ਮਨਰੇਗਾ ਬਚਾਓ ਸੰਗਰਾਮ ਤਹਿਤ ਕਾਂਗਰਸ ਪਾਰਟੀ ਨੇ ਪਿੰਡਾਂ ’ਚ ਕੀਤੀਆਂ ਰੈਲੀਆਂ
ਮਨਰੇਗਾ ਬਚਾਓ ਸੰਗਰਾਮ ਦੇ ਤਹਿਤ ਕਾਂਗਰਸ ਪਾਰਟੀ ਵੱਲੋਂ ਪਿੰਡ ਭਰਤਗੜ, ਬੜਾ ਪਿੰਡ, ਪ੍ਰਿਥੀਪੁਰ ਅਤੇ ਬਰੂਵਾਲ ਵਿਖੇ ਕੀਤੀਆਂ ਰੈਲੀਆਂ
Publish Date: Tue, 20 Jan 2026 03:57 PM (IST)
Updated Date: Tue, 20 Jan 2026 04:00 PM (IST)

ਪੁਰਾਣੇ ਮਨਰੇਗਾ ਸਕੀਮ ਨੂੰ ਬਹਾਲ ਕਰਨ ਲਈ ਲੋਕ ਸੰਘਰਸ਼ ਵਿਚ ਸਾਥ ਦੇਣ : ਰਾਣਾ ਕੇਪੀ ਸਿੰਘ ਜੰਗ ਬਹਾਦਰ ਸਿੰਘ, ਪੰਜਾਬੀ ਜਾਗਰਣ ਸ੍ਰੀ ਕੀਰਤਪੁਰ ਸਾਹਿਬ : ਮਨਰੇਗਾ ਬਚਾਓ ਸੰਗਰਾਮ ਦੇ ਤਹਿਤ ਅੱਜ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਅਤੇ ਸੀਨੀਅਰ ਕਾਂਗਰਸੀ ਆਗੂ ਰਾਣਾ ਕੰਵਰਪਾਲ ਸਿੰਘ ਵੱਲੋਂ ਪਿੰਡ ਭਰਤਗੜ, ਬੜਾ ਪਿੰਡ , ਪ੍ਰਿਥੀਪੁਰ ਬੁੰਗਾ ਅਤੇ ਪਿੰਡ ਬਰੂਵਾਲ ਵਿਖੇ ਰੈਲੀਆਂ ਕਰਕੇ ਲੋਕਾਂ ਨੂੰ ਪੁਰਾਣੀ ਮਨਰੇਗਾ ਸਕੀਮ ਦੇ ਲਾਭ ਅਤੇ ਕੇਂਦਰ ਸਰਕਾਰ ਵੱਲੋਂ ਨਵੀਂ ਬਣਾਈ ਮਨਰੇਗਾ ਸਕੀਮ ਦੀਆਂ ਹਾਨੀਆਂ ਬਾਰੇ ਜਾਣਕਾਰੀ ਦੇ ਕੇ ਇਸ ਦਾ ਵੱਧ ਤੋਂ ਵੱਧ ਵਿਰੋਧ ਕਰਨ ਲਈ ਪ੍ਰੇਰਿਤ ਕੀਤਾ। ਰਾਣਾ ਕੇਪੀ ਸਿੰਘ ਨੇ ਵੱਖ-ਵੱਖ ਪਿੰਡਾਂ ਵਿਚ ਰੈਲੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮਨਰੇਗਾ ਸਕੀਮ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੀ ਅਗਵਾਈ ਹੇਠ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਸਮੇਂ ਬਣਾਈ ਗਈ ਸੀ, ਇਸ ਸਕੀਮ ਨੂੰ ਮਹਾਤਮਾ ਗਾਂਧੀ ਨੂੰ ਸਮਰਪਿਤ ਕੀਤਾ ਗਿਆ ਸੀ, ਜਿਸ ਕਰਕੇ ਹੀ ਇਸ ਦਾ ਮਨਰੇਗਾ ਨਾਮ ਰੱਖਿਆ ਗਿਆ ਸੀ। ਉਹਨਾਂ ਕਿਹਾ ਕਿ ਇਸ ਯੋਜਨਾ ਦਾ ਮੁੱਖ ਮਕਸਦ ਪਿੰਡਾਂ ਦੇ ਗਰੀਬ ਲੋਕਾਂ ਜਿਨ੍ਹਾਂ ਵਿਚ ਔਰਤਾਂ ਵੀ ਸ਼ਾਮਿਲ ਸਨ ਨੂੰ 100 ਦਿਨ ਦਾ ਰੁਜ਼ਗਾਰ ਦੇਣਾ ਸੀ, ਇਸ ਸਕੀਮ ਅਧੀਨ ਸਾਰਾ ਪੈਸਾ ਕੇਂਦਰ ਸਰਕਾਰ ਵੱਲੋਂ ਆਉਂਦਾ ਸੀ ਅਤੇ ਪਿੰਡਾਂ ਵਿਚ ਵੱਖ-ਵੱਖ ਵਿਕਾਸ ਕਾਰਜ ਮਨਰੇਗਾ ਸਕੀਮ ਅਧੀਨ ਕੀਤੇ ਜਾਂਦੇ ਸਨ। ਪਰ ਹੁਣ ਭਾਜਪਾ ਦੀ ਅਗਵਾਈ ਵਾਲੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਵੱਲੋਂ ਸਭ ਤੋਂ ਪਹਿਲਾਂ ਇਸ ਯੋਜਨਾ ਦਾ ਨਾਮ ਬਦਲ ਦਿੱਤਾ ਗਿਆ ਹੈ। ਇਸ ਯੋਜਨਾ ਵਿਚ ਕੇਂਦਰ ਦਾ 60 ਫੀਸਦੀ ਅਤੇ ਪੰਜਾਬ ਦਾ 40 ਫੀਸਦੀ ਹਿੱਸਾ ਪਵੇਗਾ। ਰਾਣਾ ਕੇ ਪੀ ਸਿੰਘ ਨੇ ਕਿਹਾ ਕਿ ਇਸ ਸਮੇਂ ਪੰਜਾਬ ਕੰਗਾਲੀ ਦੀ ਸਥਿਤੀ ਤੇ ਹੈ, ਪੰਜਾਬ ਦੇ ਸਿਰ ਪਹਿਲਾਂ ਹੀ ਬਹੁਤ ਕਰਜ਼ਾ ਚੜ ਚੁੱਕਿਆ ਹੈ, ਪੰਜਾਬ ਸਰਕਾਰ ਕੋਲ ਇਨਾ ਪੈਸਾ ਨਹੀਂ ਹੈ ਕਿ ਉਹ ਇਸ ਨਵੀਂ ਯੋਜਨਾ ਤਹਿਤ 40 ਫੀਸਦੀ ਆਪਣਾ ਹਿੱਸਾ ਪਾ ਸਕੇ। ਉਹਨਾਂ ਕਿਹਾ ਕਿ ਇਸ ਨਵੀਂ ਯੋਜਨਾ ਨਾਲ ਪਿੰਡਾਂ ਦੇ ਵਿਕਾਸ ਕਾਰਜ ਠੱਪ ਹੋ ਜਾਣਗੇ। ਪਿੰਡਾਂ ਵਿੱਚ ਬਹੁਤ ਘੱਟ ਕੰਮ ਹੋਣਗੇ ਜਿਸ ਨਾਲ ਲੋਕਾਂ ਵਿਚ ਬੇਰੁਜ਼ਗਾਰੀ ਵਧੇਗੀ। ਉਹਨਾਂ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਕੇਂਦਰ ਸਰਕਾਰ ਵੱਲੋਂ ਪੁਰਾਣੀ ਮਨਰੇਗਾ ਸਕੀਮ ਬੰਦ ਕਰਕੇ ਨਵੀਂ ਸਕੀਮ ਜੋ ਲਾਗੂ ਕੀਤੀ ਜਾ ਰਹੀ ਹੈ ਦਾ ਵੱਧ ਤੋਂ ਵੱਧ ਵਿਰੋਧ ਕੀਤਾ ਜਾਵੇ ਅਤੇ ਪੁਰਾਣੀ ਮਨਰੇਗਾ ਸਕੀਮ ਨੂੰ ਲਾਗੂ ਕਰਵਾਉਣ ਲਈ ਕਾਂਗਰਸ ਪਾਰਟੀ ਵੱਲੋਂ ਸ਼ੁਰੂ ਕੀਤੇ ਸੰਘਰਸ਼ ਵਿੱਚ ਵੱਧ ਚੜ ਕੇ ਆਪਣਾ ਯੋਗਦਾਨ ਪਾਇਆ ਜਾਵੇ ਤਾਂ ਜੋ ਕੇਂਦਰ ਸਰਕਾਰ ਨੂੰ ਦਬਾਅ ਹੇਠ ਆ ਕੇ ਇਹ ਨਵੀਂ ਸਕੀਮ ਬੰਦ ਕਰਨੀ ਪਵੇ। ਇਸ ਮੌਕੇ ਉਨਾਂ ਦੇ ਨਾਲ ਨਰਿੰਦਰ ਪੁਰੀ ਸਾਬਕਾ ਜਿਲ੍ਹਾ ਪਰੀਸ਼ਦ ਮੈਂਬਰ, ਯੋਗੇਸ਼ਪੁਰੀ ਸਾਬਕਾ ਸਰਪੰਚ ਭਰਤਗੜ੍ਹ, ਗੁਰਨਾਮ ਸਿੰਘ ਬੜਾ ਪਿੰਡ, ਮਾਸਟਰ ਸ਼ਿਵ ਸਿੰਘ, ਤਰਸੇਮ ਸਿੰਘ ,ਅਜਮੇਰ ਸਿੰਘ ਬੜਾ ਪਿੰਡ, ਗੁਰਨਾਮ ਸਿੰਘ ਬਲਾਕ ਸੰਮਤੀ ਮੈਂਬਰ, ਕੁਲਵੰਤ ਸਿੰਘ, ਮੰਗਤ ਰਾਮ, ਸੋਨੀਆ ਪੁਰੀ, ਨਿਰਮਲ ਸਿੰਘ, ਮੋਹਨ ਸਿੰਘ ਭੁੱਲਰ ਬੜਾ ਪਿੰਡ, ਮਨੋਜ ਪੁਰੀ, ਹਰਵਿੰਦਰ ਸਿੰਘ ਸਰਸਾ ਨੰਗਲ ਰਾਜ ਮੁਹੰਮਦ ਆਦਿ ਸਮੇਤ ਭਾਰੀ ਤਦਾਦ ਵਿਚ ਪਿੰਡਾਂ ਦੇ ਲੋਕ ਹਾਜ਼ਰ ਸਨ।