ਸੜਕ ਹਾਦਸੇ ਵਿਚ ਇੱਕ ਦੀ ਮੌਤ ਦੂਜਾ ਜਖ਼ਮੀ
ਭਰਤਗੜ ਨਜ਼ਦੀਕ ਸੜਕ ਹਾਦਸੇ ਵਿਚ ਇੱਕ ਨੌਜਵਾਨ ਦੀ ਮੌਤ ਇਕ ਗੰਭੀਰ ਜਖਮੀ
Publish Date: Fri, 05 Dec 2025 06:15 PM (IST)
Updated Date: Sat, 06 Dec 2025 04:06 AM (IST)

ਨਰਿੰਦਰ ਸੈਣੀ, ਪੰਜਾਬੀ ਜਾਗਰਣ ਸ੍ਰੀ ਕੀਰਤਪੁਰ ਸਾਹਿਬ : ਸ੍ਰੀ ਕੀਰਤਪੁਰ ਸਾਹਿਬ ਚੰਡੀਗੜ੍ਹ ਮੁੱਖ ਮਾਰਗ ਤੇ ਭਰਤਗੜ੍ਹ ਨਜ਼ਦੀਕ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ ਜਿਸ ਵਿਚ ਇੱਕ ਨੌਜਵਾਨ ਦੀ ਮੌਤ ਹੋ ਗਈ ਤੇ ਦੂਜਾ ਗੰਭੀਰ ਰੂਪ ਵਿਚ ਜਖਮੀ ਹੋ ਗਿਆ। ਜਾਣਕਾਰੀ ਅਨੁਸਾਰ ਇੱਕ ਘੋੜਾ ਟਰਾਲਾ ਜੋ ਕਿ ਕੀਰਤਪੁਰ ਸਾਹਿਬ ਸਾਈਡ ਤੋਂ ਚੰਡੀਗੜ੍ਹ ਜਾ ਰਿਹਾ ਸੀ ਤਾਂ ਭਰਤਗੜ੍ਹ ਹਵੇਲੀ ਦੇ ਨਜ਼ਦੀਕ ਬਣੀ ਉਤਰਾਈ ਵਿਚ ਇਸ ਘੋੜੇ ਟਰਾਲੇ ਦੀ ਲਪੇਟ ਵਿਚ ਇੱਕ ਮੋਟਰਸਾਈਕਲ ਆ ਗਿਆ ਜਿਸ ਕਾਰਨ ਇਕ ਨੌਜਵਾਨ ਮੋਹਿਤ ਪੁੱਤਰ ਰਾਮ ਕੁਮਾਰ ਵਾਸੀ ਸੰਗਰੂਰ ਦੀ ਮੌਤ ਹੋ ਗਈ ਅਤੇ ਉਸ ਦਾ ਸਾਥੀ ਕਰਨ ਪੁੱਤਰ ਰਾਜੂ ਵਾਸੀ ਪਟਿਆਲਾ ਗੰਭੀਰ ਰੂਪ ਵਿਚ ਜਖਮੀ ਹੋ ਗਿਆ। ਇਹ ਦੋਵੇਂ ਨੌਜਵਾਨ ਮੋਟਰਸਾਈਕਲ ਨੰਬਰ ਪੀਬੀ 08 ਐਫਯੂ 5907 ਤੇ ਸਵਾਰ ਹੋ ਕੇ ਰੂਪਨਗਰ ਸਾਈਡ ਜਾ ਰਹੇ ਸਨ। ਹਾਦਸੇ ਕਾਰਨ ਘੋੜਾ ਟਰਾਲਾ ਸੜਕ ਦੇ ਕਿਨਾਰੇ ਪਲਟ ਗਿਆ। ਮੌਕੇ ਤੇ ਇਕੱਤਰ ਹੋਏ ਲੋਕਾਂ ਵੱਲੋਂ ਐਂਬੂਲੈਂਸ ਦੀ ਮਦਦ ਨਾਲ ਜਖਮੀਆਂ ਨੂੰ ਹਸਪਤਾਲ ਇਲਾਜ ਲਈ ਦਾਖਲ ਕਰਵਾਇਆ। ਜਖਮੀ ਹੋਏ ਕਰਨ ਨੂੰ ਰੂਪਨਗਰ ਦੇ ਸਿਵਲ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਜ਼ਖਮੀ ਵਿਅਕਤੀ ਦੇ ਸਿਰ ਵਿਚ ਗੰਭੀਰ ਸੱਟ ਲੱਗੀ ਹੋਈ ਹੈ ਮੌਕੇ ਤੇ ਭਰਤਗੜ੍ਹ ਚੋਕੀ ਦੇ ਪੁਲਿਸ ਮੁਲਾਜ਼ਮ ਪਹੁੰਚ ਗਏ ਸਨ। ਚੌਂਕੀ ਇੰਚਾਰਜ ਭਰਤਗੜ੍ਹ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਹਾਦਸੇ ਵਿਚ ਜ਼ਖਮੀ ਵਿਅਕਤੀ ਦੇ ਬਿਆਨ ਲਏ ਜਾਣਗੇ ਅਤੇ ਹਾਦਸੇ ਦੇ ਕਾਰਨਾਂ ਦਾ ਪਤਾ ਕਰਨ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਉਨਾਂ ਦੱਸਿਆ ਕਿ ਜਖਮੀ ਕਰਨ ਨੂੰ ਸਰਕਾਰੀ ਹਸਪਤਾਲ ਰੂਪਨਗਰ ਵਿਖੇ ਭੇਜਿਆ ਗਿਆ ਹੈ ਤੇ ਮ੍ਰਿਤਕ ਦੀ ਲਾਸ਼ ਨੂੰ ਮੋਰਚਰੀ ਵਿਚ ਰਖਾਇਆ ਗਿਆ ਹੈ।