ਸਾਡਾ ਮੁੱਖ ਮੰਤਵ ਮਿਰਗੀ ਦੇ ਮਰੀਜ਼ਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਬਿਹਤਰ ਦੇਖਭਾਲ ਮੁਹੱਈਆ ਕਰਵਾਉਣਾ : ਡਾ ਗਗਨਦੀਪ
ਸਾਡਾ ਮੁੱਖ ਮੰਤਵ ਮਿਰਗੀ ਦੇ ਮਰੀਜ਼ਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਬਿਹਤਰ ਦੇਖਭਾਲ ਮੁਹੱਈਆ ਕਰਵਾਉਣਾ : ਡਾ ਗਗਨਦੀਪ ਸਿੰਘ
Publish Date: Sat, 22 Nov 2025 05:03 PM (IST)
Updated Date: Sat, 22 Nov 2025 05:04 PM (IST)

ਸਿਵਲ ਸਰਜਨ ਦਫਤਰ ਵਿਖੇ ਆਸ਼ਾ ਫੈਸੀਲੀਟੇਟਰਜ ਦੀ ਸਮਰੱਥਾ ਨਿਰਮਾਣ ਟ੍ਰੇਨਿੰਗ ਆਯੋਜਿਤ ਰਮੇਸ਼ ਸ਼ਰਮਾ, ਪੰਜਾਬੀ ਜਾਗਰਣ, ਨਵਾਂਸ਼ਹਿਰ ਦਯਾਨੰਦ ਮੈਡੀਕਲ ਕਾਲਜ ਤੇ ਹਸਪਤਾਲ ਲੁਧਿਆਣਾ ਵੱਲੋਂ ਜ਼ਿਲ੍ਹਾ ਸਿਹਤ ਵਿਭਾਗ ਦੇ ਸਹਿਯੋਗ ਨਾਲ ਸਟਾਪ ਐਪੀਲੈਪਸੀ ਪ੍ਰੋਜੈਕਟ ਤਹਿਤ ਮਿਰਗੀ ਦੀ ਬਿਮਾਰੀ ਦੇ ਇਲਾਜ ਨੂੰ ਹੋਰ ਬਿਹਤਰ ਅਤੇ ਪਹੁੰਚਣਯੋਗ ਬਣਾਉਣ ਲਈ ਸਿਵਲ ਸਰਜਨ ਦਫਤਰ ਵਿਖੇ ਆਸ਼ਾ ਫੈਸੀਲੀਟੇਟਰਜ ਦੀ ਸਮਰੱਥਾ ਨਿਰਮਾਣ ਟ੍ਰੇਨਿੰਗ ਆਯੋਜਿਤ ਕੀਤੀ। ਇਸ ਮੌਕੇ ਸਿਵਲ ਸਰਜਨ ਨੇ ਦੱਸਿਆ ਕਿ ਸਟਾਪ ਐਪੀਲੈਪਸੀ ਪ੍ਰੋਜੈਕਟ ਦਾ ਮੁੱਖ ਮੰਤਵ ਮਿਰਗੀ ਦੇ ਮਰੀਜ਼ਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਬਿਹਤਰ ਦੇਖਭਾਲ ਮੁਹੱਈਆ ਕਰਵਾਉਣਾ ਹੈ। ਇਸ ਪ੍ਰੋਜੈਕਟ ਤਹਿਤ ਮਿਰਗੀ ਦੇ ਮਰੀਜ਼ਾਂ ਦੀ ਪਛਾਣ ਹੋਣ ਉਪਰੰਤ ਬਿਮਾਰੀ ਦੇ ਇਲਾਜ ਲਈ ਮਰੀਜ਼ਾਂ ਨੂੰ ਮਾਹਰ ਡਾਕਟਰਾਂ ਕੋਲ ਰੈਫਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਦਾ ਲੋਕਾਂ ਨੂੰ ਵੱਧ ਤੋਂ ਵੱਧ ਫਾਇਦਾ ਦਿੱਤਾ ਜਾਵੇ। ਇਸ ਮੌਕੇ ਦਯਾਨੰਦ ਮੈਡੀਕਲ ਕਾਲਜ ਤੇ ਹਸਪਤਾਲ ਲੁਧਿਆਣਾ ਦੇ ਨਿਊਰੋਲੋਜੀ ਵਿਭਾਗ ਦੇ ਮੁਖੀ ਪ੍ਰੋਫੈਸਰ ਡਾ. ਗਗਨਦੀਪ ਸਿੰਘ ਨੇ ਦੱਸਿਆ ਕਿ ਮਿਰਗੀ ਦਿਮਾਗ ਨਾਲ ਸਬੰਧਿਤ ਤੰਤੂ ਪ੍ਰਣਾਲੀ ਦਾ ਇੱਕ ਵਿਗਾੜ ਹੈ। ਇਹ ਪ੍ਰੋਜੈਕਟ ਮਿਰਗੀ ਤੋਂ ਪੀੜਤ ਲੋਕਾਂ ਨੂੰ ਬਿਹਤਰ ਤੇ ਪਹੁੰਚਣਯੋਗ ਸਕਰੀਨਿੰਗ ਤੇ ਡਾਇਗਨੌਸਟਿਕ ਸਿਹਤ ਸੇਵਾਵਾਂ ਪ੍ਰਦਾਨ ਕਰੇਗਾ। ਉਨ੍ਹਾਂ ਨੇ ਦੱਸਿਆ ਕਿ ਮਿਰਗੀ ਦੇ ਮਰੀਜ਼ਾਂ ਨੂੰ ਮਿਰਗੀ ਦਾ ਇਲਾਜ ਅਧੂਰਾ ਨਹੀਂ ਛੱਡਣਾ ਚਾਹੀਦਾ, ਕਿਉਂਕਿ ਇਕ ਵੀ ਖੁਰਾਕ ਮਿਸ ਕਰਨ ਨਾਲ ਮਿਰਗੀ ਦਾ ਦੌਰਾ ਪੈਣ ਦਾ ਖਤਰਾ ਵੱਧ ਸਕਦਾ ਹੈ। ਉਨ੍ਹਾਂ ਦੱਸਿਆ ਕਿ ਜਲਦ ਪਛਾਨ ਤੇ ਸਹੀ ਇਲਾਜ ਨਾਲ 70 ਫੀਸਦ ਮਿਰਗੀ ਦੇ ਮਰੀਜ਼ ਨਾਰਮਲ ਜ਼ਿੰਦਗੀ ਜੀਅ ਸਕਦੇ ਹਨ। ਉੁਨ੍ਹਾਂ ਦੱਸਿਆ ਕਿ ਮਿਰਗੀ ਦੀ ਬਿਮਾਰੀ ਦਿਮਾਗ ਵਿਚ ਟਿਊਮਰ ਦਾ ਹੋਣਾ, ਸਿਰ ਦੀ ਸੱਟ ਜਾਂ ਦਿਮਾਗੀ ਤਪਦਿਕ, ਦਿਮਾਗੀ ਤਣਾਅ, ਦਿਮਾਗੀ ਸੋਜਿਸ਼, ਦਿਮਾਗੀ ਲਹੂ ਨਾੜੀਆਂ ਦੇ ਨੁਕਸ, ਮੰਦਬੁੱਧੀ ਹੋਣਾ, ਦਿਮਾਗ ਵਿਚ ਲਾਗ ਦਾ ਹੋਣਾ, ਸ਼ਰਾਬ ਤੇ ਤੇਜ਼ ਦਵਾਈਆਂ ਕਾਰਨ ਵੀ ਹੋ ਸਕਦੀ ਹੈ। ਮਿਰਗੀ ਦੀ ਬਿਮਾਰੀ ਦੇ ਲੱਛਣਾਂ ਦੀ ਪਛਾਣ ਕਰਨਾ ਬੇਹੱਦ ਜ਼ਰੂਰੀ ਹੈ। ਇੱਕਦਮ ਬੇਹੋਸ਼ ਹੋ ਕੇ ਡਿੱਗਣਾ, ਸਰੀਰ ਆਕੜਣਾ, ਝਟਕੇਦਾਰ ਦੌਰੇ ਪੈਣਾ, ਮੂੰਹ ਵਿੱਚੋਂ ਝੱਗ ਨਿਕਲਣਾ, ਦੰਦਲ ਪੈਣਾ, ਪਿਸ਼ਾਬ ਕੱਪੜਿਆਂ ਵਿਚ ਨਿਕਲਣਾ ਅਤੇ ਜੀਭ ਟੁੱਕੀ ਜਾਣਾ ਇਸ ਦੇ ਲੱਛਣਾਂ ਵਿਚ ਸ਼ਾਮਲ ਹਨ। ਮਿਰਗੀ ਦਾ ਦੌਰਾ ਪੈਣ ਦੀ ਹਾਲਤ ਦੌਰਾਨ ਤੁਰੰਤ ਮੁੱਢਲੀ ਡਾਕਟਰੀ ਸਹਾਇਤਾ ਦੇ ਕੇ ਮਰੀਜ਼ ਦੀ ਵਿਗੜ ਰਹੀ ਹਾਲਤ ਨੂੰ ਕਾਬੂ ਕਰਨਾ ਸੰਭਵ ਹੈ। ਡਾ. ਗਗਨਦੀਪ ਸਿੰਘ ਨੇ ਕਿਹਾ ਕਿ ਮਿਰਗੀ ਦੀ ਬਿਮਾਰੀ ਨੂੰ ਲੈ ਕੇ ਲੋਕਾਂ ਵਿਚ ਬਹੁਤ ਸਾਰੇ ਭਰਮ-ਮਿੱਥਾਂ ਅਤੇ ਗਲਤ ਧਾਰਨਾਵਾਂ ਹਨ, ਜਿਸਦੇ ਚੱਲਦਿਆਂ ਉਹ ਡਾਕਟਰੀ ਇਲਾਜ ਅੱਧ ਵਿਚਾਲੇ ਛੱਡ ਦਿੰਦੇ ਹਨ। ਅਜਿਹੇ ਵਿਚ ਇਹ ਬਿਮਾਰੀ ਹੋਰ ਗੰਭੀਰ ਰੂਪ ਧਾਰਨ ਕਰ ਲੈਂਦੀ ਹੈ। ਉਨ੍ਹਾਂ ਕਿਹਾ ਕਿ ਬਿਹਤਰ ਇਲਾਜ ਪ੍ਰਬੰਧਨ ਨਾਲ ਮਿਰਗੀ ਤੋਂ ਪੀੜਤ ਵਿਅਕਤੀ ਆਮ ਲੋਕਾਂ ਦੀ ਤਰ੍ਹਾਂ ਆਪਣੀ ਜ਼ਿੰਦਗੀ ਬਤੀਤ ਕਰ ਸਕਦਾ ਹੈ। ਇਸ ਮੌਕੇ ਰਿਸਰਚ ਐਸੋਸੀਏਟ ਸਰਿਸ਼ਟੀ ਵਰਮਾ, ਕਲੀਨੀਕਲ ਰਿਸਰਚ ਟ੍ਰੇਨਿੰਗ ਫੈਲੋ ਉਤਪਲ ਗਗੋਈ ਤੇ ਬੱਬਲਜੀਤ ਸਿੰਘ ਸਮੇਤ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਮੌਜੂਦ ਸਨ।