ਸੜਕ ਪਾਰ ਕਰਦਿਆਂ ਜੰਗਲੀ ਸਾਂਭਰ ਕਾਰ ਨਾਲ ਟਕਰਾਇਆ
ਜੰਗਲੀ ਸਾਂਭਰ ਸੜਕ ਪਾਰ ਕਰਦੇ ਹੋਏ ਕਾਰ ਨਾਲ ਟਕਰਾਇਆ
Publish Date: Wed, 24 Dec 2025 04:06 PM (IST)
Updated Date: Wed, 24 Dec 2025 04:07 PM (IST)

ਜੰਗ ਬਹਾਦਰ ਸਿੰਘ, ਪੰਜਾਬੀ ਜਾਗਰਣ ਸ੍ਰੀ ਕੀਰਤਪੁਰ ਸਾਹਿਬ : ਦੇਰ ਰਾਤ ਕਰੀਬ 2:00 ਵਜੇ ਕੌਮੀ ਮਾਰਗ ਨੰਬਰ 21 (205) ਸ੍ਰੀ ਕੀਰਤਪੁਰ ਸਾਹਿਬ–ਮਨਾਲੀ ਮੁੱਖ ਮਾਰਗ ‘ਤੇ ਪਿੰਡ ਕਲਿਆਣਪੁਰ ਦੀ ਹੱਦ ਵਿੱਚ ਸੜਕ ਪਾਰ ਕਰਦੇ ਸਮੇਂ ਇੱਕ ਜੰਗਲੀ ਸਾਂਭਰ ਕਾਰ ਨਾਲ ਟਕਰਾ ਗਿਆ, ਜਿਸ ਕਾਰਨ ਹਾਦਸਾ ਗ੍ਰਸਤ ਕਾਰ ਦਾ ਕਾਫੀ ਨੁਕਸਾਨ ਹੋਇਆ ਹੈ ਜਦ ਕਿ ਕਾਰ ਵਿੱਚ ਸਵਾਰ ਸਾਰੇ ਲੋਕਾਂ ਦਾ ਬਚਾਅ ਹੋ ਗਿਆ ਅਤੇ ਜ਼ਖਮੀ ਹੋਇਆ ਜੰਗਲੀ ਸਾਂਭਰ ਜੰਗਲ ਨੂੰ ਭੱਜ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸੋਮਵਾਰ ਰਾਤ ਨੂੰ ਦੋ ਵਿਅਕਤੀ ਹਿਮਾਚਲ ਪ੍ਰਦੇਸ਼ ਨੰਬਰ ਦੀ ਟੈਕਸੀ ਬੁੱਕ ਕਰਕੇ ਚੰਡੀਗੜ੍ਹ ਤੋਂ ਮੰਡੀ (ਹਿਮਾਚਲ ਪ੍ਰਦੇਸ਼) ਨੂੰ ਜਾ ਰਹੇ ਸਨ। ਇਸ ਦੌਰਾਨ ਦੇਰ ਰਾਤ ਕਰੀਬ 2:00 ਵਜੇ ਜਦੋਂ ਉਹ ਕੀਰਤਪੁਰ ਸਾਹਿਬ ਤੋਂ ਅੱਗੇ ਪਿੰਡ ਕਲਿਆਣਪੁਰ ਰਿਲਾਇੰਸ ਪੈਟਰੋਲ ਪੰਪ ਦੇ ਨਜ਼ਦੀਕ ਪੁੱਜੇ ਤਾਂ ਸੜਕ ਕੰਢੇ ਝਾੜੀਆਂ ਵਿੱਚੋਂ ਅਚਾਨਕ ਇੱਕ ਜੰਗਲੀ ਸਾਂਭਰ ਦੌੜਦਾ ਹੋਇਆ ਉਨ੍ਹਾਂ ਦੀ ਕਾਰ ਦੇ ਸਾਹਮਣੇ ਆ ਗਿਆ ਅਤੇ ਕਾਰ ਸਾਂਭਰ ਨਾਲ ਟਕਰਾ ਗਈ। ਇਸ ਕਾਰਨ ਕਾਰ ਦਾ ਕਾਫ਼ੀ ਨੁਕਸਾਨ ਹੋ ਗਿਆ, ਜਦਕਿ ਕਾਰ ਚਾਲਕ ਅਤੇ ਕਾਰ ਵਿੱਚ ਸਵਾਰ ਦੋ ਯਾਤਰੀਆਂ ਨੂੰ ਸਿਰਫ਼ ਮਾਮੂਲੀ ਸੱਟਾਂ ਹੀ ਲੱਗੀਆਂ। ਇਸ ਹਾਦਸੇ ਵਿੱਚ ਜਖਮੀ ਸਾਂਬਰ ਵੀ ਜੰਗਲ ਵੱਲ ਨੂੰ ਭੱਜ ਗਿਆ। ਇਸ ਤੋਂ ਬਾਅਦ ਟੈਕਸੀ ਚਾਲਕ ਨੇ ਸਥਾਨਕ ਟੈਕਸੀ ਸਟੈਂਡ ਦੇ ਡਰਾਈਵਰ ਨਾਲ ਸੰਪਰਕ ਕਰਕੇ ਕਿਸੇ ਹੋਰ ਟੈਕਸੀ ਦਾ ਇੰਤਜ਼ਾਮ ਕੀਤਾ ਅਤੇ ਦੋਵੇਂ ਯਾਤਰੀਆਂ ਨੂੰ ਮੰਡੀ (ਹਿਮਾਚਲ ਪ੍ਰਦੇਸ਼) ਭੇਜ ਦਿੱਤਾ। ਜ਼ਿਕਰਯੋਗ ਹੈ ਕਿ ਕੀਰਤਪੁਰ ਸਾਹਿਬ ਤੋਂ ਲੈ ਕੇ ਹਿਮਾਚਲ ਪ੍ਰਦੇਸ਼ ਦੇ ਸਰਹੱਦੀ ਪਿੰਡ ਗਰਾ ਮੌੜਾ ਤੱਕ ਕੌਮੀ ਮਾਰਗ ਦੇ ਦੋਨੋਂ ਸਾਈਡਾਂ ਤੇ ਜੰਗਲੀ ਇਲਾਕਾ ਪੈਂਦਾ ਹੈ। ਇਸ ਕਾਰਨ ਰਾਤ ਦੇ ਸਮੇਂ, ਖ਼ਾਸ ਕਰਕੇ ਸਰਦੀਆਂ ਦੌਰਾਨ, ਸਾਂਭਰ, ਨੀਲ ਗਾਂ ਅਤੇ ਹਿਰਨ ਵਰਗੇ ਕਈ ਜੰਗਲੀ ਜਾਨਵਰ ਅਚਾਨਕ ਸੜਕ ‘ਤੇ ਆ ਜਾਂਦੇ ਹਨ। ਰਾਤ ਵੇਲੇ ਗਹਿਰੀ ਧੁੰਦ ਅਤੇ ਕੋਹਰੇ ਕਾਰਨ ਅਕਸਰ ਇਸ ਕੌਮੀ ਮਾਰਗ ‘ਤੇ ਇਸ ਤਰ੍ਹਾਂ ਦੇ ਸੜਕ ਹਾਦਸੇ ਵਾਪਰ ਜਾਂਦੇ ਹਨ, ਜਿਸ ਨਾਲ ਕਈ ਲੋਕ ਗੰਭੀਰ ਤੌਰ ‘ਤੇ ਜ਼ਖ਼ਮੀ ਹੋ ਜਾਂਦੇ ਹਨ ਅਤੇ ਵਾਹਨਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਦਾ ਹੈ। ਇਨ੍ਹਾਂ ਹਾਦਸਿਆਂ ਦੌਰਾਨ ਕਈ ਜੰਗਲੀ ਜਾਨਵਰ ਮਾਰੇ ਜਾਂਦੇ ਹਨ ਜਾਂ ਜ਼ਖ਼ਮੀ ਹੋ ਜਾਂਦੇ ਹਨ। ਸਥਾਨਕ ਲੋਕਾਂ ਅਤੇ ਇਲਾਕੇ ਦੇ ਵੱਖ-ਵੱਖ ਪਿੰਡਾਂ ਦੇ ਨਿਵਾਸੀਆਂ ਵੱਲੋਂ ਨੇਸ਼ਨਲ ਹਾਈਵੇ ਅਥਾਰਿਟੀ ਆਫ਼ ਇੰਡੀਆ ਅਤੇ ਸੜਕ ਨਿਰਮਾਣ ਕੰਪਨੀ ਕੋਲੋਂ ਮੰਗ ਕੀਤੀ ਗਈ ਹੈ ਕਿ ਜਿੱਥੇ ਜੰਗਲੀ ਰਕਬਾ ਪੈਂਦਾ ਹੈ ਉੱਥੇ ਸੜਕ ਦੇ ਦੋਵੇਂ ਸਾਈਡਾਂ ਤੇ ਜੰਗਲਾ ਜਾਂ ਤਾਰ ਲਗਾਈ ਜਾਵੇ, ਤਾਂ ਜੋ ਰਾਹਗੀਰਾਂ ਨੂੰ ਜੰਗਲੀ ਜਾਨਵਰਾਂ ਦੇ ਸੜਕ ‘ਤੇ ਆਉਣ ਕਾਰਨ ਹੋਣ ਵਾਲੇ ਸੜਕ ਹਾਦਸਿਆਂ ਤੋਂ ਸੁਰੱਖਿਆ ਮਿਲ ਸਕੇ।