ਨਗਰ ਕੌਂਸਲਾਂ ਦੇ ਸਫਾਈ ਕਰਮਚਾਰੀਆਂ ਨੂੰ ਦਿੱਤੀ ਇੱਕ ਦਿਨਾ ਟ੍ਰੇਨਿੰਗ
ਨਗਰ ਕੌਂਸਲਾਂ ਦੇ ਸਫਾਈ ਕਰਮਚਾਰੀਆਂ ਨੂੰ ਇੱਕ ਦਿਨਾਂ ਟ੍ਰੇਨਿੰਗ ਦਿੱਤੀ ਗਈ
Publish Date: Fri, 05 Dec 2025 06:20 PM (IST)
Updated Date: Sat, 06 Dec 2025 04:06 AM (IST)

ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ ਸ੍ਰੀ ਅਨੰਦਪੁਰ ਸਾਹਿਬ : ਨਗਰ ਕੌਂਸਲ ਵਿਖੇ ਸੰਗੀਤ ਕੁਮਾਰ ਕਾਰਜ ਸਾਧਕ ਅਫਸਰ ਦੇ ਯੋਗ ਉਪਰਾਲੇ ਨਾਲ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਸਹਿਯੋਗ ਸਦਕਾ ਵਿਪਨ ਕੁਮਾਰ ਮੁੱਖ ਕਾਰਜਕਾਰੀ ਇੰਜੀਨੀਅਰ, ਹੇਮਾਨੀ ਗੋਇਲ ਐਸਡੀਓ. ਰੂਪਨਗਰ,ਗੁਰਸ਼ਗਨ ਕੌਰ ਟ੍ਰੇਨਰ ਅਤੇ ਸ਼੍ਰੀ ਅਨੰਦਪੁਰ ਸਾਹਿਬ ਨਗਰ ਕੌਂਸਲ, ਨੰਗਲ ਨਗਰ ਕੌਂਸਲ, ਕੀਰਤਪੁਰ ਸਾਹਿਬ ਨਗਰ ਕੌਂਸਲ ਦੇ 80 ਦੇ ਕਰੀਬ ਸਫਾਈ ਕਰਮਚਾਰੀਆਂ ਨੂੰ ਪਰਮਜੀਤ ਸਿੰਘ ਮੁੱਖ ਟ੍ਰੇਨਰ ਵੱਲੋਂ ਦੀਵਾਨਿਆਂ ਦੀ ਸਰਾਂ ਨੇੜੇ ਵੀਆਈਪੀ ਪਾਰਕਿੰਗ ਵਿਖੇ ਇੱਕ ਦਿਨ ਦੀ ਟ੍ਰੇਨਿੰਗ ਦਿੱਤੀ ਗਈ। ਜਿਸ ਵਿਚ ਸਫਾਈ ਕਰਮਚਾਰੀਆਂ ਨੂੰ ਟ੍ਰੇਨਿੰਗ ਦਿੰਦੇ ਹੋਏ ਦੱਸਿਆ ਗਿਆ ਕਿ ਸਿੰਗਲ ਯੂਜ ਪਲਾਸਟਿਕ ਜਿਵੇਂ ਸਜਾਵਟ ਦੇ ਲਈ ਵਰਤੇ ਜਾਣ ਵਾਲੇ ਪੋਲਿਸਟੀਰੀਨ (ਥਰਮੋਕੌਲ ) ਬਣੇ ਹੋਏ ਪਲੇਟ, ਕੱਪ, ਗਿਲਾਸ ,ਕਟਲਰੀ ਜਿਵੇਂ ਕਿ ਕਾਂਟੇ ਚਮਚੇ, ਚਾਕੂ, ਸਟਰੇਆਂ ਜਾਂ ਮਠਿਆਈ ਦੇ ਡੱਬਿਆਂ ਦੇ ਆਲੇ ਦੁਆਲੇ ਲਪੇਟਣ ਜਾਂ ਪੈਕਿੰਗ ਵਾਲੀਆਂ ਫਿਲਮਾਂ, ਸੱਦਾ ਪੱਤਰ, ਪਲਾਸਟਿਕ ਦੇ ਬਰਤਨ ਬੋਤਲਾਂ ਵਿੱਚੋਂ ਸਾੜਨ ਨਾਲ ਜ਼ਹਿਰੀਲੇ ਪਦਾਰਥ ਧੂਏਂ ਦੇ ਰੂਪ ਵਿਚ ਵਾਤਾਵਰਣ ਵਿਚ ਘੁਲ ਜਾਂਦੇ ਹਨ ਅਤੇ ਧੂਏ ਦੇ ਰੂਪ ਵਿਚ ਸਾਡੇ ਸਰੀਰ ਵਿਚ ਦਾਖਲ ਹੁੰਦੇ ਹਨ ਜਿਸ ਕਾਰਨ ਹਾਰਮੋਨਸ ਅਸੰਤੁਲਨ, ਕੈਂਸਰ ਬਾਂਝਪਨ,ਤੰਤੂ ਸਬੰਧੀ ਬਿਮਾਰੀਆਂ ਹੁੰਦੀਆਂ ਹਨ।ਇਸ ਮੌਕੇ ਤੇ ਸਫਾਈ ਕਰਮਚਾਰੀਆਂ ਨੂੰ ਖਾਸ ਕਰਕੇ ਸਿੰਗਲ ਯੂਜ ਪਲਾਸਟਿਕ ਵਾਲੇ ਕੂੜੇ ਨੂੰ ਸਾੜਨ ਤੋਂ ਸਖਤ ਮਨਾ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਇਸ ਕੂੜੇ ਤੋਂ ਬਹੁਤ ਹੀ ਖਤਰਨਾਕ ਰਸਾਇਣਿਕ ਧੂੰਆਂ ਨਿਕਲਦਾ ਹੈ ਜੋ ਕਿ ਇਨਸਾਨਾਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲਾਉਂਦਾ ਹੈ, ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਲੋਕਾਂ ਨੂੰ ਗਿੱਲੇ ਅਤੇ ਸੁੱਕੇ ਕੂੜੇ ਨੂੰ ਅਲੱਗ ਅਲੱਗ ਰੱਖਣ ਲਈ ਪ੍ਰੇਰਿਤ ਕਰੀਏ ਤਾਂ ਕਿ ਗਿੱਲੇ ਕੂੜੇ ਤੋਂ ਖਾਦ ਬਣਾਈ ਜਾ ਸਕੇ ਅਤੇ ਸੁੱਕੇ ਕੂੜੇ ਨੂੰ ਰੀਸਾਈਕਲ ਕੀਤਾ ਜਾਵੇ। ਉਨਾਂ ਕਿਹਾ ਕਿ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਵੱਧ ਤੋਂ ਵੱਧ ਆਪਣੇ ਘਰ ਨੂੰ ਆਪਣੇ ਮਹੱਲੇ ਨੂੰ ਆਪਣੇ ਸ਼ਹਿਰ ਨੂੰ ਅਤੇ ਆਪਣੇ ਜਿਲ੍ਹੇ ਨੂੰ ਆਪਣੇ ਰਾਜ ਨੂੰ ਸਾਫ ਸੁਥਰਾ ਰੱਖ ਸਕੀਏ। ਉਨਾਂ ਨੇ ਕਿਹਾ ਕਿ ਕੂੜੇ ਨੂੰ ਸਾੜਨ ਨਾਲ ਕੋਈ ਹੱਲ ਨਹੀਂ ਹੁੰਦਾ ਅਤੇ ਵਾਤਾਵਰਨ ਪ੍ਰਦੂਸ਼ਣ ਹੁੰਦਾ ਜਾ ਰਿਹਾ ਹੈ ਜੋ ਕਿ ਮਨੁੱਖਤਾ ਲਈ ਸਭ ਤੋਂ ਵੱਡਾ ਖਤਰਾ ਹੈ। ਇਸ ਤੋਂ ਇਲਾਵਾ ਆਈ ਹੋਈ ਟੀਮ ਵੱਲੋਂ ਸਫਾਈ ਅਤੇ ਸਮੂਹ ਮੁਲਾਜ਼ਮਾਂ ਨੂੰ ਇੱਕ ਸਹੁੰ ਚੁਕਾਈ ਗਈ ਕਿ ਸ਼ਹਿਰ ਦੇ ਕੂੜੇ ਨੂੰ ਚੁੱਕਦੇ ਹੋਏ ਗਿੱਲੇ ਅਤੇ ਸੁੱਕੇ ਕੂੜੇ ਨੂੰ ਅਲੱਗ ਅਲੱਗ ਕਰਕੇ ਚੁੱਕਾਂਗਾ, ਕਿਸੇ ਵੀ ਤਰ੍ਹਾਂ ਦੇ ਕੂੜੇ ਨੂੰ ਅੱਗ ਨਹੀਂ ਲਾਵਾਂਗਾ, ਹਵਾ ਦੀ ਸ਼ੁੱਧਤਾ ਨੂੰ ਸਾਫ ਰੱਖਣ ਲਈ ਵਚਨਬੰਦ ਰਹਾਂਗਾ, ਵਾਤਾਵਰਨ ਦੀ ਸਾਫ ਸੰਭਾਲ ਪ੍ਰਤੀ ਆਪਣੇ ਜਿੰਮੇਵਾਰੀਆਂ ਨੂੰ ਪੂਰੀ ਤਨਦੇਹੀ ਨਾਲ ਨਿਵਾਵਾਂਗਾ। ਇਸ ਮੌਕੇ ਮਦਨ ਲਾਲ ਸੈਂਨੇਟਰੀ ਇੰਸਪੈਕਟਰ, ਮਲਕੀਤ ਸਿੰਘ ਸੈਨੇਟਰੀ ਇੰਸਪੈਕਟਰ ਨੰਗਲ, ਐਡਵੋਕੇਟ ਮਨਦੀਪ ਸਿੰਘ ਪ੍ਰੋਗਰਾਮ ਕੋਆਰਡੀਨੇਟਰ, ਰਕੇਸ਼ ਕੁਮਾਰ ਜੇ.ਈ, ਕੈਪਟਨ ਦਲਜੀਤ ਸਿੰਘ ਖਮੇੜਾ ਸੁਪਰਵਾਈਜ਼ਰ, ਅਜੇ ਕੁਮਾਰ, ਸਲਿੰਦਰ ਕੁਮਾਰ ਸੈਂਟੂ , ਅਦਿਤਿਆ ਸ਼ਰਮਾ ਇੰਜੀਨੀਅਰ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ, ਦਿਨੇਸ਼ ਕੁਮਾਰ, ਪੰਮਾ ਬੇਲਾ ਸ਼ਿਵ ਸਿੰਘ , ਰੀਟਾ, ਮੀਨੂ, ਜਗੀਰ ਕੌਰ ਆਦਿ ਹਾਜ਼ਰ ਸਨ।