਲ ਖਿਲਾਫ ਕਿਰਤੀ ਕਿਸਾਨ ਮੋਰਚਾ ਦੀ ਮੀਟਿੰਗ ਹੋਈ
Publish Date: Fri, 05 Dec 2025 07:52 PM (IST)
Updated Date: Sat, 06 Dec 2025 04:12 AM (IST)

ਰਾਜਵੀਰ ਸਿੰਘ ਚੌਂਤਾ,ਪੰਜਾਬੀ ਜਾਗਰਣ ਸ਼੍ਰੀ ਚਮਕੌਰ ਸਾਹਿਬ : ਪਿੰਡ ਸੈਦਪੁਰਾ ਵਿਖੇ ਕਿਰਤੀ ਕਿਸਾਨ ਮੋਰਚਾ ਰੂਪਨਗਰ ਵੱਲੋਂ ਮੋਦੀ ਸਰਕਾਰ ਵੱਲੋਂ ਬਿਜਲੀ ਬਿੱਲ-2025 ਤੇ ਬੀਜ ਬਿੱਲ-2025 ਖਿਲਾਫ਼ ਮੀਟਿੰਗ ਕਰਕੇ 8 ਦਸੰਬਰ ਨੂੰ ਡਵੀਜ਼ਨ ਦਫ਼ਤਰਾਂ ਅੱਗੇ ਬਿੱਲ ਦੀਆਂ ਕਾਪੀਆਂ ਫੂਕਣ ਦਾ ਫੈਸਲਾ ਕੀਤਾ ਗਿਆ। ਇਸ ਮੌਕੇ ਕਿਰਤੀ ਕਿਸਾਨ ਮੋਰਚਾ ਦੇ ਪ੍ਰਧਾਨ ਵੀਰ ਸਿੰਘ ਬੜਵਾ ਤੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਪ੍ਰਧਾਨ ਰਣਵੀਰ ਸਿੰਘ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚਾ ਵੱਲੋਂ 8 ਦਸੰਬਰ ਨੂੰ ਬਿਜਲੀ ਬਿੱਲ-2025 ਖਿਲਾਫ ਬਿਜਲੀ ਬੋਰਡ ਦੇ ਡਵੀਜ਼ਨ ਦਫ਼ਤਰਾਂ ਅੱਗੇ ਬਿੱਲ ਦੀਆਂ ਕਾਪੀਆਂ ਸਾੜਨ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬਿਜਲੀ ਬਿੱਲ ਵਿਚ ਕੇਂਦਰ ਸਰਕਾਰ ਨੇ ਬਿਜਲੀ ਮਹਿਕਮੇ ਨੂੰ ਕੇਂਦਰੀਕਰਨ ਅਤੇ ਨਿੱਜੀਕਰਨ ਦਾ ਰਾਹ ਮੋਕਲਾ ਕੀਤਾ ਹੈ। ਉਨ੍ਹਾਂ ਸੂਬਾਈ ਬਿਜਲੀ ਬੋਰਡ ਨੂੰ ਭੰਗ ਕਰਕੇ ਕੇਂਦਰ ਪੱਧਰ ਦੀ ਕੌਂਸਲ ਬਣਾਈ ਜਾਵੇਗੀ। ਜਿਸ ਦਾ ਮੁਖੀ ਕੇਂਦਰੀ ਬਿਜਲੀ ਮੰਤਰੀ ਹੋਵੇਗਾ ਤੇ ਕਰੋਸ ਸਬਸਿਡੀ ਨੂੰ ਬੰਦ ਕੀਤੀ ਜਾਵੇਗੀ ਅਤੇ ਚਿੱਪ ਵਾਲੇ ਮੀਟਰ ਲਗਾਏ ਜਾਣਗੇ। ਜਿਸ ਨਾਲ ਇੱਕ ਪਾਸੇ ਬਿਜਲੀ ਮਹਿੰਗੀ ਹੋਵੇਗੀ ਤੇ ਦੂਸਰੇ ਪਾਸੇ ਰੁਜ਼ਗਾਰ ਨੂੰ ਸੱਟ ਵੱਜੇਗੀ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਬਿੱਲ ਖਿਲਾਫ ਵਿਧਾਨ ਸਭਾ ਵਿਚ ਮਤਾ ਪਾਸ ਕਰੇ ਅਤੇ ਕੇਂਦਰ ਸਰਕਾਰ ਨੂੰ ਲਿਖਤੀ ਤੌਰ ’ਤੇ ਬਿੱਲ ਰੱਦ ਕਰਨ ਲਈ ਆਪਣੇ ਸੁਝਾਅ ਭੇਜੇ। ਇਸ ਮੌਕੇ 16 ਦਸੰਬਰ ਨੂੰ ਗਦਰੀ ਬਾਬਾ ਕਿਰਪਾ ਸਿੰਘ, ਗਦਰੀ ਗੁਲਾਬ ਕੌਰ ਤੇ ਸ਼ਹੀਦ ਸਰਵਣ ਸਿੰਘ ਦੀ ਮਨਾਈ ਜਾ ਰਹੀ ਬਰਸੀ ਵਿਚ ਪਹੁੰਚਣ ਦਾ ਸੱਦਾ ਵੀ ਦਿੱਤਾ। ਇਸ ਮੌਕੇ ਬਲਾਕ ਪ੍ਰਧਾਨ ਫੌਜੀ ਹਰਜੀਤ ਸਿੰਘ ਸੈਦਪੁਰਾ, ਜਸਬੀਰ ਸਿੰਘ ਸੈਦਪੁਰਾ, ਚੰਨਪ੍ਰੀਤ ਗੁਰਧਾਤ ਸਿੰਘ, ਰਘਬੀਰ ਸਿੰਘ, ਤਰਲੋਚਨ ਸਿੰਘ, ਦਲਵੀਰ ਸਿੰਘ, ਸੁਖਜਿੰਦਰ ਸਿੰਘ ਮਿੱਠੂ, ਦਲਵਾਰਾ ਸਿੰਘ ਫੌਜੀ, ਗੁਰਨਾਮ ਸਿੰਘ, ਗੁਰਮੁਖ ਸਿੰਘ, ਮੱਘਰ ਸਿੰਘ, ਕੁਲਬੀਰ ਸਿੰਘ ਆਦਿ ਹਾਜ਼ਰ ਸਨ।