ਫਿਨਲੈਂਡ ਤੋਂ ਟ੍ਰੇਨਿੰਗ ਪ੍ਰਾਪਤ ਦੋ ਅਧਿਆਪਕ ਪੰਚਾਇਤ ਨੇ ਸਨਮਾਨੇ
ਫਿਨਲੈਂਡ ਤੋਂ ਟ੍ਰੇਨਿੰਗ ਪ੍ਰਾਪਤ ਕਿਸਾਣਾ ਸਕੂਲ ਦੀਆਂ ਦੋ ਅਧਿਆਪਕਾਂਵਾਂ ਦਾ ਪੰਚਾਇਤ ਵੱਲੋਂ ਸਨਮਾਨ
Publish Date: Wed, 24 Dec 2025 04:08 PM (IST)
Updated Date: Wed, 24 Dec 2025 04:10 PM (IST)

ਦਿਨੇਸ਼ ਹੱਲਣ, ਪੰਜਾਬੀ ਜਾਗਰਣ ਨੂਰਪੁਰਬੇਦੀ : ਸਿੱਖਿਆ ਖੇਤਰ ਵਿੱਚ ਗੁਣਵੱਤਾ ਸੁਧਾਰਨ ਲਈ ਸਰਕਾਰ ਵੱਲੋਂ ਲਗਾਤਾਰ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ। ਇਨ੍ਹਾਂ ਉਪਰਾਲਿਆਂ ਤਹਿਤ ਦੇਸ਼ ਵਿੱਚ ਪਹਿਲੀ ਵਾਰ ਅਧਿਆਪਕਾਂ ਦੀ ਚੋਣ ਕਰਕੇ ਉਨ੍ਹਾਂ ਨੂੰ ਵਿਦੇਸ਼ਾਂ ਵਿੱਚ ਉੱਚ-ਪੱਧਰੀ ਸਿੱਖਿਆ ਪ੍ਰਣਾਲੀਆਂ ਦੀ ਟ੍ਰੇਨਿੰਗ ਦਿਵਾਉਣ ਦੀ ਪਹਿਲ ਕੀਤੀ ਗਈ ਹੈ। ਇਸ ਲੜੀ ਅਧੀਨ ਚੁਣੇ ਗਏ ਅਧਿਆਪਕਾਂ ਨੂੰ ਫਿਨਲੈਂਡ ਦੀ ਮਸ਼ਹੂਰ ਟੂਰਕੁ ਯੂਨੀਵਰਸਿਟੀ ਵਿੱਚ ਵਿਸ਼ੇਸ਼ ਟ੍ਰੇਨਿੰਗ ਲਈ ਭੇਜਿਆ ਗਿਆ। ਇਸੇ ਪ੍ਰੋਗਰਾਮ ਤਹਿਤ ਸਿੱਖਿਆ ਬਲਾਕ ਤਖਤਗੜ੍ਹ ਦੇ ਸਿੱਖਿਆ ਅਤੇ ਸਹਿ-ਗਤਿਵਿਧੀਆਂ ਵਿੱਚ ਉਲਲੇਖਣਯੋਗ ਉਪਲਬਧੀਆਂ ਹਾਸਲ ਕਰਨ ਵਾਲੇ ਮਸ਼ਹੂਰ ਸਰਕਾਰੀ ਪ੍ਰਾਇਮਰੀ ਸਕੂਲ ਕਿਸਾਣਾ ਦੀਆਂ ਦੋ ਅਧਿਆਪਕਾਂਵਾਂ ਅਨਾਮਿਕਾ ਸ਼ਰਮਾ ਅਤੇ ਪਰਮਜੀਤ ਕੌਰ ਨੇ ਫਿਨਲੈਂਡ ਤੋਂ ਸਫ਼ਲ ਟ੍ਰੇਨਿੰਗ ਪ੍ਰਾਪਤ ਕੀਤੀ। ਇਸ ਮੌਕੇ ’ਤੇ ਪਿੰਡ ਦੀ ਪੰਚਾਇਤ ਅਤੇ ਸਕੂਲ ਵਿਕਾਸ ਕਮੇਟੀ ਵੱਲੋਂ ਦੋਨਾਂ ਅਧਿਆਪਕਾਂਵਾਂ ਨੂੰ ਸਨਮਾਨ ਚਿੰਨ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਪਿੰਡ ਦੇ ਸਰਪੰਚ ਸੰਜੀਵ ਕੁਮਾਰ ਝਾਂਡੀਆ ਨੇ ਇਸ ਮੌਕੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਹ ਪਿੰਡ ਲਈ ਬਹੁਤ ਮਾਣ ਅਤੇ ਖੁਸ਼ੀ ਦੀ ਗੱਲ ਹੈ ਕਿ ਕਿਸਾਣਾ ਬਾਸ ਸਕੂਲ ਦੀਆਂ ਦੋ ਅਧਿਆਪਕਾਂਵਾਂ ਨੇ ਫਿਨਲੈਂਡ ਵਰਗੇ ਅਗੇਤਰ ਦੇਸ਼ ਤੋਂ ਟ੍ਰੇਨਿੰਗ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਟ੍ਰੇਨਿੰਗ ਨਾਲ ਸਿਰਫ਼ ਕਿਸਾਣਾ ਪਿੰਡ ਹੀ ਨਹੀਂ, ਸਗੋਂ ਆਲੇ-ਦੁਆਲੇ ਦੇ ਪਿੰਡਾਂ ਤੋਂ ਪੜ੍ਹਨ ਆਉਣ ਵਾਲੇ ਬੱਚਿਆਂ ਨੂੰ ਵੀ ਆਧੁਨਿਕ ਸਿੱਖਿਆ ਤਰੀਕਿਆਂ ਦਾ ਲਾਭ ਮਿਲੇਗਾ। ਅਧਿਆਪਕਾਂ ਅਨਾਮਿਕਾ ਸ਼ਰਮਾ ਅਤੇ ਪਰਮਜੀਤ ਕੌਰ ਨੇ ਆਪਣੇ ਤਜਰਬੇ ਸਾਂਝੇ ਕਰਦਿਆਂ ਦੱਸਿਆ ਕਿ ਫਿਨਲੈਂਡ ਪੂਰੀ ਦੁਨੀਆ ਵਿੱਚ ਸਿੱਖਿਆ ਦੇ ਖੇਤਰ ਵਿੱਚ ਅਗੇਵਾਨ ਦੇਸ਼ ਮੰਨਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ ਇਹ ਟ੍ਰੇਨਿੰਗ ਪ੍ਰੋਗਰਾਮ ਅਧਿਆਪਕਾਂ ਲਈ ਇਕ ਇਤਿਹਾਸਿਕ ਕਦਮ ਹੈ। ਫਿਨਲੈਂਡ ਵਿੱਚ ਸਿੱਖਿਆ ਜ਼ਿਆਦਾਤਰ ਕਿਰਿਆ-ਅਧਾਰਿਤ ਅਤੇ ਬੱਚਾ-ਕੇਂਦਰਿਤ ਤਰੀਕਿਆਂ ਨਾਲ ਦਿੱਤੀ ਜਾਂਦੀ ਹੈ, ਜਿਸ ਨਾਲ ਬੱਚਿਆਂ ਦੀ ਸੋਚਣ ਸਮਝਣ ਦੀ ਸਮਰੱਥਾ ਵਿੱਚ ਵਾਧਾ ਹੁੰਦਾ ਹੈ। ਉਨ੍ਹਾਂ ਵਿਸ਼ਵਾਸ ਜਤਾਇਆ ਕਿ ਫਿਨਲੈਂਡ ਤੋਂ ਪ੍ਰਾਪਤ ਤਜਰਬੇ ਨੂੰ ਆਪਣੇ ਸਕੂਲ ਵਿੱਚ ਲਾਗੂ ਕਰਕੇ ਪੰਜਾਬ ਦੀ ਸਿੱਖਿਆ ਕ੍ਰਾਂਤੀ ਨੂੰ ਹੋਰ ਮਜ਼ਬੂਤੀ ਮਿਲੇਗੀ। ਇਸ ਮੌਕੇ ਕਲਸਟਰ ਇੰਚਾਰਜ ਸੰਜੀਵ ਮੋਠਾਪੁਰ ਨੇ ਦੱਸਿਆ ਕਿ ਇਹ ਉਨ੍ਹਾਂ ਦੇ ਕਲਸਟਰ ਲਈ ਵੀ ਮਾਣ ਦੀ ਗੱਲ ਹੈ ਕਿ ਹੁਣ ਤੱਕ ਤਿੰਨ ਅਧਿਆਪਕ ਫਿਨਲੈਂਡ ਤੋਂ ਟ੍ਰੇਨਿੰਗ ਪ੍ਰਾਪਤ ਕਰ ਚੁੱਕੇ ਹਨ। ਸਨਮਾਨ ਸਮਾਰੋਹ ਦੌਰਾਨ ਪ੍ਰਸਿੱਧ ਸਮਾਜ ਸੇਵੀ ਬਿੰਦਰਪਾਲ ਝਾਂਡੀਆ, ਸਕੂਲ ਮੈਨੇਜਮੈਂਟ ਕਮੇਟੀ ਦੀ ਚੇਅਰਪਰਸਨ ਮਾਇਆ ਦੇਵੀ, ਧਰਮ ਪਾਲ, ਪੰਚ ਸਾਲੂ ਦੇਵੀ, ਮੈਡਮ ਰੇਖਾ ਰਾਣੀ, ਗੁਰਵਿੰਦਰ ਸਿੰਘ ਅਬਿਆਣਾ, ਜਸਵੀਰ ਸਿੰਘ, ਮਦਨ ਲਾਲ, ਦੇਸ ਰਾਜ, ਪਵਨ ਕੁਮਾਰ, ਹਰਪ੍ਰੀਤ ਸਿੰਘ ਸਮੇਤ ਹੋਰ ਕਈ ਪਿੰਡ ਵਾਸੀ ਹਾਜ਼ਰ ਰਹੇ।