ਧੁੰਦ ਕਾਰਨ ਆਵਾਜਾਈ ਪ੍ਰਭਾਵਿਤ, ਸੜਕੀ ਦੁਰਘਟਨਾਵਾਂ ‘ਚ ਵਾਧਾ
ਧੁੰਦ ਕਾਰਨ ਆਵਾਜਾਈ ਪ੍ਰਭਾਵਿਤ, ਸੜਕੀ ਦੁਰਘਟਨਾਵਾਂ ‘ਚ ਚਿੰਤਾਜਨਕ ਵਾਧਾ
Publish Date: Wed, 07 Jan 2026 05:39 PM (IST)
Updated Date: Wed, 07 Jan 2026 05:42 PM (IST)

ਸਬਰ, ਸਿਆਣਪ ਅਤੇ ਸੁਰੱਖਿਆ ਨਿਯਮਾਂ ਦੀ ਪਾਲਣਾ ਨਾਲ ਹੀ ਟਲ ਸਕਦੀਆਂ ਨੇ ਘਾਤਕ ਘਟਨਾਵਾਂ ਦਿਨੇਸ਼ ਹੱਲਣ, ਪੰਜਾਬੀ ਜਾਗਰਣ ਨੂਰਪੁਰਬੇਦੀ• : ਇਲਾਕੇ ਵਿਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੈ ਰਹੀ ਸੰਘਣੀ ਧੁੰਦ ਨੇ ਆਮ ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਧੁੰਦ ਕਾਰਨ ਜਿੱਥੇ ਸੜਕਾਂ ‘ਤੇ ਦ੍ਰਿਸ਼ਟਤਾ (ਵਿਜੀਬਿਲਟੀ) ਕਾਫ਼ੀ ਘੱਟ ਹੋ ਗਈ ਹੈ, ਉਥੇ ਹੀ ਆਵਾਜਾਈ ਵਿਚ ਵੀ ਵੱਡਾ ਵਿਘਨ ਪੈਦਾ ਹੋ ਰਿਹਾ ਹੈ। ਇਸ ਦੇ ਨਤੀਜੇ ਵਜੋਂ ਸੜਕੀ ਦੁਰਘਟਨਾਵਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ, ਜਿਨ੍ਹਾਂ ਵਿਚ ਕਈ ਵਾਰ ਜਾਨੀ ਅਤੇ ਮਾਲੀ ਨੁਕਸਾਨ ਅਪੂਰਣਯੋਗ ਸਾਬਤ ਹੋ ਰਿਹਾ ਹੈ। ਮਾਹਿਰਾਂ ਅਤੇ ਸਮਾਜਕ ਚਿੰਤਕਾਂ ਦਾ ਮੰਨਣਾ ਹੈ ਕਿ ਧੁੰਦ ਦੇ ਦੌਰਾਨ ਜੇਕਰ ਵਾਹਨ ਚਾਲਕ ਸਬਰ, ਸਿਆਣਪ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾਲ ਗੱਡੀ ਚਲਾਉਣ, ਤਾਂ ਵੱਡੀਆਂ ਦੁਰਘਟਨਾਵਾਂ ਤੋਂ ਬਚਾਅ ਸੰਭਵ ਹੈ। ਇਸ ਸਬੰਧੀ ਲਿਟਲ ਏਂਜਲਸ ਲਰਨਿੰਗ ਪਲੇਅ ਵੇਅ ਸਕੂਲ ਦੀ ਐਮਡੀ ਮੈਡਮ ਸੁਮਨ ਸੈਣੀ ਨੇ ਕਿਹਾ ਕਿ ਧੁੰਦ ਦੇ ਕਾਰਨ ਸੜਕਾਂ ‘ਤੇ ਵਿਜੀਬਿਲਟੀ ਬਹੁਤ ਘੱਟ ਹੋ ਜਾਂਦੀ ਹੈ, ਜੋ ਕਿ ਦੁਰਘਟਨਾਵਾਂ ਦਾ ਸਭ ਤੋਂ ਵੱਡਾ ਕਾਰਨ ਬਣਦੀ ਹੈ। ਉਨ੍ਹਾਂ ਦੱਸਿਆ ਕਿ ਵਾਹਨ ਚਲਾਉਂਦੇ ਸਮੇਂ ਹਮੇਸ਼ਾ ਆਪਣੀ ਲਾਇਨ ਵਿਚ ਰਹਿਣਾ ਚਾਹੀਦਾ ਹੈ ਅਤੇ ਬਿਨ੍ਹਾਂ ਲੋੜ ਓਵਰਟੇਕ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਖੱਬੇ ਪਾਸੇ ਚਲਣ ਦਾ ਨਿਯਮ ਸਖ਼ਤੀ ਨਾਲ ਅਪਣਾਇਆ ਜਾਵੇ ਅਤੇ ਕਿਸੇ ਵੀ ਤਰ੍ਹਾਂ ਦੀ ਕਾਹਲੀ ਤੋਂ ਬਚਿਆ ਜਾਵੇ। ਸਮਾਜਕ ਕਾਰਕੁਨ ਪ੍ਰਦੀਪ ਧੀਮਾਨ ਨੇ ਕਿਹਾ ਕਿ ਧੁੰਦ ਦੇ ਦੌਰਾਨ ਵਾਹਨਾਂ ਵਿਚ ਫੋਗ ਲੈਂਪਾਂ ਦੀ ਵਰਤੋਂ ਲਾਜ਼ਮੀ ਹੋਣੀ ਚਾਹੀਦੀ ਹੈ ਅਤੇ ਡੀ-ਫੋਗਰ ਹਮੇਸ਼ਾ ਚਾਲੂ ਰੱਖਣਾ ਚਾਹੀਦਾ ਹੈ। ਉਨ੍ਹਾਂ ਅਪੀਲ ਕੀਤੀ ਕਿ ਭਾਰੀ ਧੁੰਦ ਵਿਚ ਬਿਨ੍ਹਾਂ ਲਾਈਟ ਜਾਂ ਹਾਈ ਬੀਮ ਦੀ ਗਲਤ ਵਰਤੋਂ ਕਰਕੇ ਗੱਡੀ ਚਲਾਉਣਾ ਬਹੁਤ ਖ਼ਤਰਨਾਕ ਸਾਬਤ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਭਾਰੀ ਵਾਹਨ ਦੇ ਪਿੱਛੇ ਉਚਿਤ ਦੂਰੀ ਬਣਾ ਕੇ ਚਲਣਾ ਚਾਹੀਦਾ ਹੈ ਅਤੇ ਸੜਕ ‘ਤੇ ਬਣੀ ਚਿੱਟੀ ਪੱਟੀ (ਲੇਨ ਮਾਰਕਿੰਗ) ਦੇ ਅਨੁਸਾਰ ਹੀ ਵਾਹਨ ਚਲਾਇਆ ਜਾਵੇ, ਜੋ ਧੁੰਦ ਵਿਚ ਚਾਲਕਾਂ ਲਈ ਵੱਡੀ ਸਹਾਇਤਾ ਸਾਬਤ ਹੁੰਦੀ ਹੈ। ਇਸ ਮੌਕੇ ਕਿਰਤੀ ਕਿਸਾਨ ਮੋਰਚਾ ਦੇ ਬਲਾਕ ਪ੍ਰਧਾਨ ਹਰਪ੍ਰੀਤ ਭੱਟੋ ਨੇ ਕਿਹਾ ਕਿ ਧੁੰਦ ਵਾਲੇ ਦਿਨਾਂ ਵਿਚ ਲੋਕਾਂ ਨੂੰ ਘਰੋਂ ਸਮੇਂ ਤੋਂ ਪਹਿਲਾਂ ਨਿਕਲਣਾ ਚਾਹੀਦਾ ਹੈ, ਤਾਂ ਜੋ ਗੱਡੀ ਚਲਾਉਂਦੇ ਸਮੇਂ ਕਾਹਲੀ ਨਾ ਹੋਵੇ। ਉਨ੍ਹਾਂ ਨੇ ਕਿਹਾ ਕਿ ਵਾਹਨ ਚਲਾਉਂਦੇ ਸਮੇਂ ਅੱਗੇ ਚੱਲ ਰਹੀ ਗੱਡੀ ਤੋਂ ਉਚਿਤ ਦੂਰੀ ਬਣਾ ਕੇ ਰੱਖਣੀ ਬਹੁਤ ਜ਼ਰੂਰੀ ਹੈ ਅਤੇ ਕਿਸੇ ਵੀ ਤਰ੍ਹਾਂ ਦੇ ਨਸ਼ੇ ਦੀ ਹਾਲਤ ਵਿਚ ਡਰਾਈਵਿੰਗ ਤੋਂ ਸਖ਼ਤ ਪ੍ਰਹੇਜ਼ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨਾਲ ਹੀ ਪ੍ਰਸ਼ਾਸਨ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਧੁੰਦ ਦੇ ਮੌਸਮ ਦੌਰਾਨ ਸੜਕਾਂ ‘ਤੇ ਸਾਈਨ ਬੋਰਡ, ਰਿਫਲੈਕਟਰ, ਕੈਟ ਆਈਜ਼ ਅਤੇ ਸਪਸ਼ਟ ਚਿੱਟੀ ਪੱਟੀ ਦੀ ਵਿਵਸਥਾ ਯਕੀਨੀ ਬਣਾਈ ਜਾਵੇ, ਤਾਂ ਜੋ ਵਾਹਨ ਚਾਲਕਾਂ ਨੂੰ ਸਹੀ ਦਿਸ਼ਾ ਅਤੇ ਸੁਰੱਖਿਆ ਮਿਲ ਸਕੇ। ਸਪਸ਼ਟ ਹੈ ਕਿ ਧੁੰਦ ਦੌਰਾਨ ਸੜਕ ਸੁਰੱਖਿਆ ਸਿਰਫ਼ ਵਾਹਨ ਚਾਲਕਾਂ ਦੀ ਹੀ ਨਹੀਂ, ਸਗੋਂ ਪ੍ਰਸ਼ਾਸਨ ਅਤੇ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ। ਸਬਰ, ਸਿਆਣਪ, ਟ੍ਰੈਫਿਕ ਨਿਯਮਾਂ ਦੀ ਪਾਲਣਾ ਅਤੇ ਬੁਨਿਆਦੀ ਸਹੂਲਤਾਂ ਨਾਲ ਹੀ ਅਸੀਂ ਕੀਮਤੀ ਜਾਨਾਂ ਨੂੰ ਬਚਾ ਸਕਦੇ ਹਾਂ।