ਪੋਕਸੋ ਐਕਟ ਦੇ ਤਹਿਤ ਦੋ ਭਰਾਵਾਂ ਦੇ ਖਿਲਾਫ ਮਾਮਲਾ ਦਰਜ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਰੂਪਨਗਰ ਪੁਲਿਸ ਨੇ ਭਰਾ ਬਣ ਕੇ ਪਹਿਲਾਂ ਲੜਕੀ ਦੇ ਨਾਲ ਜਬਰਨ ਸ਼ਰੀਰਕ ਸਬੰਧ ਬਣਾਉਣ ਅਤੇ ਵੀਡੀਓ ਤੇ ਫੋਟੋ ਵਾਇਰਲ ਕਰਨ ਦੀ ਧਮਕੀ ਦੇ ਕੇ ਕਰੀਬ 11 ਸਾਲਾਂ ਤੱਕ ਸ਼ਰੀਰਕ ਸਬੰਧ ਬਣਾਉਣ ਦੇ ਦੋਸ਼ ’ਚ 2 ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਿਸ ਸਮੇਂ ਉਕਤ ਵਿਅਕਤੀ ਨੇ ਲੜਕੀ ਨਾਲ ਪਹਿਲੀ ਬਾਰ ਜ਼ਬਰਦਸਤੀ ਸਬੰਧ ਬਣਾਏ ਸਨ ਤਾਂ ਲੜਕੀ ਨਾਬਾਲਿਗ ਸੀ। ਸ਼ਿਕਾਇਤਕਰਤਾ ਪੀੜਤ ਲੜਕੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਚ ਦੱਸਿਆ ਕਿ ਉਹ ਪੰਜ ਭਰਾ-ਭੈਣਾਂ ਹਨ। ਉਸ ਦੀਆਂ ਦੋ ਭੈਣਾਂ ਦਾ ਵਿਆਹ ਹੋ ਚੁਕਿਆ ਹੈ ਜਦਕਿ ਭਰਾ ਵਿਦੇਸ਼ ਵਿਚ ਰਹਿੰਦੇ ਹਨ। ਉਸਦੇ ਛੋਟੇ ਭਰਾ ਦਾ ਦੋਸਤ ਪੁਸ਼ਪਿੰਦਰ ਸਿੰਘ ਬਾਵਾ ਪੁੱਤਰ ਸਵਰਗੀ ਕਮਲਜੀਤ ਸਿੰਘ ਵਾਸੀ ਘਨੌਲੀ ਜਿਗਰੀ ਦੋਸਤ ਹਨ ਤੇ ਉਹ ਵੀ ਉਸ ਨੂੰ ਭਰਾ ਹੀ ਮੰਨਦੀ ਸੀ। ਉਸਨੇ ਦੱਸਿਆ ਕਿ 21 ਜੁਲਾਈ, 2014 ਨੂੰ ਉਸਦੇ ਪਿਤਾ ਨੂੰ ਹਾਰਟ ਅਟੈਕ ਆਇਆ ਸੀ ਤਾਂ ਇਸ ਦੀ ਜਾਣਕਾਰੀ ਉਸ ਨੇ ਆਪਣੇ ਭਰਾਵਾਂ ਨੂੰ ਫੋਨ ’ਤੇ ਦਿੱਤੀ ਅਤੇ ਉਸਦੇ ਭਰਾਵਾਂ ਨੇ ਉਸਨੂੰ ਪੁਸ਼ਪਿੰਦਰ ਸਿੰਘ ਤੋਂ ਸਹਾਇਤਾ ਲੈਣ ਲਈ ਕਿਹਾ। ਪੀੜਤ ਨੇ ਦੱਸਿਆ ਕਿ ਪੁਸ਼ਪਿੰਦਰ ਨੇ ਉਸ ਦੇ ਪਿਤਾ ਨੂੰ ਪੀਜੀਆਈ ਚੰਡੀਗੜ੍ਹ ਵਿਖੇ ਦਾਖਲ ਕਰਵਾਇਆ ਤੇ ਅਗਲੇ ਦਿਨ ਉਸਦਾ ਭਰਾ ਪੀਜੀਆਈ ਚੰਡੀਗੜ੍ਹ ਪਹੁੰਚ ਗਿਆ। ਇਸ ਦੇ ਉਪਰੰਤ ਉਸਦੇ ਭਰਾ ਨੇ ਉਸ ਨੂੰ ਅਤੇ ਪੁਸ਼ਪਿੰਦਰ ਨੂੰ ਘਰ ਵਾਪਿਸ ਭੇਜ ਦਿੱਤਾ। ਉਸ ਦਿਨ ਪੁਸ਼ਪਿੰਦਰ ਉਨ੍ਹਾਂ ਦੇ ਘਰ ਹੀ ਰੁਕ ਗਿਆ ਅਤੇ ਰਾਤ ਨੂੰ ਉਹ ਜਬਰਨ ਉਸ ਨੂੰ ਕਮਰੇ ਵਿਚ ਲੈ ਗਿਆ ਅਤੇ ਉਸਦੀ ਮਰਜ਼ੀ ਤੋ ਬਿਨ੍ਹਾਂ ਉਸ ਦੇ ਨਾਲ ਜਬਰਦਸਤੀ ਸ਼ਰੀਰਕ ਸਬੰਧ ਬਣਾਏ ਅਤੇ ਉਸਦੀ ਵੀਡੀਓ ਤੇ ਫੋਟੋਆਂ ਆਪਣੇ ਫੋਨ ਵਿਚ ਖਿੱਚ ਲਈਆਂ। ਪੀੜਤ ਲੜਕੀ ਨੇ ਦੱਸਿਆ ਕਿ ਉਸ ਸਮੇ ਉਹ ਨਾਬਾਲਿਗ ਸੀ। ਉਸ ਨੇ ਉਸ ਨੂੰ ਧਮਕੀ ਦਿੱਤੀ ਕਿ ਜੇਕਰ ਇਸ ਬਾਰੇ ਉਸ ਨੇ ਕਿਸੇ ਨੂੰ ਦੱਸਿਆ ਤਾਂ ਉਹ ਉਸਦੀ ਵੀਡੀਓ ਅਤੇ ਫੋਟੋਆਂ ਵਾਇਰਲ ਕਰ ਦੇਵੇਗਾ। ਉਸਨੇ ਦੱਸਿਆ ਕਿ ਉਸਦੇ ਪਿਤਾ ਦੀ ਮੌਤ 7 ਦਸੰਬਰ, 2015 ਨੂੰ ਹੋ ਗਈ ਸੀ। ਜਿਸ ਤੋਂ ਬਾਅਦ ਉਸਦੀ ਮਾਂ ਨੂੰ 2018 ਵਿਚ ਅਧਰੰਗ ਹੋ ਗਿਆ ਕਿਉਂਕਿ ਉਸਦੇ ਦੋਵੇਂ ਭਰਾ ਵਿਦੇਸ਼ ਵਿਚ ਸਨ ਅਤੇ ਪੁਸ਼ਪਿੰਦਰ ਉਸਦੀ ਮਾਂ ਨੂੰ ਹਸਪਤਾਲ ਲੈ ਕੇ ਜਾਂਦਾ ਸੀ। ਇਸਦਾ ਫਾਇਦਾ ਉਠਾਉਂਦੇ ਹੋਏ ਉਸਨੇ ਉਸਨੂੰ ਡਰਾ ਕੇ ਉਸਦੇ ਹੀ ਘਰ ਵਿਚ ਉਸਦਾ ਸਰੀਰਕ ਸ਼ੋਸ਼ਣ ਕਰਨਾ ਸ਼ੁਰੂ ਕਰ ਦਿੱਤਾ।