ਦਸਤਾਰ ‘ਤੇ ਟਿੱਪਣੀ ਨੇ ਮਚਾਇਆ ਤੂਫ਼ਾਨ, ਰੰਧਾਵਾ ਘੇਰੇ ’ਚ
ਦਸਤਾਰ ‘ਤੇ ਟਿੱਪਣੀ ਨੇ ਮਚਾਇਆ ਤੂਫ਼ਾਨ, ਰੰਧਾਵਾ ਘੇਰੇ ’ਚ
Publish Date: Fri, 05 Dec 2025 04:24 PM (IST)
Updated Date: Sat, 06 Dec 2025 04:03 AM (IST)

ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ ਸ਼੍ਰੀ ਅਨੰਦਪੁਰ ਸਾਹਿਬ : ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਦੀਪ ਰੰਧਾਵਾ ਵੱਲੋਂ ਦਸਤਾਰ ਬਾਰੇ ਕੀਤੀ ਗਈ ਵਿਵਾਦਿਤ ਟਿੱਪਣੀ ਡੂੰਘੀ ਚਰਚਾ ਦਾ ਕੇਂਦਰ ਬਣੀ ਹੋਈ ਹੈ। ਸਿੱਖ ਕੌਮ ਵਿਚ ਦਸਤਾਰ ਸਿਰਫ਼ ਵਸਤਰ (ਕੱਪੜਾ) ਨਹੀਂ ਸਗੋਂ, ਸਿੱਖ ਸਰੂਪ ਦੀ ਸ਼ਾਨ, ਗੁਰੂ ਦੀ ਬਖ਼ਸ਼ੀ ਹੋਈ ਨਿਸ਼ਾਨੀ ਅਤੇ ਸ਼ਰਧਾ ਦਾ ਪ੍ਰਤੀਕ ਹੈ। ਇਸ ਬਾਰੇ ਕੁਝ ਵੀ ਅਪਮਾਨਜਨਕ ਕਹਿਣਾ ਸਿੱਖ ਜਗਤ ਲਈ ਬਹੁਤ ਸੰਵੇਦਨਸ਼ੀਲ ਮਾਮਲਾ ਹੈ। ਗੁਰਦੀਪ ਰੰਧਾਵਾ ਦੇ ਬਿਆਨ ਨੇ ਵੱਖ-ਵੱਖ ਧਾਰਮਿਕ, ਰਾਜਨੀਤਿਕ ਅਤੇ ਸਮਾਜਕ ਵਰਗਾਂ ਵਿਚ ਰੋਸ ਨੂੰ ਜਨਮ ਦਿੱਤਾ ਹੈ। ਬਹੁਤੇ ਆਗੂਆਂ ਦਾ ਮੰਨਣਾ ਹੈ ਕਿ ਸੱਤਾ ਵਿਚ ਬੈਠੇ ਲੋਕਾਂ ਨੂੰ ਵਧੇਰੇ ਜ਼ਿੰਮੇਵਾਰੀ ਨਾਲ ਬੋਲਣਾ ਚਾਹੀਦਾ ਹੈ ਤਾਂ ਜੋ ਕਿਸੇ ਵੀ ਕੌਮ ਜ਼ਾਂ ਵਰਗ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ। ਪੰਜਾਬੀ ਜਾਗਰਣ ਟੀਮ ਨੇ ਇਸ ਗੰਭੀਰ ਮਾਮਲੇ ‘ਤੇ ਵੱਖ-ਵੱਖ ਖੇਤਰਾਂ ਦੇ ਆਗੂਆਂ ਨਾਲ ਗੱਲਬਾਤ ਕੀਤੀ, ਜਿਨ੍ਹਾਂ ਨੇ ਟਿੱਪਣੀ ਦੀ ਸਖਤ ਨਿੰਦਾ ਕਰਦੇ ਹੋਏ ਕਿਹਾ ਕਿ ਦਸਤਾਰ ਬਾਰੇ ਅਜਿਹੇ ਸ਼ਬਦ ਕਿਸੇ ਸੂਰਤ ਵਿਚ ਸਹਿਣਯੋਗ ਨਹੀਂ। ਸੱਤਾ ’ਚ ਆ ਕੇ ਅੱਖਾਂ ਬੰਦ ਨਹੀਂ ਕਰਨੀਆਂ ਚਾਹੀਦੀਆਂ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜੱਥੇਦਾਰ ਗਿਆਨੀ ਕੇਵਲ ਸਿੰਘ ਨੇ ਰੰਧਾਵਾ ਦੀ ਟਿੱਪਣੀ ਨੂੰ ਨਿੰਦਣਯੋਗ ਕਰਾਰ ਦਿੰਦਿਆਂ ਕਿਹਾ ਕਿ ਸੱਤਾ ਵਿਚ ਆ ਕੇ ਅੱਖਾਂ ਬੰਦ ਨਹੀਂ ਕਰ ਲੈਣੀਆਂ ਚਾਹੀਦੀਆਂ। ਉਨਾਂ ਨੇ ਸਪੱਸ਼ਟ ਕੀਤਾ ਕਿ ਦਸਤਾਰ ਗੁਰੂ ਸਾਹਿਬ ਵੱਲੋਂ ਬਖ਼ਸ਼ਿਆ ਤਾਜ ਹੈ, ਜਿਸਦੀ ਸ਼ਾਨ ਸਦੀਆਂ ਤੋਂ ਕਾਇਮ ਹੈ ਅਤੇ ਰਹੇਗੀ। ਉਨ੍ਹਾਂ ਕਿਹਾ ਕਿ ਜੇਕਰ ਸੱਤਾਧਾਰੀ ਪਾਰਟੀ ਦਾ ਵਿਧਾਇਕ ਹੀ ਦਸਤਾਰ ਬਾਰੇ ਅਜਿਹੀ ਗੱਲ ਕਰੇ ਤਾਂ ਇਹ ਦਰਸਾਉਂਦਾ ਹੈ ਕਿ ਸਰਕਾਰੀ ਤੰਤਰ ਨੂੰ ਸਿੱਖੀ ਬਾਰੇ ਗਿਆਨ ਅਤੇ ਸੰਵੇਦਨਸ਼ੀਲਤਾ ਦੀ ਕਮੀ ਹੈ। ਉਨ੍ਹਾਂ ਕਿਹਾ ਕਿ ਦਸਤਾਰ ਨਾਲ ਸਿੱਖ ਦੀ ਪਹਿਚਾਣ, ਮਰਿਆਦਾ ਅਤੇ ਆਤਮ ਸਨਮਾਨ ਜੁੜਿਆ ਹੈ। ਇਸਦੀ ਬੇਅਦਬੀ ਕਿਸੇ ਵੀ ਪੱਧਰ ‘ਤੇ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਅਤੇ ਆਗੂਆਂ ਨੂੰ ਬਿਆਨਬਾਜ਼ੀ ਕਰਦਿਆਂ ਹਮੇਸ਼ਾ ਕੌਮ ਦੇ ਜਜ਼ਬਾਤਾਂ ਦਾ ਆਦਰ ਕਰਨਾ ਚਾਹੀਦਾ ਹੈ। ਆਪ ਆਗੂਆਂ ’ਚ ਨਾ ਸਿੱਖਾਂ ਦਾ ਸਤਿਕਾਰ ਨਾ ਪੱਗ ਦਾ ਭਾਜਪਾ ਆਗੂ ਜਤਿੰਦਰ ਸਿੰਘ ਅਠਵਾਲ ਨੇ ਰੰਧਾਵਾ ਦੇ ਬਿਆਨ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਆਪ ਦੇ ਆਗੂ ਨਾ ਤਾਂ ਸਿੱਖਾਂ ਦਾ ਸਤਿਕਾਰ ਕਰਦੇ ਹਨ ਅਤੇ ਨਾ ਹੀ ਪੱਗ ਦੀ ਮਰਿਆਦਾ ਨੂੰ ਸਮਝਦੇ ਹਨ। ਉਨ੍ਹਾਂ ਕਿਹਾ ਕਿ ਜਿਸ ਪੱਗ ਲਈ ਸਿੱਖਾਂ ਨੇ ਇਤਿਹਾਸ ਵਿਚ ਆਪਣੇ ਸਿਰ ਧੜ ਤੋਂ ਵੱਖ ਕਰਵਾ ਕੇ ਸ਼ਹਾਦਤਾਂ ਦਿੱਤੀਆਂ, ਉਸ ਬਾਰੇ ਅਜਿਹੀ ਟਿੱਪਣੀ ਕਰਨਾ ਨਿੰਦਣਯੋਗ ਅਤੇ ਦੁੱਖਦਾਈ ਹੈ। ਉਨ੍ਹਾਂ ਕਿਹਾ ਕਿ ਸੱਤਾ ਦੇ ਨਸ਼ੇ ਵਿਚ ਆ ਕੇ ਆਗੂ ਅਕਸਰ ਅਜਿਹੇ ਬੋਲ ਬੋਲ ਜਾਂਦੇ ਹਨ ਪਰ ਇਹ ਮਾਮਲਾ ਸਿਰਫ਼ ਰਾਜਨੀਤਿਕ ਨਹੀਂ ਬਲਕਿ ਸਿੱਖ ਆਸਥਾਵਾਂ ਨਾਲ ਜੁੜਿਆ ਹੈ। ਉਨ੍ਹਾਂ ਕਿਹਾ ਕਿ ਪੱਗ ਸਿੱਖੀ ਦਾ ਅਨਮੋਲ ਹੀਰਾ ਹੈ ਅਤੇ ਇਸ ‘ਤੇ ਸਵਾਲ ਚੁੱਕਣਾ ਕੌਮ ਦੇ ਜਜ਼ਬਾਤਾਂ ਨਾਲ ਖਿਲਵਾੜ ਕਰਨ ਦੇ ਬਰਾਬਰ ਹੈ। ਇਸ ਲਈ ਅਜਿਹੀ ਟਿੱਪਣੀ ਕਰਨ ਵਾਲੇ ਆਗੂ ਨੂੰ ਲੋਕਾਂ ਕੋਲੋਂ ਮਾਫ਼ੀ ਮੰਗਣੀ ਚਾਹੀਦੀ ਹੈ। ਦਸਤਾਰ ਗੁਰੂ ਦੀ ਬਖਸ਼ਿਸ਼ ਕਿਸੇ ਐੱਮਐੱਲਏ ਦੀ ਨਹੀਂ ਅੰਤਰਰਾਸ਼ਟਰੀ ਸਿੱਖ ਪ੍ਰਚਾਰਕ ਬਲਬੀਰ ਸਿੰਘ ਚੰਗਿਆੜਾ ਨੇ ਰੰਧਾਵਾ ਦੀ ਟਿੱਪਣੀ ਨੂੰ ਸਿੱਖ ਸਨਮਾਨ ‘ਤੇ ਸਿੱਧਾ ਹਮਲਾ ਦੱਸਦਿਆਂ ਕਿਹਾ ਕਿ ਦਸਤਾਰ ਸਾਨੂੰ ਗੁਰੂ ਨੇ ਬਖ਼ਸ਼ੀ ਹੈ, ਕਿਸੇ ਐਮਐਲਏ ਨੇ ਨਹੀਂ। ਉਨ੍ਹਾਂ ਕਿਹਾ ਕਿ ਸਿੱਖੀ ਵਿਚ ਪੱਗ ਸਿਰਫ਼ ਸਿੰਗਾਰ ਨਹੀਂ, ਸਾਡੀ ਸਰਦਾਰੀ, ਸਾਡਾ ਅਸੂਲ ਅਤੇ ਸਾਡਾ ਜ਼ਹੂਰ ਹੈ। ਜਿਹੜਾ ਵਿਅਕਤੀ ਦਸਤਾਰ ਦੀ ਤੌਹੀਨ ਕਰਦਾ ਹੈ, ਉਹ ਸਿੱਖ ਸਰੂਪ ਦੀ ਤੌਹੀਨ ਕਰਦਾ ਹੈ ਅਤੇ ਇਹ ਬਿਲਕੁਲ ਨਾ ਬਖ਼ਸ਼ਣਯੋਗ ਹੈ। ਉਨ੍ਹਾਂ ਕਿਹਾ ਕਿ ਰਾਜਨੀਤਿਕ ਲੋਕਾਂ ਨੂੰ ਬਿਆਨਬਾਜ਼ੀ ਕਰਦਿਆਂ ਜ਼ਿੰਮੇਵਾਰ ਹੋਣਾ ਚਾਹੀਦਾ ਹੈ, ਕਿਉਂਕਿ ਉਨ੍ਹਾਂ ਦੇ ਸ਼ਬਦ ਕੌਮ ਦੇ ਦਿਲਾਂ ‘ਤੇ ਸਿੱਧਾ ਅਸਰ ਕਰਦੇ ਹਨ। ਉਨ੍ਹਾਂ ਕਿਹਾ ਕਿ ਸਿੱਖ ਜਗਤ ਐਸੀ ਬੇਅਦਬੀ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ ਅਤੇ ਇਸ ਬਾਰੇ ਸਖ਼ਤ ਰਵੱਈਆ ਅਖਤਿਆਰ ਕਰਨਾ ਲਾਜ਼ਮੀ ਹੈ। ਸਰਕਾਰ ਅਜਿਹਾ ਬੋਲਣ ਵਾਲੇ ’ਤੇ ਕਰੇ ਪਰਚਾ ਦਰਜ ਸਮਾਜਿਕ ਤੇ ਰਾਜਨੀਤਿਕ ਆਗੂ ਸੋਢੀ ਵਿਕਰਮ ਸਿੰਘ ਨੇ ਦਸਤਾਰ ਬਾਰੇ ਕੀਤੀ ਗਈ ਟਿੱਪਣੀ ਨੂੰ ਸਿੱਖ ਜਗਤ ਲਈ ਬਹੁਤ ਗੰਭੀਰ ਮਾਮਲਾ ਦੱਸਦਿਆਂ ਕਿਹਾ ਕਿ ਸਰਕਾਰ ਨੂੰ ਇਸ ਦਾ ਤੁਰੰਤ ਨੋਟਿਸ ਲੈਣਾ ਚਾਹੀਦਾ ਹੈ। ਉਨ੍ਹਾਂ ਮੰਗ ਕੀਤੀ ਕਿ ਅਜਿਹੀ ਬਿਆਨਬਾਜ਼ੀ ਕਰਨ ਵਾਲੇ ਆਗੂ ਦੇ ਖ਼ਿਲਾਫ਼ ਪਰਚਾ ਦਰਜ ਕੀਤਾ ਜਾਵੇ ਅਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਬਿਆਨ ਨਾਲ ਧਾਰਮਿਕ ਭਾਵਨਾਵਾਂ ਨੂੰ ਗਹਿਰੀ ਠੇਸ ਪਹੁੰਚੀ ਹੈ। ਉਨ੍ਹਾਂ ਕਿਹਾ ਕਿ ਦਸਤਾਰ ਸਿੱਖ ਕੌਮ ਦੇ ਆਤਮ ਸਨਮਾਨ ਨਾਲ ਜੁੜੀ ਹੈ ਅਤੇ ਇਸ ਦੀ ਬੇਅਦਬੀ ਸਿੱਧਾ ਸਿੱਖ ਜਥੇਬੰਦੀਆਂ, ਨੌਜਵਾਨਾਂ ਅਤੇ ਸਮੂਹ ਪੰਥ ਨੂੰ ਦੁਖੀ ਕਰਦੀ ਹੈ। ਇਸ ਲਈ ਸਰਕਾਰ ਨੂੰ ਕਾਨੂੰਨ ਮੁਤਾਬਕ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਭਵਿੱਖ ਵਿਚ ਕੋਈ ਵੀ ਆਗੂ ਅਜਿਹੀਆਂ ਗੱਲਾਂ ਕਹਿਣ ਤੋਂ ਪਰਹੇਜ਼ ਕਰੇ।