ਪਾਣੀ ਦੇ ਮੁੱਦੇ ‘ਤੇ ਕਿਸਾਨਾਂ ਦਾ ਵੱਡਾ ਐਕਸ਼ਨ, ਊਨਾ –ਚੰਡੀਗੜ੍ਹ ਮਾਰਗ ਜਾਮ
ਪਾਣੀ ਦੇ ਮੁੱਦੇ ‘ਤੇ ਕਿਸਾਨਾਂ ਦਾ ਵੱਡਾ ਐਕਸ਼ਨ
Publish Date: Fri, 06 Feb 2026 06:26 PM (IST)
Updated Date: Fri, 06 Feb 2026 06:29 PM (IST)

ਐਸਵਾਈਐਲ ਨੂੰ ਲੈ ਕੇ ਬਣਾਏ ਗਏ ਟ੍ਰਿਬਿਊਨਲ ਨੇ ਲੋਹੜ ਖੱਡ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈਣਾ ਸੀ ਨਰਿੰਦਰ ਸੈਣੀ, ਪੰਜਾਬੀ ਜਾਗਰਣ ਸ੍ਰੀ ਕੀਰਤਪੁਰ ਸਾਹਿਬ: ਐਸ ਵਾਈ ਐਲ ਦੇ ਮੁੱਦੇ ‘ਤੇ ਪੰਜਾਬ ‘ਚ ਇੱਕ ਵਾਰ ਫਿਰ ਸੜਕਾਂ ‘ਤੇ ਸੰਘਰਸ਼ ਨਜ਼ਰ ਆ ਰਿਹਾ ਹੈ। ਊਨਾ–ਚੰਡੀਗੜ੍ਹ ਮੁੱਖ ਮਾਰਗ ‘ਤੇ ਬੁੰਗਾ ਸਾਹਿਬ ਦੇ ਕੋਲ ਕਿਸਾਨਾਂ ਵੱਲੋਂ ਅਚਾਨਕ ਸੜਕ ਜਾਮ ਕਰ ਦਿੱਤੀ ਗਈ ਹੈ। ਇਹ ਧਰਨਾ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਪਾਣੀ ਟਰਬਿਊਨਲ ਦੇ ਖਿਲਾਫ਼ ਲਗਾਇਆ ਗਿਆ , ਕਾਬਲੇ ਗੌਰ ਹੈ ਕਿ ਅੱਜ ਸੁਪਰੀਮ ਕੋਰਟ ਦੀਆਂ ਹਦਾਇਤਾਂ ਤੇ ਕੇਂਦਰ ਸਰਕਾਰ ਵੱਲੋਂ ਰਿਟਾਇਰਡ ਜੱਜ ਦੀ ਅਗਵਾਈ ਦੇ ਵਿੱਚ ਇੱਕ ਟਰਿਬਿਊਨਲ ਬਣਾਇਆ ਗਿਆ ਸੀ ਜਿਸ ਨੇ ਸ਼੍ਰੀ ਕੀਰਤਪੁਰ ਸਾਹਿਬ ਦੀ ਲੋਹੰਡ ਖੱਡ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈਣਾ ਸੀ ਅਤੇ ਪੰਜਾਬ ਹਰਿਆਣਾ ਅਤੇ ਬੀ,ਬੀ,ਐਮ,ਬੀ ਦੇ ਅਧਿਕਾਰੀਆਂ ਨਾਲ ਗੱਲਬਾਤ ਵੀ ਕਰਨੀ ਸੀ ਪਰ ਟ੍ਰੀਬੀਊਨਲ ਦੇ ਆਉਣ ਦੀ ਭਣਕ ਕਿਸਾਨ ਜਥੇਬੰਦੀਆਂ ਨੂੰ ਲੱਗ ਗਈ ਅਤੇ ਉਹਨਾਂ ਨੇ ਚੰਡੀਗੜ੍ਹ ਊਨਾ ਮੁੱਖ ਮਾਰਗ ਬਸ ਅੱਡਾ ਬੁੰਗਾ ਸਾਹਿਬ ਨਜ਼ਦੀਕ ਜਾਮ ਕਰ ਦਿੱਤਾ । ਜਿਸ ਨੂੰ ਦੇਖਦੇ ਹੋਏ ਇਹ ਟੀਮ ਵਾਪਸ ਪਰਤ ਗਈ। ਕੇਂਦਰ ਸਰਕਾਰ ਵੱਲੋਂ ਪਾਣੀ ਦੇ ਮੁੱਦੇ ‘ਤੇ ਬਣਾਏ ਟਰਬਿਊਨਲ ਦੇ ਉੱਚ ਅਧਿਕਾਰੀਆਂ ਨੇ ਅੱਜ ਸ੍ਰੀ ਕੀਰਤਪੁਰ ਸਾਹਿਬ ਦੀ ਲੋਹੰਡ ਖੱਡ ਦਾ ਦੌਰਾ ਕਰਨਾ ਸੀ। ਕਿਸਾਨਾਂ ਦਾ ਦੋਸ਼ ਹੈ ਕਿ ਇਹ ਦੌਰਾ ਪੰਜਾਬ ਦੇ ਪਾਣੀ ਨੂੰ ਬਾਹਰ ਲਿਜਾਣ ਦੀ ਯੋਜਨਾ ਦਾ ਹਿੱਸਾ ਹੈ। ਇਸੇ ਦੇ ਵਿਰੋਧ ‘ਚ ਕਿਸਾਨਾਂ ਨੇ ਬੁੰਗਾ ਸਾਹਿਬ ਦੇ ਕੋਲ ਸੜਕ ਜਾਮ ਕਰਕੇ ਅਧਿਕਾਰੀਆਂ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ। ਧਰਨਾਕਾਰੀ ਕਿਸਾਨਾਂ ਦਾ ਕਹਿਣਾ ਸੀ ਕਿ ਪੰਜਾਬ ਦੇ ਪਾਣੀ ‘ਤੇ ਕਿਸੇ ਨੂੰ ਵੀ ਡਾਕਾ ਮਾਰਣ ਨਹੀਂ ਦਿੱਤਾ ਜਾਵੇਗਾ। ਕੇਂਦਰ ਸਰਕਾਰ ਟਰਿਬਿਊਨਲ ਦੇ ਨਾਂ ‘ਤੇ ਸਾਜ਼ਿਸ਼ ਕਰ ਰਹੀ ਹੈ। ਕਿਸਾਨ ਆਗੂਆਂ ਦਾ ਸਾਫ਼ ਕਹਿਣਾ ਹੈ ਕਿ ਪੰਜਾਬ ਦਾ ਪਾਣੀ ਕਿਸੇ ਵੀ ਕੀਮਤ ‘ਤੇ ਦੂਜੇ ਰਾਜਾਂ ਨੂੰ ਨਹੀਂ ਦਿੱਤਾ ਜਾਵੇਗਾ। ਧਰਨੇ ਕਾਰਨ ਆਵਾਜਾਈ ਠੱਪ ਹੋ ਗਈ ਹੈ ਅਤੇ ਆਮ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਧਰਨੇ ਦੇ ਕਾਰਨ ਕਾਫੀ ਲੰਬਾ ਜਾਮ ਲੱਗ ਗਿਆ ਅਤੇ ਜੋ ਅਧਿਕਾਰੀਆਂ ਨੇ ਆਉਣਾ ਸੀ ਉਹ ਨਹੀਂ ਪਹੁੰਚ ਪਾਏ। ਕਿਸਾਨਾਂ ਦੇ ਜਾਮ ਲਗਾਉਣ ਕਾਰਨ ਸੜਕ ਦੇ ਦੋਵੇਂ ਪਾਸੇ ਕਈ ਕਿਲੋਮੀਟਰ ਜੀ ਲੰਬੀਆਂ ਲਾਈਨਾਂ ਲੱਗ ਗਈਆਂ, ਜਿਸ ਨਾਲ ਸੜਕ ਤੇ ਕਾਰਾਂ ਬੱਸਾਂ ਟਰੱਕਾਂ ਵਿੱਚ ਆਰ ਜਾ ਰਹੇ ਰਾਹਗੀਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਭਾਵੇਂ ਕਿ ਪੁਲਿਸ ਪ੍ਰਸ਼ਾਸਨ ਪੂਰੀ ਤਰਹਾਂ ਚੌਕਸ ਸੀ। ਟੀਮ ਦੇ ਆਉਣ ਕਾਰਨ ਪਹਿਲਾਂ ਲੋਂਹਡ ਖੱਡ ਤੇ ਭਾਰੀ ਪੁਲਿਸ ਪ੍ਰਸ਼ਾਸਨ ਲਗਾਇਆ ਗਿਆ ਜਿਸ ਵਿੱਚ ਐਸ,ਪੀ ਗੁਰਦੀਪ ਸਿੰਘ ਗੋਸਲ, ਡੀਐਸਪੀ ਹਰਕੀਰਤ ਸਿੰਘ ਸੈਣੀ, ਥਾਣਾ ਮੁਖੀ ਜਤਿਨ ਕਪੂਰ, ਇੰਸਪੈਕਟਰ ਗੁਰਿੰਦਰ ਸਿੰਘ ਢਿੱਲੋ, ਨੂਰਪੁਰ ਬੇਦੀ ਥਾਣਾ ਮੁਖੀ ਰਾਹੁਲ ਸ਼ਰਮਾ, ਭਰਤਗੜ੍ਹ ਚੌਂਕੀ ਇੰਚਾਰਜ ਸੁਖਵਿੰਦਰ ਸਿੰਘ ਆਪਣੀ ਪੁਲਿਸ ਪਾਰਟੀ ਨਾਲ ਲੌਹਡ ਖੱਡ ਗੇਟਾਂ ਤੇ ਮੌਜੂਦ ਸਨ ਅਤੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਅਧਿਕਾਰੀ ਵੀ ਸੁਪਰੀਮ ਕੋਰਟ ਦੀਆਂ ਹਦਾਇਤਾਂ ਤੇ ਕੇਂਦਰ ਸਰਕਾਰ ਵੱਲੋਂ ਭੇਜੀ ਟੀਮ ਦੀ ਉਡੀਕ ਕਰ ਰਹੇ ਸਨ ਪਰ ਕੁਝ ਸਮੇਂ ਬਾਅਦ ਜਦੋਂ ਪੁਲਿਸ ਪ੍ਰਸ਼ਾਸਨ ਨੂੰ ਬੁੰਗਾ ਸਾਹਿਬ ਮੁੱਖ ਮਾਰਗ ਤੇ ਲੱਗੇ ਧਰਨੇ ਦਾ ਪਤਾ ਲੱਗਿਆ ਤਾਂ ਪੁਲਸ ਅਧਿਕਾਰੀ ਆਪਣੀ ਆਪਣੀ ਟੀਮ ਲੈ ਕੇ ਬੂੰਗਾ ਸਾਹਿਬ ਬਸ ਅੱਡੇ ਤੇ ਪਹੁੰਚ ਗਏ। ਮੁੱਖ ਮਾਰਗ ਤੇ ਲੱਗੇ ਜਾਮ ਦੇ ਕਾਰਨ ਐਸ,ਡੀ,ਐਮ ਸ੍ਰੀ ਅਨੰਦਪੁਰ ਸਾਹਿਬ ਜਸਪ੍ਰੀਤ ਸਿੰਘ, ਐਸ,ਡੀ,ਐਮ ਨੰਗਲ ਸਚਿਨ ਪਾਠਕ ਵੀ ਮੌਕੇ ਤੇ ਪਹੁੰਚ ਗਏ ਅਤੇ ਸਥਿਤੀ ਦਾ ਜਾਇਜ਼ਾ ਲਿਆ। ਕਿਸਾਨ ਆਗੂਆਂ ਦਾ ਕਹਿਣਾ ਹੈ ਕੀ ਅਸੀਂ ਪੰਜਾਬ ਤੋਂ ਇੱਕ ਬੂੰਦ ਪਾਣੀ ਵੀ ਬਾਹਰ ਨਹੀਂ ਜਾਣ ਦੇਵਾਂਗੇ ਕਿਉਂਕਿ ਸਾਡੀਆਂ ਜਮੀਨਾਂ ਦੇ ਪਾਣੀ ਦਾ ਪੱਧਰ ਨੀਵਾਂ ਹੋ ਰਿਹਾ ਹੈ ਅਤੇ ਸਿੰਚਾਈ ਲਈ ਪਹਿਲਾਂ ਪੰਜਾਬ ਨੂੰ ਪੂਰਾ ਪਾਣੀ ਮਿਲਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਅਤੇ ਬੀ,ਬੀ,ਐਮ,ਬੀ ਦੇ ਮਨਸੂਬੇ ਪੂਰੇ ਨਹੀਂ ਹੋਣ ਦੇਵਾਂਗੇ। ਸੜਕ ਤੇ ਲੱਗੇ ਭਾਰੀ ਜਾਮ ਕਾਰਨ ਰਾਹਗੀਰ ਪਿੰਡਾਂ ਵਿੱਚੋਂ ਘੁੰਮ ਕੇ ਜਾਣ ਲਈ ਮਜਬੂਰ ਹੋਏ ਜਿਸ ਕਾਰਨ ਪਿੰਡਾਂ ਵਿੱਚ ਵੀ ਜਾਮ ਦੀ ਸਥਿਤੀ ਦੇਖਣ ਨੂੰ ਮਿਲੀ। ਧਰਨੇ ਦੌਰਾਨ ਮਰੀਜ਼ਾਂ ਨੂੰ ਲਿਜਾ ਰਹੀਆਂ ਐਂਬੂਲੈਂਸਾਂ ਨੂੰ ਕਿਸਾਨ ਆਗੂਆਂ ਨੇ ਰਸਤਾ ਦੇ ਕੇ ਲੰਘਾਇਆ। ਇਸ ਦੌਰਾਨ ਚੰਡੀਗੜ੍ਹ ਦਿੱਲੀ ਹਿਮਾਚਲ ਪ੍ਰਦੇਸ਼ ਜਾਣ ਵਾਲੇ ਰਾਹਗੀਰਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਧਰਨੇ ਦਾ ਸਮਰਥਨ ਕਰਨ ਲਈ ਵਿਸ਼ੇਸ਼ ਤੌਰ ਤੇ ਕਾਂਗਰਸ ਦੇ ਰੂਪ ਨਗਰ ਤੋਂ ਚੋਣ ਲੜ ਚੁੱਕੇ ਬਰਿੰਦਰ ਸਿੰਘ ਢਿੱਲੋ ਸਾਥੀਆਂ ਸਮੇਤ ਪਹੁੰਚੇ ਅਤੇ ਧਰਨਾਕਾਰੀਆਂ ਨੂੰ ਸਮਰਥਨ ਦਿੱਤਾ। ਬਰਿੰਦਰ ਸਿੰਘ ਢਿੱਲੋ ਨੇ ਦੱਸਿਆ ਕਿ ਉਹ ਆਪਣੇ ਸਾਥੀਆਂ ਸਮੇਤ ਲੰਘ ਰਹੇ ਸਨ ਜਦੋਂ ਉਹਨਾਂ ਨੂੰ ਇਸ ਧਰਨੇ ਬਾਰੇ ਪਤਾ ਲੱਗਿਆ ਤਾਂ ਪਾਣੀਆਂ ਦੀ ਰਾਖੀ ਲਈ ਧਰਨੇ ਦੇ ਵਿੱਚ ਬੈਠ ਗਏ। ਧਰਨੇ ਦੌਰਾਨ ਮੁੱਖ ਤੌਰ ਤੇ ਕਿਸਾਨ ਆਗੂ ਸ਼ਮਸ਼ੇਰ ਸਿੰਘ ਸੇਰਾ, ਜੈਮਲ ਸਿੰਘ ਭੜੀ, ਗੌਰਵ ਰਾਣਾ ਨੂਰਪੁਰ ਬੇਦੀ, ਨਾਜਰ ਸਿੰਘ ਸ਼ਾਹਪੁਰ, ਜਸਪਾਲ ਸਿੰਘ ਜੱਸਾ, ਵੀਰ ਸਿੰਘ ਬੜਵਾ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਆਗੂ ਅਤੇ ਬੀਬੀਆਂ ਹਾਜ਼ਰ ਸਨ।