ਇਤਿਹਾਸਿਕ ਗੁਰਦੁਆਰਾ ਸ਼ੀਸ਼ ਮਹਿਲ ਸਾਹਿਬ ਤੋਂ ਲੈ ਕੇ ਗੁਰਦੁਆਰਾ ਹਰਿਮੰਦਰ ਸਾਹਿਬ ਅਤੇ ਨੌਂ ਲੱਖਾ ਬਾਗ ਤੱਕ ਸਾਰੇ ਇਲਾਕੇ ਨੂੰ ਸੁੰਦਰ ਦੀਪਮਾਲਾ ਨਾਲ ਸਜਾਇਆ ਜਾ ਰਿਹਾ ਹੈ, ਜਿਸ ਨਾਲ ਪੂਰਾ ਸ਼ਹਿਰ ਅਧਿਆਤਮਿਕ ਮਾਹੌਲ ’ਚ ਰੰਗਿਆ ਹੋਇਆ ਦਿਖਾਈ ਦੇ ਰਿਹਾ ਹੈ।

ਜੰਗ ਬਹਾਦਰ ਸਿੰਘ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ : ਸ੍ਰੀ ਕੀਰਤਪੁਰ ਸਾਹਿਬ ਦੇ 400 ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ ਮਨਾਏ ਜਾਣ ਵਾਲੇ ਤਿੰਨ ਰੋਜ਼ਾ ਮਹਾਨ ਧਾਰਮਿਕ ਸਮਾਗਮਾਂ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਵੱਲੋਂ ਵੱਡੇ ਪੱਧਰ ’ਤੇ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਜਾਰੀ ਹਨ। ਸਮੂਹ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਅੰਜਾਮ ਦੇਣ ਲਈ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਦਿਨ-ਰਾਤ ਮਿਹਨਤ ਕਰ ਰਹੇ ਹਨ। ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕੀਰਤਪੁਰ ਸਾਹਿਬ ਦੇ ਸਮੂਹ ਗੁਰਦੁਆਰਾ ਸਾਹਿਬਾਨਾਂ ਨੂੰ ਖਾਲਸਾਈ ਰੰਗ ’ਚ ਰੰਗਿਆ ਜਾ ਰਿਹਾ ਹੈ। ਇਤਿਹਾਸਿਕ ਗੁਰਦੁਆਰਾ ਸ਼ੀਸ਼ ਮਹਿਲ ਸਾਹਿਬ ਤੋਂ ਲੈ ਕੇ ਗੁਰਦੁਆਰਾ ਹਰਿਮੰਦਰ ਸਾਹਿਬ ਅਤੇ ਨੌਂ ਲੱਖਾ ਬਾਗ ਤੱਕ ਸਾਰੇ ਇਲਾਕੇ ਨੂੰ ਸੁੰਦਰ ਦੀਪਮਾਲਾ ਨਾਲ ਸਜਾਇਆ ਜਾ ਰਿਹਾ ਹੈ, ਜਿਸ ਨਾਲ ਪੂਰਾ ਸ਼ਹਿਰ ਅਧਿਆਤਮਿਕ ਮਾਹੌਲ ’ਚ ਰੰਗਿਆ ਹੋਇਆ ਦਿਖਾਈ ਦੇ ਰਿਹਾ ਹੈ।
ਸੰਗਤ ਦੀ ਸਹੂਲਤ ਨੂੰ ਧਿਆਨ ’ਚ ਰੱਖਦਿਆਂ ਵੱਡੇ ਪੱਧਰ ’ਤੇ ਵਾਟਰਪਰੂਫ ਟੈਂਟ ਲਗਾਏ ਜਾ ਰਹੇ ਹਨ, ਜਦਕਿ ਲੰਗਰ, ਪਾਰਕਿੰਗ, ਜੋੜੇ ਘਰ, ਇਸ਼ਨਾਨ ਘਰਾਂ, ਪਖਾਨਿਆਂ ਅਤੇ ਰਿਹਾਇਸ਼ ਦੇ ਵਿਸਥਾਰਪੂਰਵਕ ਪ੍ਰਬੰਧ ਕੀਤੇ ਗਏ ਹਨ। ਵੱਖ-ਵੱਖ ਸਥਾਨਾਂ ’ਤੇ ਲੰਗਰਾਂ ਦੀ ਵਿਵਸਥਾ ਵੀ ਕੀਤੀ ਗਈ ਹੈ, ਜਿੱਥੇ ਦੇਸ਼-ਵਿਦੇਸ਼ ਤੋਂ ਆਉਣ ਵਾਲੀ ਸੰਗਤ ਲਈ ਹਰ ਤਰ੍ਹਾਂ ਦੀ ਸਹੂਲਤ ਯਕੀਨੀ ਬਣਾਈ ਜਾ ਰਹੀ ਹੈ। ਇਸ ਮੌਕੇ ਵੱਖ-ਵੱਖ ਸੰਪਰਦਾਵਾਂ ਅਤੇ ਬਾਬਿਆਂ ਵੱਲੋਂ ਗੁਰੂ ਦੇ ਲੰਗਰ ਲਗਾਏ ਜਾ ਰਹੇ ਹਨ।
ਗੁਰਦੁਆਰਾ ਕੋਟ ਸਾਹਿਬ ਦੇ ਨਜ਼ਦੀਕ ਲੰਗਰ ਹਾਲ ਵਿੱਚ ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਵੱਲੋਂ ਲੰਗਰ ਦੀ ਸੇਵਾ ਨਿਭਾਈ ਜਾਵੇਗੀ। ਇਸ ਤੋਂ ਇਲਾਵਾ ਕਾਰ ਸੇਵਾ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਵੱਲੋਂ ਗੁਰਦੁਆਰਾ ਬਿਬਾਣ ਗੜ੍ਹ ਸਾਹਿਬ ਵਿਖੇ, ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲਿਆਂ ਵੱਲੋਂ ਗੁਰਦੁਆਰਾ ਚਰਨ ਕੰਵਲ ਸਾਹਿਬ ਵਿਖੇ ਅਤੇ ਬਾਬਾ ਦਿਲਬਾਗ ਸਿੰਘ ਲੋਹ ਲੰਗਰ ਵਾਲਿਆਂ ਅਤੇ ਕਾਰ ਸੇਵਾ ਬਾਬਾ ਹਰਬੰਸ ਸਿੰਘ ਦਿੱਲੀ ਵਾਲਿਆਂ ਵੱਲੋਂ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਵਿਖੇ ਲੰਗਰ ਲਗਾਏ ਜਾਣਗੇ।
ਇਹ ਤਿੰਨ ਰੋਜ਼ਾ ਸਮਾਗਮ 29 ਅਪ੍ਰੈਲ ਤੋਂ ਸ਼ੁਰੂ ਹੋ ਕੇ 1 ਮਈ ਤੱਕ ਚੱਲਣਗੇ, ਜਿਸ ਵਿੱਚ 29 ਅਤੇ 30 ਅਪ੍ਰੈਲ ਨੂੰ ਧਾਰਮਿਕ ਦੀਵਾਨ ਸਜਾਏ ਜਾਣਗੇ ਅਤੇ 1 ਮਈ ਨੂੰ ਮੁੱਖ ਸਮਾਗਮ ਕਰਵਾਇਆ ਜਾਵੇਗਾ। ਮੁੱਖ ਸਮਾਗਮ ਗੁਰਦੁਆਰਾ ਸ਼ੀਸ਼ ਮਹਿਲ ਸਾਹਿਬ ਵਿਖੇ ਹੋਵੇਗਾ। ਐਸਜੀਪੀਸੀ ਵੱਲੋਂ ਇਸ ਇਤਿਹਾਸਕ ਮੌਕੇ ਨੂੰ ਵਿਸ਼ੇਸ਼ ਬਣਾਉਣ ਲਈ ਵੱਖ-ਵੱਖ ਧਾਰਮਿਕ ਜਥੇਬੰਦੀਆਂ, ਸੰਤ ਮਹਾਂਪੁਰਸ਼ਾਂ ਅਤੇ ਸੰਪਰਦਾਵਾਂ ਨੂੰ ਸੱਦੇ ਭੇਜੇ ਗਏ ਹਨ।