ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਨੰਗਲ ’ਚ ਨਾਮਜ਼ਦਗੀਆਂ ਭਰਨ ਦਾ ਕੰਮ ਮੁਕੰਮਲ
ਬਲਾਕ ਸੰਮਤੀ ਨੰਗਲ ’ਚ ਨਾਮਜ਼ਦਗੀਆਂ ਭਰਨ ਦਾ ਕੰਮ ਮੁਕੰਮਲ
Publish Date: Thu, 04 Dec 2025 07:10 PM (IST)
Updated Date: Fri, 05 Dec 2025 04:12 AM (IST)

ਗੁਰਦੀਪ ਭੱਲੜੀ, ਪੰਜਾਬੀ ਜਾਗਰਣ, ਨੰਗਲ : ਪੰਜਾਬ ਵਿਚ 14 ਦਸੰਬਰ ਨੂੰ ਹੋਣ ਵਾਲੀਆਂ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾ ਦੀਆਂ ਨਾਮਜ਼ਦਗੀਆਂ ਭਰਨ ਦੇ ਆਖਰੀ ਦਿਨ ਵੱਖ ਵੱਖ ਪਾਰਟੀਆਂ ਦੇ ਉਮੀਦਵਾਰਾਂ ਵਲੋਂ ਨਾਮਜ਼ਦਗੀਆਂ ਦਾਖਿਲ ਕੀਤੀਆਂ ਗਈਆਂ। ਨੰਗਲ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਫ ਐਮੀਨੈਂਸ ਵਿਖੇ ਉਮੀਦਵਾਰਾਂ ਅਤੇ ਉਨਾਂ ਦੇ ਸਮਰਥਕਾਂ ਵਿਚ ਕਾਫੀ ਉਤਸ਼ਾਹ ਵੇਖਿਆ ਗਿਆ। ਨਾਮਜ਼ਦਗੀਆਂ ਭਰਨ ਦੇ ਆਖਰੀ ਦਿਨ ਵੀਰਵਾਰ ਨੂੰ ਨੰਗਲ ਬਲਾਕ ਸੰਮਤੀ ਦੇ 15 ਜ਼ੋਨਾਂ ਲਈ ਕੁੱਲ 49 ਉਮੀਦਵਾਰਾਂ ਵਲੋਂ ਨਾਮਜ਼ਦਗੀਆਂ ਭਰੀਆਂ ਗਈਆਂ ਅਤੇ ਇਹ ਪ੍ਰਕਿਰਿਆ ਪੂਰੀ ਤਰ੍ਹਾਂ ਅਮਨ-ਅਮਾਨ ਨਾਲ ਸੰਪੰਨ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਿਟਰਨਿੰਗ ਅਫ਼ਸਰ ਸਚਿਨ ਪਾਠਕ ਉਪ ਮੰਡਲ ਮੈਜਿਸਟ੍ਰੇਟ ਨੰਗਲ ਨੇ ਦੱਸਿਆ ਕਿ ਕੁੱਲ 15 ਜ਼ੋਨਾਂ ਤੋਂ ਨਾਮਜ਼ਜਦਗੀ ਪੱਤਰ ਪ੍ਰਾਪਤ ਕੀਤੇ ਗਏ। ਉਨ੍ਹਾਂ ਦੱਸਿਆ ਕਿ ਸਾਰੇ ਨਾਮਜ਼ਦਗੀ ਪੱਤਰਾਂ 5 ਦਸੰਬਰ ਨੂੰ ਪੜ੍ਹਤਾਲ (ਸਕਰੂਟਨੀ) ਕੀਤੀ ਜਾਵੇਗੀ। ਜਿਸ ਤੋਂ ਬਾਅਦ ਯੋਗ ਨਾਮਜ਼ਦਗੀ ਪੱਤਰਾਂ ਦੀ ਸੂਚੀ ਨੋਟਿਸ ਬੋਰਡ ’ਤੇ ਲਗਾ ਦਿੱਤੀ ਜਾਵੇਗੀ। ਉਨਾਂ ਦੱਸਿਆਂ ਉਮੀਦਵਾਰ 6 ਦਸੰਬਰ ਤੱਕ ਆਪਣਾ ਨਾਮ ਵਾਪਿਸ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਵੋਟਾਂ 14 ਦਸੰਬਰ ਨੂੰ ਪੈਣਗੀਆਂ ਅਤੇ ਨਤੀਜ਼ੇ 17 ਦਸੰਬਰ ਨੂੰ ਐਲਾਨੇ ਜਾਣਗੇ। ਉਨ੍ਹਾਂ ਸਮੂਹ ਉਮੀਦਵਾਰਾਂ ਨੂੰ ਅਪੀਲ ਕੀਤੀ ਗਈ ਕਿ ਜਿਹੜੇ ਵਿਅਕਤੀ ਆਪਣੀ ਐਫਿਡੇਵਿਟ ਜਾਂ ਦਸਤਾਵੇਜ਼ੀ ਜਾਂਚ ਲਈ ਮੌਜੂਦ ਹੋਣਾ ਚਾਹੁੰਦੇ ਹਨ, ਉਹ ਸਮੇਂ ਸਿਰ ਹਾਜ਼ਰ ਰਹਿਣ ਤਾਂ ਜੋ ਪ੍ਰਕਿਰਿਆ ਬਿਨ੍ਹਾਂ ਕਿਸੇ ਰੁਕਾਵਟ ਦੇ ਪੂਰੀ ਕੀਤੀ ਜਾ ਸਕੇ। 15 ਜ਼ੋਨਾਂ ਲਈ 49 ਉਮੀਦਵਾਰਾਂ ਨੇ ਭਰੀਆਂ ਨਾਮਜ਼ਦਗੀਆਂ ਉਨ੍ਹਾਂ ਜਾਣਕਾਰੀ ਦਿੰਦੇ ਦੱਸਿਆ ਕਿ ਜ਼ੋਨ-1 ਸੁਆਮੀਪੁਰ ’ਚ 4, ਜ਼ੋਨ-2 ਦੁਬੇਟਾ ’ਚ 3, ਜ਼ੋਨ-3 ਮਾਣਕਪੁਰ ’ਚ 2, ਜ਼ੋਨ-4 ਬ੍ਰਹਮਪੁਰ ਲੋਅਰ ’ਚ 3, ਜ਼ੋਨ-5 ਅਜੌਲੀ ਬੀਸੀ ’ਚ 2, ਜ਼ੋਨ-6 ਜਾਂਦਲਾ ’ਚ 2, ਜ਼ੋਨ-7 ਦੜੌਲੀ ਅੱਪਰ ’ਚ 2, ਜ਼ੋਨ-8 ਗੱਗ ’ਚ 3, ਜ਼ੋਨ-9 ਜਿੰਦਵੜੀ ’ਚ 4, ਜ਼ੋਨ-10 ਬੇਲਾ ਰਾਮਗੜ੍ਹ ’ਚ 3, ਜ਼ੋਨ-11 ਨਾਨਗਰਾਂ ’ਚ 3, ਜ਼ੋਨ-12 ਖੇੜਾ ਕਲਮੋਟ ’ਚ 4, ਜ਼ੋਨ-13 ਸੁਖਸਾਲ ’ਚ 4, ਜ਼ੋਨ-14 ਸਹਿਜ਼ੋਵਾਲ ’ਚ 2 ਅਤੇ ਜ਼ੋਨ-15 ਛੋਟੇਵਾਲ ’ਚ 7 ਨਾਮਜ਼ਦਗੀ ਪੱਤਰ ਪ੍ਰਾਪਤ ਹੋਏ ਹਨ। ਇਸ ਤਰ੍ਹਾਂ ਕੁੱਲ ਮਿਲਾ ਕੇ 49 ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਕਾਂਗਰਸ ਵਲੋਂ 22, ਆਮ ਆਦਮੀ ਪਾਰਟੀ ਵਲੋਂ 16, ਭਾਜਪਾ ਵਲੋਂ 8, ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ 1 ਅਤੇ 2 ਆਜ਼ਾਦ ਉਮੀਦਵਾਰਾਂ ਵਲੋਂ ਨਾਮਜ਼ਦਗੀਆਂ ਭਰੀਆਂ ਗਈਆਂ ਹਨ।