ਧਰਨੇ ਨੂੰ ਅਸਫ਼ਲ ਬਣਾਉਣ ਲਈ ਪੁਲਿਸ ਨੇ ਆਗੂ ਕੀਤੇ ਘਰਾਂ ’ਚ ਨਜ਼ਰਬੰਦ
ਰੇਲ ਰੋਕੋ ਧਰਨੇ ਨੂੰ ਅਸਫਲ ਬਨਾਉਣ ਲਈ ਪੁਲਿਸ ਨੇ ਮੋਰਚੇ ਦੇ ਆਗੂ ਘਰਾਂ ’ਚ ਕੀਤੇ ਨ
Publish Date: Fri, 05 Dec 2025 04:46 PM (IST)
Updated Date: Sat, 06 Dec 2025 04:03 AM (IST)

ਪੰਜਾਬੀ ਜਾਗਰਣ ਟੀਮ, ਮੋਰਿੰਡਾ : ਮੋਰਿੰਡਾ ਪੁਲਿਸ ਵੱਲੋਂ ਕਿਸਾਨ ਮਜ਼ਦੂਰ ਮੋਰਚੇ ਦੇ ਰੇਲ ਰੋਕੋ ਪ੍ਰੋਗਰਾਮ ਨੂੰ ਅਸਫਲ ਬਣਾਉਣ ਲਈ ਪੁਲਿਸ ਵੱਲੋਂ ਪਹਿਲਾਂ ਹੀ ਮੋਰਚੇ ਦੇ ਆਗੂਆਂ ਨੂੰ ਘਰਾਂ ਵਿਚ ਨਜ਼ਰਬੰਦ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਜ਼ਿਲ੍ਹਾ ਰੂਪਨਗਰ ਇਕਾਈ ਦੀ ਸੂਬਾਈ ਆਗੂ ਸਤਿਨਾਮ ਸਿੰਘ ਪੰਨੂੰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ 5 ਦਸੰਬਰ ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਅਤੇ ਕਿਸਾਨਾਂ ਵੱਲੋਂ ਰੇਲਾਂ ਰੋਕਣ ਦਾ ਫੈਸਲਾ ਲਿਆ ਗਿਆ ਸੀ। ਮੋਰਿੰਡਾ ਪੁਲਿਸ ਵੱਲੋਂ ਇਸ ਰੇਲ ਰੋਕੋ ਪ੍ਰੋਗਰਾਮ ਨੂੰ ਅਸਫਲ ਬਣਾਉਣ ਲਈ ਕਾਰਵਾਈ ਕਰਦੇ ਹੋਏ ਤੜਕਸਾਰ 5 ਵਜੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਰੂਪਨਗਰ ਦੇ ਆਗੂ ਸਵਰਨ ਸਿੰਘ ਢੰਗਰਾਲੀ ਤੇ ਸਾਥੀਆਂ ਨੂੰ ਪਿੰਡ ਢੰਗਰਾਲੀ ਵਿਖੇ ਘਰਾਂ ਵਿਚ ਹੀ ਨਜ਼ਰਬੰਦ ਕਰ ਦਿੱਤਾ ਗਿਆ ਤਾਂ ਕਿ ਉਹ ਕੋਈ ਰੋਸ ਜਾਂ ਵਿਰੋਧ ਪ੍ਰਦਰਸ਼ਨ ਨਾ ਕਰ ਸਕਣ ਅਤੇ ਉਨ੍ਹਾਂ ਦੇ ਰੇਲ ਰੋਕੋ ਪ੍ਰੋਗਰਾਮ ਨੂੰ ਅਸਫਲ ਬਣਾਇਆ ਜਾ ਸਕੇ। ਇੱਥੇ ਦੱਸਣਯੋਗ ਹੈ ਕਿ ਮੋਰਚੇ ਵੱਲੋਂ ਬਿਜਲੀ ਸੋਧ ਬਿਲ-2025, ਚਿੱਪ ਵਾਲੇ ਮੀਟਰ ਲਗਾਉਣ, ਫ਼ਸਲਾਂ ਤੇ ਦੁੱਧ ਕਾਰੋਬਾਰ ਨੂੰ ਕਰ ਮੁਕਤ ਕਰਨ, ਅਮਰੀਕਾ-ਭਾਰਤ ਸਮਝੌਤੇ, ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਚਾਰ ਕੋਡਾਂ ਸਮੇਤ ਹੋਰ ਕਿਸਾਨੀ ਤੇ ਮਜਦੂਰਾਂ ਦੀਆਂ ਮੰਗਾਂ ਲਈ ਰੂਪਨਗਰ ਰੇਲ ਪੱਟੜੀ ‘ਤੇ ਧਰਨਾ ਦਿੱਤਾ ਜਾਣਾ ਸੀ। ਸਵਰਨ ਸਿੰਘ ਢੰਗਰਲੀ ਨੇ ਸਰਕਾਰ ਤੇ ਪੁਲੀਸ ਦੀ ਇਸ ਕਾਰਵਾਈ ਨੂੰ ਜ਼ਬਰ-ਜ਼ੁਲਮ ਅਤੇ ਮਨੁੱਖੀ ਹੱਕ ਖੋਹਣ ਦੀ ਕਾਰਵਾਈ ਦੱਸਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਗਰੀਬਾਂ ਦੇ ਹੱਕਾਂ ਨੂੰ ਤਾਕਤ ਦੇ ਜ਼ੋਰ ਨਾਲ ਕੁਚਲ ਕੇ ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰ ਰਹੀ ਹੈ। ਉਨ੍ਹਾਂ ਦੱਸਿਆ ਕਿ ਸੰਘਰਸ਼ ਦੇ ਅਗਲੇ ਐਕਸ਼ਨ ਜਿਵੇਂ ਦਸੰਬਰ ਮਹੀਨੇ ਚਿੱਪ ਮੀਟਰ ਪੁੱਟ ਕੇ ਪਾਵਰਕਾਮ ਦੇ ਦਫ਼ਤਰ ਜਮ੍ਹਾਂ ਕਰਾਉਣੇ ਤੇ ਜਿਲ਼੍ਹਾ ਹੈੱਡਕੁਆਰਟਰਾਂ ਤੇ ਧਰਨੇ ਦੇਣੇ ਆਦਿ ਸ਼ਾਮਲ ਹਨ ਅਤੇ ਇਹ ਸਤਰਕਤਾ ਨਾਲ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਉਨ੍ਹਾਂ ਨੂੰ ਤੜਕੇ 5 ਵਜੇ ਤੋਂ ਦਿਨ ਦੇ 3 ਵਜੇ ਤੱਕ ਧਰਨਾ ਸਮਾਪਤੀ ਤੱਕ ਘਰ ਨਜ਼ਰਬੰਦ ਵਿਚ ਰੱਖਿਆ ਗਿਆ।