ਅਧਿਆਪਕਾਂ ’ਤੇ ਤੀਰਥ ਯਾਤਰਾ ਦੀ ਡਿਊਟੀ ਥੋਪਣ ’ਤੇ ਸਿਆਸੀ ਤੂਫ਼ਾਨ
ਅਧਿਆਪਕਾਂ ’ਤੇ ਤੀਰਥ ਯਾਤਰਾ ਦੀ ਡਿਊਟੀ ਥੋਪਣ ’ਤੇ ਸਿਆਸੀ ਤੂਫ਼ਾਨ ਯੂਨੀਅਨ ਤੋਂ ਬਾਅਦ ਵਿਰੋਧੀ ਧਿਰ ਵੀ ਮੈਦਾਨ ਵਿਚ
Publish Date: Mon, 02 Feb 2026 04:05 PM (IST)
Updated Date: Mon, 02 Feb 2026 04:07 PM (IST)

ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ ਸ਼੍ਰੀ ਅਨੰਦਪੁਰ ਸਾਹਿਬ : ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ’ਤੇ ਬਜ਼ੁਰਗਾਂ ਦੀ ਤੀਰਥ ਯਾਤਰਾ ਕਰਵਾਉਣ ਲਈ ਲਗਾਈ ਗਈ ਡਿਊਟੀ ਨੂੰ ਲੈ ਕੇ ਮਾਮਲਾ ਹੁਣ ਸਿਰਫ਼ ਅਧਿਆਪਕ ਵਰਗ ਤੱਕ ਸੀਮਿਤ ਨਹੀਂ ਰਿਹਾ, ਸਗੋਂ ਇਸ ’ਤੇ ਸਿਆਸਤ ਵੀ ਗਰਮਾ ਗਈ ਹੈ। ਇੱਕ ਪਾਸੇ ਅਧਿਆਪਕ ਵਰਗ ਅਤੇ ਯੂਨੀਅਨਾਂ ਵੱਲੋਂ ਸਰਕਾਰ ਖ਼ਿਲਾਫ਼ ਰੋਸ ਜ਼ਾਹਰ ਕੀਤਾ ਜਾ ਰਿਹਾ ਹੈ, ਦੂਜੇ ਪਾਸੇ ਵਿਰੋਧੀ ਧਿਰ ਨੇ ਵੀ ਸਰਕਾਰ ਦੇ ਫ਼ੈਸਲੇ ’ਤੇ ਸਵਾਲ ਖੜੇ ਕਰ ਦਿੱਤੇ ਹਨ। ਸਰਕਾਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਪਿੰਡਾਂ ਦੇ 50 ਸਾਲ ਤੋਂ ਵੱਧ ਉਮਰ ਦੇ ਇੱਛੁਕ ਸ਼ਰਧਾਲੂਆਂ ਨੂੰ ਅੰਮ੍ਰਿਤਸਰ ਵਿਖੇ ਸ਼੍ਰੀ ਹਰਿਮੰਦਰ ਸਾਹਿਬ, ਦਰਗਿਆਣਾ ਮੰਦਰ, ਜਲ੍ਹਿਆਂਵਾਲਾ ਬਾਗ ਅਤੇ ਬਾਘਾ ਬਾਰਡਰ ਦੀ ਯਾਤਰਾ ਕਰਵਾਈ ਜਾਣੀ ਹੈ। ਇਸ ਲਈ ਬੀਐਲਓਜ਼ ਨੂੰ ਵੋਟਰ ਸੂਚੀ ਦੇ ਅਧਾਰ ’ਤੇ 50 ਸਾਲ ਤੋਂ ਵੱਧ ਉਮਰ ਦੇ ਵੋਟਰਾਂ ਦੀਆਂ ਲਿਸਟਾਂ ਤਿਆਰ ਕਰਨ, ਰਜਿਸਟਰੇਸ਼ਨ ਕਰਵਾਉਣ ਅਤੇ ਹਰ ਬੱਸ ਦੇ ਨਾਲ ਇੱਕ ਬੀਐਲਓ ਨੂੰ ਸ਼ਰਧਾਲੂਆਂ ਦੇ ਨਾਲ ਭੇਜਣ ਦੇ ਹੁਕਮ ਦਿੱਤੇ ਗਏ ਹਨ। ਇਨ੍ਹਾਂ ਹੁਕਮਾਂ ਤੋਂ ਬਾਅਦ ਅਧਿਆਪਕ ਵਰਗ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਅਧਿਆਪਕਾਂ ਦਾ ਕਹਿਣਾ ਹੈ ਕਿ ਪੇਪਰਾਂ ਦੇ ਸਮੇਂ ਅਜਿਹੀਆਂ ਗੈਰ-ਸਿੱਖਿਆਈ ਡਿਊਟੀਆਂ ਲਾਉਣਾ ਵਿਦਿਆਰਥੀਆਂ ਦੀ ਪੜ੍ਹਾਈ ਨਾਲ ਸਿੱਧਾ ਖਿਲਵਾਡ਼ ਹੈ। ਇਸ ਸਬੰਧੀ ਗੌਰਮੈਂਟ ਟੀਚਰ ਯੂਨੀਅਨ ਦੇ ਜ਼ਿਲ੍ਹਾਂ ਪ੍ਰਧਾਨ ਗੁਰਵਿੰਦਰ ਸੰਸਕੋਰ ਅਤੇ ਮੀਤ ਪ੍ਰਧਾਨ ਜਸਕਰਨ ਸਿੰਘ ਨੇ ਕਿਹਾ ਕਿ ਅਧਿਆਪਕਾਂ ਤੋਂ ਤੀਰਥ ਯਾਤਰਾ ਕਰਵਾਉਣ ਦਾ ਇਹ ਹੁਕਮ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਜਦੋਂ ਵਿਦਿਆਰਥੀਆਂ ਦੇ ਪੇਪਰ ਚੱਲ ਰਹੇ ਹਨ, ਉਸ ਸਮੇਂ ਤੀਰਥ ਯਾਤਰਾ ਵਰਗੀਆਂ ਸਰਗਰਮੀਆਂ, ਜਿਨ੍ਹਾਂ ਦਾ ਪੜ੍ਹਾਈ-ਲਿਖਾਈ ਨਾਲ ਕੋਈ ਸਬੰਧ ਨਹੀਂ, ਅਧਿਆਪਕਾਂ ’ਤੇ ਥੋਪਣਾ ਗਲਤ ਹੈ। ਉਨ੍ਹਾਂ ਮੰਗ ਕੀਤੀ ਕਿ ਬੀਐਲਓਜ਼ ’ਤੇ ਲਗਾਈਆਂ ਗਈਆਂ ਇਹ ਡਿਊਟੀਆਂ ਤੁਰੰਤ ਰੱਦ ਕੀਤੀਆਂ ਜਾਣ ਅਤੇ ਅਧਿਆਪਕਾਂ ਨੂੰ ਹੋਰ ਸਾਰੇ ਗੈਰ-ਐਜੂਕੇਸ਼ਨ ਕੰਮਾਂ ਤੋਂ ਛੂਟ ਦਿੱਤੀ ਜਾਵੇ। ਦੂਜੇ ਪਾਸੇ, ਆਮ ਆਦਮੀ ਪਾਰਟੀ ਦੇ ਜ਼ਿਲ੍ਹਾਂ ਪ੍ਰਧਾਨ ਡਾਕਟਰ ਸੰਜੀਵ ਗੌਤਮ ਨੇ ਸਰਕਾਰ ਦਾ ਪੱਖ ਰੱਖਦਿਆਂ ਕਿਹਾ ਕਿ ਬੀਐਲਓਜ਼ ਕੋਲ ਪੂਰੇ ਪਿੰਡ ਦਾ ਰਿਕਾਰਡ ਅਤੇ ਜਾਣਕਾਰੀ ਹੁੰਦੀ ਹੈ, ਇਸ ਲਈ ਉਨ੍ਹਾਂ ਦੀ ਡਿਊਟੀ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਕਈ ਥਾਵਾਂ ’ਤੇ 30–30 ਸਾਲ ਦੇ ਲੋਕ ਵੀ ਤੀਰਥ ਯਾਤਰਾ ਦਾ ਲਾਭ ਲੈ ਰਹੇ ਹਨ, ਜਦੋਂ ਕਿ ਇਹ ਸਕੀਮ ਬਜ਼ੁਰਗਾਂ ਲਈ ਹੈ। ਹਾਲਾਂਕਿ ਬੱਸ ਦੇ ਨਾਲ ਬੀਐਲਓ ਭੇਜਣ ਦੇ ਮਾਮਲੇ ’ਤੇ ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਜਾਣਕਾਰੀ ਹਾਸਲ ਕਰਨਗੇ। ਇਸ ਮਾਮਲੇ ’ਚ ਹੁਣ ਭਾਰਤੀ ਜਨਤਾ ਪਾਰਟੀ ਵੀ ਖੁੱਲ੍ਹ ਕੇ ਮੈਦਾਨ ਵਿਚ ਆ ਗਈ ਹੈ। ਭਾਜਪਾ ਦੇ ਸੀਨੀਅਰ ਆਗੂ ਜਤਿੰਦਰ ਸਿੰਘ ਅਠਵਾਲ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਚਾਹੀਦਾ ਹੈ ਕਿ ਤੀਰਥ ਯਾਤਰਾ ਲਈ ਆਪਣੀ ਪਾਰਟੀ ਦੇ ਵਲੰਟੀਅਰਾਂ ਦੀਆਂ ਡਿਊਟੀਆਂ ਲਗਾਈਆਂ ਜਾਣ, ਨਾ ਕਿ ਅਧਿਆਪਕਾਂ ਦੀਆਂ। ਉਨ੍ਹਾਂ ਕਿਹਾ ਕਿ ਅਧਿਆਪਕਾਂ ਦਾ ਮੁੱਖ ਕੰਮ ਬੱਚਿਆਂ ਦੀ ਪੜ੍ਹਾਈ ਹੈ ਅਤੇ ਉਨ੍ਹਾਂ ਨੂੰ ਕਲਾਸਰੂਮ ਤੋਂ ਦੂਰ ਕਰਨਾ ਸਿੱਖਿਆ ਪ੍ਰਣਾਲੀ ਨਾਲ ਨਾਇਨਸਾਫ਼ੀ ਹੈ। ਜਤਿੰਦਰ ਸਿੰਘ ਅਠਵਾਲ ਨੇ ਤੰਜ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਲੰਟੀਅਰ ਲਿਸਟਾਂ ਤਿਆਰ ਕਰਨ, ਤੀਰਥ ਯਾਤਰਾਵਾਂ ਕਰਵਾਉਣ ਅਤੇ ਖੁਦ ਵੀ ਯਾਤਰਾ ’ਤੇ ਜਾਣ। ਇਸ ਨਾਲ ਇਕ ਪਾਸੇ ਪੁੰਨ ਵੀ ਹੋ ਜਾਵੇਗਾ ਤੇ ਦੂਜੇ ਪਾਸੇ ਅਧਿਆਪਕ ਵੀ ਤੰਗ ਨਹੀਂ ਹੋਣਗੇ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸਿਆਸੀ ਯੋਜਨਾਵਾਂ ਲਈ ਸਿੱਖਿਆ ਪ੍ਰਣਾਲੀ ਨੂੰ ਬਲੀ ਦਾ ਬਕਰਾ ਨਹੀਂ ਬਣਾਉਣਾ ਚਾਹੀਦਾ।