ਬਲਿੰਕਰਾਂ ਦੀ ਕਮੀ ਕਾਰਨ ਡਿਵਾਈਡਰਾਂ ’ਤੇ ਚੜ੍ਹੇ ਰਹਿੰਦੇ ਨੇ ਵਾਹਨ
ਬਲਿੰਕਰਾਂ ਦੀ ਕਮੀ ਕਾਰਨ ਆਏ ਦਿਨ ਡਿਵਾਈਡਰਾਂ ’ਤੇ ਚੜ੍ਹ ਰਹੇ ਵਾਹਨ
Publish Date: Fri, 05 Dec 2025 05:43 PM (IST)
Updated Date: Sat, 06 Dec 2025 04:06 AM (IST)

ਪਵਨ ਕੁਮਾਰ, ਪੰਜਾਬੀ ਜਾਗਰਣ ਨੂਰਪੁਰ ਬੇਦੀ : ਬਲਾਕ ਨੂਰਪੁਰ ਬੇਦੀ ਵਿਖੇ ਸੜਕ ਵਿਭਾਗ ਵਲੋਂ ਸੜਕ ’ਤੇ ਬਣੇ ਡਿਵਾਈਡਰਾਂ ’ਤੇ ਬਲਿੰਕਰਾਂ ਤੇ ਰਿਫ਼ਲੈਕਟਰਾਂ ਦੀ ਕਮੀ ਕਾਰਨ ਆਏ ਦਿਨ ਛੋਟੇ-ਬੜੇ ਵਾਹਨ ਇਨ੍ਹਾਂ ਡਿਵਾਈਡਰਾਂ ’ਤੇ ਚੜ੍ਹ ਰਹੇ ਹਨ ਅਤੇ ਰੋਜ਼ਾਨਾ ਸਰਕਾਰੀ ਸੰਪਤੀ ਦਾ ਨੁਕਸਾਨ ਹੋ ਰਿਹਾ ਹੈ। ਇਸ ਦੇ ਬਾਵਜੂਦ ਵਿਭਾਗ ਦੇ ਅਧਿਕਾਰੀ ਇਹ ਕਹਿ ਕਿ ਪੱਲਾ ਝਾੜ ਲੈਂਦੇ ਹਨ ਕਿ ਉਨ੍ਹਾਂ ਦੇ ਧਿਆਨ ’ਚ ਮਾਮਲਾ ਆ ਗਿਆ ਹੈ ਪ੍ਰੰਤੂ ਇਨਾਂ ਨੂੰ ਠੀਕ ਕਰਨ ਦੀ ਜ਼ਹਿਮਤ ਨਹੀਂ ਚੁੱਕ ਰਹੇ। ਇਨਾਂ ਸਰਕਾਰੀ ਅਧਿਕਾਰੀਆਂ ਦੀ ਲਾਪ੍ਰਵਾਹੀ ਦੇ ਕਾਰਨ ਕਦੇ ਵੀ ਵੱਡਾ ਹਾਦਸਾ ਹੋ ਸਕਦਾ ਹੈ। ਇਸੇ ਤਰ੍ਹਾਂ ਪਿੰਡ ਆਜ਼ਮਪੁਰ ਦੇ ਚੋਰਾਹੇ ’ਚ ਕੋਈ ਵੀ ਬਲਿੰਕਰ, ਰਿਫਲੈਕਟਰ ਜਾਂ ਲਾਇਟਾਂ ਦਾ ਪ੍ਰਬੰਧ ਨਹੀਂ ਹੈ। ਸ਼ਹਿਰ ਵਾਸੀਆਂ ਨੇ ਦੱਸਿਆ ਕਿ ਇਸ ਸੜਕ ’ਤੇ ਟ੍ਰੈਫਿਕ ’ਚ ਲਗਾਤਾਰ ਵਾਧਾ ਹੋ ਰਿਹਾ ਪ੍ਰੰਤੂ ਇਸ਼ਾਰੇ ਅਤੇ ਦਿਸ਼ਾ ਸੂਚਕ ਬੋਰਡ ਤੇ ਲਾਈਟਾਂ ਦਾ ਪ੍ਰਬੰਧ ਨਹੀਂ ਹੈ। ਨੂਰਪੁਰ ਬੇਦੀ ਦੀ ਮੁੱਖ ਸੜਕ ’ਤੇ ਡਿਵਾਈਡਰ ਬਣਨ ਤੋਂ ਬਾਅਦ ਲਗਾਏ ਗਏ ਇਸ਼ਾਰਿਆਂ ਤੇ ਲਾਈਟਾਂ ਨੂੰ ਠੀਕ ਨਹੀਂ ਕਰਵਾਇਆ ਗਿਆ। ਇਸ ਸਬੰਧੀ ਮੀਡੀਆਂ ਵਲੋਂ ਸਮੇਂ-ਸਮੇਂ ’ਤੇ ਪ੍ਰਸ਼ਾਨਿਕ ਅਧਿਕਾਰੀਆਂ ਨੂੰ ਖਬਰਾਂ ਦੇ ਮਾਧਿਅਮ ਨਾਲ ਜਾਣਕਾਰੀ ਵੀ ਦਿੱਤੀ ਗਈ ਤੇ ਮਾਮਲੇ ਨੂੰ ਹੱਲ੍ਹ ਕਰਨ ਦਾ ਭਰੋਸਾ ਵੀ ਦਿੱਤਾ ਜਾਂਦਾ ਹੈ ਪ੍ਰੰਤੂ ਕਾਰਵਾਈ ਕੋਈ ਨਹੀਂ ਕੀਤੀ ਜਾਂਦੀ। ਜ਼ਿਕਰਯੋਗ ਹੈ ਕਿ ਬਲਿੰਕਰ ਨਾ ਹੋਣ ਤੇ ਧੁੰਦ ਦੇ ਕਾਰਨ ਵਾਹਨ ਚਾਲਕਾਂ ਨੂੰ ਡਿਵਾਈਡਰ ਨਜ਼ਰ ਨਹੀਂ ਆਉਂਦੇ ਅਤੇ ਅਕਸਰ ਹਾਦਸੇ ਹੁੰਦੇ ਰਹਿੰਦੇ ਹਨ। ਸਥਾਨਕ ਵਾਸੀਆਂ ਨੇ ਕਿਹਾ ਕਿ ਸ਼ਾਇਦ ਵਿਭਾਗ ਦੇ ਅਧਿਕਾਰੀ ਕਿਸੀ ਵੱਡੇ ਹਾਦਸੇ ਦੀ ਉਡੀਕ ’ਚ ਹਨ। ਸਬੰਧਿਤ ਵਿਭਾਗ ਵੱਲੋਂ ਡਿਵਾਈਡਰਾਂ ’ਤੇ ਕੋਈ ਬਲਿੰਕਰ ਜਾਂ ਰਿਫ਼ਲੈਕਟਰ ਆਦਿ ਨਹੀਂ ਲਗਾਏ ਗਏ। ਇਸ ਦੇ ਇਲਾਵਾ ਸੋਲਰ ਪੈਨਲ ਵਾਲੀਆਂ ਲਾਈਟਾਂ ਕਈ ਜਗ੍ਹਾ ਟੁੱਟ ਗਈਆਂ ਹਨ ਜਾਂ ਖਰਾਬ ਹੋ ਗਈਆਂ ਹਨ, ਜਿਨ੍ਹਾਂ ਨੂੰ ਦੁਬਾਰਾ ਲਾਗਾਉਣਾ ਹੀ ਵਿਭਾਗ ਦੇ ਅਧਿਕਾਰੀ ਭੁੱਲ ਗਏ ਜਾਪਦੇ ਹਨ। ਇੱਥੇ ਹੀ ਬੱਸ ਨਹੀਂ ਸੜਕ ਦੀ ਸਾਈਡ ’ਤੇ ਬਣਾਈ ਗਈ ਚਿੱਟੀ ਪੱਟੀ ਤਾਂ ਗਾਇਬ ਹੀ ਹੋ ਗਈ ਹੈ, ਜਦਕਿ ਦੂਜੇ ਪਾਸੇ ਖਾਨਾਪੂਰਤੀ ਵਾਲੇ ਰਿਫ਼ਲੈਕਟਰ ਜਾਂ ਬਲਿੰਕਰ ਵੀ ਰਾਹਗੀਰਾਂ ਦੀ ਕੋਈ ਸਹਾਇਤਾ ਕਰਨ ਤੋਂ ਅਸਮਰਥ ਹਨ। ਇਲਾਕਾ ਦੇ ਵਾਸੀਆਂ ਨੇ ਹਲਕਾ ਵਿਧਾਇਕ ਦਿਨੇਸ਼ ਚੱਢਾ, ਸਬੰਧਿਤ ਵਿਭਾਗ, ਜ਼ਿਲ੍ਹਾ ਪ੍ਰਸ਼ਾਸਨ ਤੇ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਸੜਕ ’ਤੇ ਬਣੇ ਡਿਵਾਇਡਰਾਂ ’ਤੇ ਸੋਲਰ ਲਾਈਟਾਂ ਅਤੇ ਬਲਿੰਕਰ ਆਦਿ ਲਗਾਏ ਜਾਣ ਤਾਂ ਜੋੋ ਕੋਈ ਭਿਆਨਕ ਹਾਦਸਾ ਹੋਣ ਤੋਂ ਬਚਾਅ ਹੋ ਸਕੇ। ਕੀ ਕਹਿੰਦੇ ਹਨ ਪੀਡਬਲਯੂਡੀ ਦੇ ਜੇਈ ਜਦੋਂ ਇਸ ਸਬੰਧੀ ਜੇਈ ਗੁਰਦਿਆਲ ਗੋਲਡੀ ਨਾਲ ਸੰਪਰਕ ਕੀਤਾ ਤਾਂ ਉਨਾਂ ਨੇ ਦੱਸਿਆ ਕਿ ਉਹ ਹੁਣੇ ਹੀ 350 ਸਾਲਾ ਸ਼ਹੀਦੀ ਪੁਰਬ ਪ੍ਰੋਗਰਾਮ ਤੋਂ ਵਿਹਲੇ ਹੋਏ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਉਹ ਜਲਦੀ ਹੀ ਇਸ ਸੜਕ ਦੇ ਠੇਕੇਦਾਰ ਨਾਲ ਗੱਲ ਕਰਦਾ ਹਾਂ ਅਤੇ ਜਲਦੀ ਹੀ ਡਿਵਾਈਡਰ ਲਈ ਲਾਇਟਾਂ ਅਤੇ ਬਲਿੰਕਰਾਂ ਤੇ ਰਿਫਲੈਕਟਰਾਂ ਦਾ ਪ੍ਰਬੰਧ ਕੀਤਾ ਜਾਵੇਗਾ।