ਨੂਰਪੁਰਬੇਦੀ ਦੇ 17 ਬਲਾਕ ਸੰਮਤੀ ਜ਼ੋਨਾਂ ਲਈ 4 ਦਸੰਬਰ ਨੂੰ ਦਾਖਿਲ ਹੋਈਆਂ ਕੁੱਲ 76 ਨਾਮਜਦਗੀਆਂ ’ਚੋਂ ਅੱਜ ਕੀਤੀ ਗਈ ਸਕਰੂਟਨਿੰਗ (ਪੜਤਾਲ) ਦੌਰਾਨ ਕਵਰਿੰਗ ਉਮੀਦਵਾਰਾਂ ਸਹਿਤ ਵੱਖ ਵੱਖ ਪਾਰਟੀਆਂ ਦੇ ਕੁੱਲ 8 ਉਮੀਦਵਾਰਾਂ ਦੀਆਂ ਦਰਖਾਸਤਾਂ ਰੱਦ ਹੋਈਆਂ ਹਨ

ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ: ਨੂਰਪੁਰਬੇਦੀ ਦੇ 17 ਬਲਾਕ ਸੰਮਤੀ ਜ਼ੋਨਾਂ ਲਈ 4 ਦਸੰਬਰ ਨੂੰ ਦਾਖਿਲ ਹੋਈਆਂ ਕੁੱਲ 76 ਨਾਮਜਦਗੀਆਂ ’ਚੋਂ ਅੱਜ ਕੀਤੀ ਗਈ ਸਕਰੂਟਨਿੰਗ (ਪੜਤਾਲ) ਦੌਰਾਨ ਕਵਰਿੰਗ ਉਮੀਦਵਾਰਾਂ ਸਹਿਤ ਵੱਖ ਵੱਖ ਪਾਰਟੀਆਂ ਦੇ ਕੁੱਲ 8 ਉਮੀਦਵਾਰਾਂ ਦੀਆਂ ਦਰਖਾਸਤਾਂ ਰੱਦ ਹੋਈਆਂ ਹਨ। ਜਿਨਾਂ ਸਭ ਤੋਂ ਵੱਧ ਅਕਾਲੀ ਦਲ ਦੇ 3 ਉਮੀਦਵਾਰਾਂ ਤੇ ਇਕ ਕਵਰਿੰਗ ਅਤੇ ਕਾਂਗਰਸ ਦੇ 2 ਉਮੀਦਵਾਰਾਂ ਤੇ 1 ਕਵਰਿੰਗ ਜਦਕਿ ਭਾਜਪਾ ਦੇ 1 ਕਵਰਿੰਗ ਉਮੀਦਵਾਰ ਦੀ ਨਾਮਜਦਗੀ ਰੱਦ ਕੀਤੀ ਗਈ ਹੈ। ਅਧਿਕਾਰੀਆਂ ਵੱਲੋਂ ਜਾਰੀ ਕੀਤੀ ਗਈ ਸੂਚੀ ਮੁਤਾਬਿਕ ਜ਼ੋਨ ਨੰਬਰ 1 ਗੜ੍ਹਬਾਗਾ ਅ.ਜ. ਇਸਤਰੀ ਲਈ ਸ਼੍ਰੋਮਣੀ ਅਕਾਲੀ ਦਲ ਦੀ ਚੰਨੋ ਦੇਵੀ ਤੇ ਰਾਜ ਰਾਣੀ ਦੇ ਅਧੂਰੇ ਹਲਫਿਆ ਬਿਆਨ ਅਤੇ ਅਨੁਸੂਚਿਤ ਜਾਤੀ ਦਾ ਸਰਟੀਫਿਕੇਟ ਨੱਥ੍ਹੀ ਨਾ ਕਰਨ ਸਹਿਤ ਹਲਫੀਆ ਬਿਆਨ ਤਸਦੀਕ ਨਾ ਕਰਵਾਏ ਜਾਣ ’ਤੇ ਰੱਦ ਕੀਤੇ ਗਏ। ਜ਼ੋਨ ਨੰਬਰ 8 ਆਜਮਪੁਰ ਬੀ.ਸੀ. ਸੀਟ ਤੋਂ ਕਾਂਗਰਸ ਦੇ ਵਰਿਆਮ ਚੰਦ ਦੀ ਦਰਖਾਸਤ ਹਲਫੀਆ ਬਿਆਨ ਅਧੂਰਾ ਹੋਣ ਤੇ ਹਸਤਾਖਰ ਨਾ ਕਰਨ ’ਤੇ ਪੇਪਰ ਰੱਦ ਕੀਤੇ ਗਏ ਹਨ। ਜ਼ੋਨ ਨੰਬਰ 8 ਬੜਵਾ ਜਨਰਲ ਸੀਟ ਤੋਂ ਕਾਂਗਰਸ ਦੇ ਕਵਰਿੰਗ ਉਮੀਦਵਾਰ ਰਾਕੇਸ਼ ਰਾਣੀ ਦੇ ਪੇਪਰ ਬੀ.ਡੀ.ਪੀ.ਓ. ਦਫਤਰ ਦੀ ਰਿਪੋਰਟ ਅਨੁਸਾਰ ਪੰਚਾਇਤੀ ਜਮੀਨ ’ਤੇ ਨਾਜਾਇਜ਼ ਕਬਜ਼ਾ ਕਰਨ ਦਾ ਮਾਮਲਾ ਜਾਂਚ ਅਧੀਨ ਹੋਣ ਕਾਰਨ ਰੱਦ ਕੀਤੇ ਗਏ ਹਨ। ਇਸਤੋਂ ਇਲਾਵਾ ਜੋਨ ਨੰਬਰ 11 ਨੂਰਪੁਰ ਕਲਾਂ ਇਸਤਰੀ ਸੀਟ ਤੋਂ ਭਾਜਪਾ ਦੇ ਕਵਰਿੰਗ ਉਮੀਦਵਾਰ ਮਨੀ ਦੇ 2 ਪੰਨੇ ਨੋਟਰਾਈਜਡ ਨਾ ਤੇ ਗਵਾਹ ਵਾਲਾ ਪੰਨਾ ਨਾ ਸ਼ਾਮਲ ਕਰਨ ਕਾਰਨ ਰੱਦ ਕੀਤੇ ਗਏ ਹਨ। ਜ਼ੋਨ ਨੰਬਰ 12 ਕਰਤਾਰਪੁਰ ਇਸਤਰੀ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਕਮਲੇਸ਼ ਕੁਮਾਰੀ ਵੱਲੋਂ ਦਿੱਤਾ ਗਿਆ ਹਲਫੀਆ ਬਿਆਨ ਨੋਟਰਾਈਜਡ ਤੇ ਤਸਦੀਕ ਨਾ ਹੋਣ ਕਾਰਨ ਰੱਦ ਕੀਤੇ ਗਏ ਹਨ। ਜ਼ੋਨ ਨੰਬਰ 114 ਥਾਨਾ ਜਨਰਲ ਸੀਟ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਹਰਦਿਆਲ ਸਿੰਘ ਦੇ ਪੇਪਰ ਬੀ.ਡੀ.ਪੀ.ਓ. ਦੀ ਰਿਪੋਰਟ ਅਨੁਸਾਰ .ਉਮੀਦਵਾਰ ਵੱਲੋਂ ਖੇਡ ਮੈਦਾਨ ਦੀ ਜਗ੍ਹਾ ’ਤੇ ਨਾਜਾਇਜ਼ ਕਬਜ਼ਾ ਕਰਨ ’ਤੇ ਰੱਦ ਕੀਤੇ ਗਏ ਹਨ। ਜ਼ੋਨ ਨੰਬਰ 15 ਅਨੂਸੂਚਿਤ ਜਾਤੀ ਇਸਤਰੀ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਿਮਰਨ ਕੌਰ ਦੇ ਪੇਪਰ ਹਲਫੀਆ ਬਿਆਨ ਅਧੂਰੇ ਹੋਣ ਤੇ ਉਮਰ ਸਬੰਧੀ ਯੋਗਤਾ ਨਾ ਪੂਰੀ ਕਰਨ ’ਤੇ ਰੱਦ ਕੀਤੇ ਗਏ। ਉਕਤ ਲਿਸਟ ਦੇ ਮੁਤਾਬਿਕ ਸ਼੍ਰੋਮਣੀ ਅਕਾਲੀ ਦਲ ਦੇ 3 ਅਤੇ ਕਾਂਗਰਸ ਪਾਰਟੀ ਦੇ 2 ਜ਼ੋਨਾਂ ਤੋਂ ਉਮੀਦਵਾਰ ਚੋਣਾਂ ਨਹੀਂ ਲੜ ਸਕਣਗੇ।
ਇਸ ਮੌਕੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੇ ਪੇਪਰ ਰੱਦ ਕੀਤੇ ਜਾਣ ’ਤੇ ਭੜਕੇ ਕਾਂਗਰਸੀ ਵਰਕਰਾਂ ਨੇ ਪੰਜਾਬ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਹਲਕਾ ਰੂਪਨਗਰ ਦੇ ਇੰਚਾਰਜ ਬਰਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਦੇਰ ਸ਼ਾਮ ਨਾਮਜਦਗੀ ਕੇਂਦਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂਰਪੁਰਬੇਦੀ ਦੇ ਮੁੱਖ ਗੇਟ ਮੂਹਰੇ ਆਮ ਆਦਮੀ ਪਾਰਟੀ ਦੀ ਸਰਕਾਰਜ ਦੇ ਖਿਲਾਫ ਜ਼ੋਰਦਾਰ ਨਾਅਰਬਾਜ਼ੀ ਕਰਦਿਆਂ ਪ੍ਰਦਰਸ਼ਨ ਕੀਤਾ। ਇਸ ਮੌਕੇ ਬੋਲਦਿਆਂ ਢਿੱਲੋਂ ਨੇ ਆਖਿਆ ਕਿ ਪੰਜਾਬ ਧੱਕੇਸ਼ਾਹੀ ਰਾਹੀਂ ਕਾਂਗਰਸ ਸਮੇਤ ਵੱਖ ਵੱਖ ਪਾਰਟੀਆਂ ਦੇ ਉਮੀਦਵਾਰਾਂ ਦੀਆਂ ਦਰਖਾਸਤਾਂ ਰੱਦ ਕਰ ਕੇ ਉਕਤ ਚੋਣਾਂ ਜਿੱਤਣਾ ਚਾਹੁੰਦੀ ਹੈ। ਉਨ੍ਹਾਂ ਐਲਾਨ ਕੀਤਾ ਕਿ ਉਕਤ ਧੱਕੇਸ਼ਾਹੀ ਦੇ ਵਿਰੋਧ ’ਚ 6 ਦਸੰਬਰ ਨੂੰ ਰੂਪਨਗਰ ਵਿਖੇ ਡੀ.ਸੀ. ਦਫਤਰ ਦੇ ਮੂਹਰੇ ਧਰਨਾ ਲਗਾ ਕੇ ਇਨਸਾਫ ਹਾਸਿਲ ਕੀਤਾ ਜਾਵੇਗਾ। ਇਸ ਮੌਕੇ ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਨੇ ਵੀ ਸਰਕਾਰ ਨੂੰ ਉਕਤ ਧੱਕੇਸ਼ਾਹੀ ਲਈ ਜੰਮ ਕੇ ਕੋਸਿਆ। ਇਸ ਮੌਕੇ ਕਮਲਜੀਤ ਸਿੰਘ ਚਨੌਲੀ, ਪ੍ਰੀਤਮ ਮਵਾ, ਡਾ. ਸੁਨੀਲ ਕੁਮਾਰ, ਜਸਵੀਰ ਸਸਕੌਰ, ਹਰਦਿਆਲ ਖੱਟੜਾ, ਰਰਣਜੀਤ ਜੀਤੀ, ਸਾ. ਸਰਪੰਚ ਵਿਜੇ ਸਰਥਲੀ, ਨਰਿੰਦਰ ਬੱਗਾ, ਸਰਬਜੀਤ ਸੈਣੀ, ਅਜੇ ਥਾਨਾ, ਹਰਮਨ ਥਾਨਾ ਤੇ ਸਰਪੰਚ ਵਿਸ਼ਾਲ ਥਾਨਾ ਸਮੇਤ ਭਾਰੀ ਗਿਣਤੀ ’ਚ ਕਾਂਗਰਸੀ ਵਰਕਰਜ਼ ਹਾਜ਼ਰ ਸਨ।