ਡਿਫੈਂਸ ਕਮੇਟੀਆਂ ਨਸ਼ਿਆਂ ਵਿਰੁੱਧ ਲਹਿਰ ਦੀ ਰੀੜ੍ਹ ਦੀ ਹੱਡੀ
ਵਿਲੇਜ / ਵਾਰਡ ਡਿਫੈਂਸ ਕਮੇਟੀਆਂ ਨਸ਼ਿਆਂ ਵਿਰੁੱਧ ਲਹਿਰ ਦੀ ਰੀੜ੍ਹ ਦੀ ਹੱਡੀ
Publish Date: Sat, 10 Jan 2026 06:02 PM (IST)
Updated Date: Sat, 10 Jan 2026 06:03 PM (IST)

ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ, ਸ਼੍ਰੀ ਅਨੰਦਪੁਰ ਸਾਹਿਬ : ਪੰਜਾਬ ਵਿਚ ਨਸ਼ਿਆਂ ਵਿਰੁੱਧ ਜੰਗ ਹੋਰ ਤੇਜ਼ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਕੈਂਪਸ ਵਿਚ ਸੂਬੇ ਵਿਚ ਨਸ਼ਿਆਂ ਦੀ ਅਲਾਮਤ ਨੂੰ ਜੜ੍ਹੋਂ ਪੁੱਟਣ ਲਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਦੂਜੇ ਪੜਾਅ ਦੀ ਸ਼ੁਰੂਆਤ ਕੀਤੀ ਹੈ। ਹੋਰ ਵਧੇਰੇ ਜਾਣਕਾਰੀ ਦਿੰਦੇ ਹੋਏ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਨੇ ਕਿਹਾ ਕਿ ਤਸਕਰਾਂ ਵਿਰੁੱਧ ਵੱਡੇ ਪੱਧਰ ’ਤੇ ਕਾਰਵਾਈ ਕੀਤੀ, ਸਜ਼ਾ ਦਰ ਵਧਣ ਦੇ ਨਾਲ-ਨਾਲ ਯੁੱਧ ਨਸ਼ਿਆਂ ਵਿਰੁੱਧ ਵਿਚ ਲੋਕਾਂ ਦੀ ਸ਼ਮੂਲੀਅਤ ਵਧੀ। ਉਨ੍ਹਾਂ ਕਿਹਾ ਕਿ ਦੂਜਾ ਪੜਾਅ ਸੂਬੇ ਵਿਚ ਡਰੱਗ ਨੈੱਟਵਰਕ ਨੂੰ ਖਤਮ ਕਰਨ ਲਈ ਪੰਜਾਬ ਨੂੰ ਇਕਜੁਟ ਕਰੇਗਾ। ਉਨ੍ਹਾਂ ਨੇ ਦੱਸਿਆ ਕਿ ਹਰ ਪਿੰਡ ਤੋਂ 10 ਤੋਂ 20 ਲੋਕਾਂ ਨੂੰ ਇਕੱਠਾ ਕੀਤਾ ਗਿਆ ਅਤੇ ਕਮੇਟੀਆਂ ਬਣਾਈਆਂ ਗਈਆਂ। ਨੌਜਵਾਨਾਂ ਨੇ ਸਵੈ-ਇੱਛਾ ਨਾਲ ਕੰਮ ਕੀਤਾ ਅਤੇ ਕਿਹਾ ਕਿ ਉਹ ਆਪਣੇ ਪਿੰਡਾਂ ਨੂੰ ਠੀਕ ਕਰਨਗੇ। ਉਨ੍ਹਾਂ ਨੇ ਦੱਸਿਆ ਹਰ ਪਿੰਡ ਅਤੇ ਵਾਰਡ ਵਿੱਚ 10 ਤੋਂ 20 ਵਲੰਟੀਅਰਾਂ ਦੀਆਂ ਟੀਮਾਂ ਬਣਾਈਆਂ ਗਈਆਂ ਅਤੇ ਉਨ੍ਹਾਂ ਨੂੰ ਡਿਫੈਂਸ ਕਮੇਟੀਆਂ ਦਾ ਨਾਮ ਦਿੱਤਾ ਗਿਆ। ਪਹਿਲਾਂ ਸਿਰਫ਼ ਪੁਲਿਸ ਅਤੇ ਪ੍ਰਸ਼ਾਸਨ ਕੰਮ ਕਰ ਰਹੇ ਸਨ, ਪਰ ਹੁਣ ਵਲੰਟੀਅਰ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਇਕੱਠੇ ਕੰਮ ਕਰਨਗੇ। ਉਨ੍ਹਾਂ ਨੂੰ ਸਿਖਲਾਈ ਦਿੱਤੀ ਗਈ ਹੈ ਅਤੇ ਉਹ ਆਪਣੇ ਪਿੰਡਾਂ ਵਿੱਚ ਨਸ਼ਾ ਵੇਚਣ ਵਾਲਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਨਗੇ। ਜ਼ਿਲ੍ਹਾ ਵਾਈਸ ਕੋਆਰਡੀਨੇਟਰ ਮੋਹਿਤ ਦੀਵਾਨ ਨੇ ਅੱਗੇ ਦੱਸਿਆ ਕਿ ਅੱਜ ਬਹਿਲੂ,ਬਣੀ, ਅਨੰਦਪੁਰ ਸਾਹਿਬ ਵਾਰਡ ਨੰ:10,ਅਗੰਮਪੁਰ ਟੱਪਰੀਆਂ, ਬੱਢਲ ਲੋਅਰ, ਬਚੋਲੀ, ਵਾਰਡ ਨੰ:11 ਵਿਚ ਇਹ ਯਾਤਰਾ ਆਯੋਜਿਤ ਕੀਤੀ ਗਈ। ਉਨ੍ਹਾਂ ਨੇ ਦੱਸਿਆ ਕਿ ਫ਼ੋਨਾਂ ’ਤੇ ਇੱਕ ਐਪ ਸਥਾਪਤ ਕੀਤੀ ਜਾਵੇਗੀ, ਜਿੱਥੇ ਉਹ ਰਿਪੋਰਟ ਕਰ ਸਕਦੇ ਹਨ ਕਿ ਕੌਣ ਨਸ਼ੇ ਵੇਚ ਰਿਹਾ ਹੈ, ਨਸ਼ੇ ਕਿੱਥੋਂ ਆਉਂਦੇ ਹਨ ਅਤੇ ਸਾਰੇ ਸਬੰਧਤ ਵੇਰਵੇ ਦਰਜ ਕਰ ਸਕਦੇ ਹਨ। ਉਨ੍ਹਾਂ ਦੀ ਪਛਾਣ ਗੁਪਤ ਰੱਖੀ ਜਾਵੇਗੀ ਅਤੇ ਉਨ੍ਹਾਂ ਦੀ ਪੂਰੀ ਤਰ੍ਹਾਂ ਸੁਰੱਖਿਆ ਕੀਤੀ ਜਾਵੇਗੀ। ਸਾਰੀ ਨਿਗਰਾਨੀ ਮੁੱਖ ਮੰਤਰੀ ਦਫ਼ਤਰ ਵਿਖੇ ਕੀਤੀ ਜਾਵੇਗੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕਾਰਵਾਈ ਕੀਤੀ ਜਾਵੇ ਅਤੇ ਸਥਾਨਕ ਪੱਧਰ ’ਤੇ ਕਿਸੇ ਵੀ ਤਰ੍ਹਾਂ ਦੀ ਮਿਲੀਭੁਗਤ ਦੀ ਇਜਾਜ਼ਤ ਨਾ ਦਿੱਤੀ ਜਾਵੇ। ਜੇਕਰ ਪ੍ਰਸ਼ਾਸਨ ਜਾਂ ਪੁਲਿਸ ਦਾ ਕੋਈ ਵੀ ਵਿਅਕਤੀ ਸ਼ਾਮਲ ਹੈ, ਤਾਂ ਜਾਣਕਾਰੀ ਸਾਂਝੀ ਕੀਤੀ ਜਾਣੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਵੀ ਜੇਲ੍ਹ ਭੇਜ ਦਿੱਤਾ ਜਾਵੇਗਾ। ਹਰਜੀਤ ਸਿੰਘ ਜੀਤਾ ਪ੍ਰਧਾਨ ਨਗਰ ਕੌਂਸਲ ਅਤੇ ਸੰਗੀਤ ਕੁਮਾਰ ਕਾਰਜ ਸਾਧਕ ਅਫਸਰ ਅਤੇ ਨੌਜਵਾਨ ਆਗੂ ਸੁਨੀਲ ਅਡਵਾਲ ਬਲਾਕ ਕੋਆਰਡੀਨੇਟਰ ਯੁੱਧ ਨਸ਼ਿਆ ਵਿਰੁੱਧ ਦੁਆਰਾ ਵਾਰਡ ਨੰਬਰ 10 ਅਤੇ 11 ਦੇ ਕੌਂਸਲਰਾਂ ਦੇ ਸਹਿਯੋਗ ਸਦਕਾ ਵਿਸ਼ਾਲ ਪਦ ਯਾਤਰਾ ਗੁਰੂ ਰਵਿਦਾਸ ਚੌਂਕ ਸ੍ਰੀ ਅਨੰਦਪੁਰ ਸਾਹਿਬ ਤੋਂ ਸੁਰੂ ਕੀਤੀ ਗਈ ਜੋ ਕਿ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਨੇੜੇ ਤੋਂ ਹੁੰਦੀ ਹੋਈ ਵਾਰਡ ਨੰਬਰ 10 ਅਤੇ 11 ਦੇ ਅਲੱਗ ਅਲੱਗ ਮੁਹੱਲਿਆਂ ਵਿੱਚੋਂ ਲੋਕਾਂ ਨੂੰ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਜਾਗਰੂਕ ਕੀਤਾ ਅਤੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਯੁੱਧ ਨਸ਼ੇ ਵਿਰੁੱਧ ਮੁਹਿਮ ਦੇ ਵਿੱਚ ਝੰਡੀਆਂ ਫੜ ਕੇ ਲੋਕਾਂ ਨੂੰ ਨਸ਼ੇ ਪ੍ਰਤੀ ਜਾਗਰੂਕ ਕੀਤਾ ਅਤੇ ਘਰ ਘਰ ਇਹ ਸੰਦੇਸ਼ ਦਿੱਤਾ ਕਿ ਜਾਗੋ ਜਾਗੋ ਨਸ਼ਾ ਤਿਆਗੋ ਅਤੇ ਵੱਡੀ ਗਿਣਤੀ ਵਿਚ ਲੋਕਾਂ ਨੇ ਇਸ ਨਸ਼ਾ ਵਿਰੋਧੀ ਮੁਹਿੰਮ ਦੀ ਪਦ ਯਾਤਰਾ ਨੂੰ ਸਹਿਯੋਗ ਦਿੱਤਾ। ਇਸ ਮੌਕੇ ’ਤੇ ਅਲੱਗ ਅਲੱਗ ਬੁਲਾਰਿਆਂ ਨੇ ਜਿੱਥੇ ਇਸ ਮੁਹਿੰਮ ਨੂੰ ਚਲਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਜਾਗਰੂਕਤਾ ਰੈਲੀ ਨਾਲ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਵਰਗੀਆਂ ਭੈੜੀਆਂ ਅਲਾਮਤਾਂ ਤੋਂ ਬਚਾਇਆ ਜਾ ਸਕਦਾ ਹੈ। ਇਸ ਮੌਕੇ ਮਦਨ ਲਾਲ ਸੈਨੀਟਰੀ ਇੰਸਪੈਕਟਰ ਕੰਮ ਨੋਡਲ ਅਫਸਰ, ਕੁਲਦੀਪ ਸਿੰਘ,ਬਲਵੰਤ ਰਾਏ ਹੈਲਥ ਇੰਸਪੈਕਟਰ, ਸੀਮਾ ਦੇਵੀ ਐਲ ਐਚ ਵੀ, ਨਰੇਸ਼ ਕੁਮਾਰ, ਸੁੱਚਾ ਸਿੰਘ, ਬਰਿੰਦਰ ਕੁਮਾਰ ਹੈਲਥ ਵਰਕਰਜ਼, ਸਲਿੰਦਰ ਕੁਮਾਰ ਸ਼ਾਂਟੂ, ਰਮੇਸ਼ਵਰ ਸੋਨੀ, ਵਿਕਾਸ ਅਡਵਾਲ, ਪਰਮਜੀਤ ਸੋਨੂੰ, ਸ਼ਾਮ ਲਾਲ ਕਰੂਰਾ, ਅਜੇ ਘੱਗਾ, ਸੁਖਦੇਵ ਸਿੰਘ ਨੋਦਾ ਮਾਜਰਾ, ਪ੍ਰਦੀਪ ਨਾਹਰ ਤੇ ਵੱਡੀ ਗਿਣਤੀ ਵਿਚ ਵਲੰਟੀਅਰ ਹਾਜ਼ਰ ਸਨ।