ਵਿਰਕ ਨੇ ਕਰਾਟੇ ਮੁਕਾਬਲੇ ’ਚ ਜਿੱਤਿਆ ਸੋਨੇ ਦਾ ਤਮਗਾ
ਮਹਿਲਦੀਪ ਸਿੰਘ ਵਿਰਕ ਨੇ ਅੰਤਰਰਾਸ਼ਟਰੀ ਕਰਾਟੇ ਮੁਕਾਬਲੇ ਵਿਚ ਸੋਨੇ ਦਾ ਤਮਗਾ ਜਿੱਤਿਆ
Publish Date: Sat, 17 Jan 2026 08:16 PM (IST)
Updated Date: Sun, 18 Jan 2026 04:19 AM (IST)

ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ ਡੈਰਿਕ ਇੰਟਰਨੈਸ਼ਨਲ ਸਕੂਲ ਬੰਗਾ ਨੂੰ ਬੇਹੱਦ ਮਾਣ ਮਹਿਸੂਸ ਹੋ ਰਿਹਾ ਹੈ ਕਿ ਸਕੂਲ ਦੀ ਗਿਆਰ੍ਹਵੀਂ ਜਮਾਤ (ਨਾਨ-ਮੈਡੀਕਲ) ਦੇ ਵਿਦਿਆਰਥੀ ਮਾਸਟਰ ਮਹਿਲਦੀਪ ਸਿੰਘ ਵਿਰਕ ਨੇ ਦੇਹਰਾਦੂਨ ਉੱਤਰਾਖੰਡ ਵਿਚ ਹੋਏ ਅੰਤਰਰਾਸ਼ਟਰੀ ਕਰਾਟੇ ਮੁਕਾਬਲੇ ਵਿਚ ਸੋਨੇ ਦਾ ਤਮਗਾ ਜਿੱਤ ਕੇ ਸਕੂਲ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ।।ਇਹ ਮੁਕਾਬਲਾ ਐੱਸਕੇਐੱਸਏ ਇੰਡੀਆ (ਸ਼ੋਟੋਕਾਨ ਕਰਾਟੇ-ਡੋ ਸਪੋਰਟਸ ਅਸੋਸੀਏਸ਼ਨ) ਵੱਲੋਂ ਆਯੋਜਿਤ ਕੀਤਾ। ਜਿਸ ਵਿਚ ਭੂਟਾਨ, ਨੇਪਾਲ ਅਤੇ ਸਵੀਡਨ ਦੇ ਖਿਡਾਰੀਆਂ ਨੇ ਭਾਗ ਲਿਆ। ਅੰਤਰਰਾਸ਼ਟਰੀ ਪੱਧਰ ਤੇ ਹੋਏ ਇਸ ਮੁਕਾਬਲੇ ਵਿਚ ਮਹਿਲਦੀਪ ਸਿੰਘ ਵਿਰਕ ਨੇ ਆਪਣੀ ਕਾਬਲੀਅਤ, ਅਨੁਸ਼ਾਸਨ ਅਤੇ ਦ੍ਰਿੜ੍ਹ ਨਿਸ਼ਚੇ ਨਾਲ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕੀਤਾ। ਇਸ ਉਪਲਬਧੀ ਤੇ ਸਕੂਲ ਦੀ ਪ੍ਰਿੰ. ਨੀਨਾ ਭਾਰਦਵਾਜ ਨੇ ਵਿਦਿਆਰਥੀ ਨੂੰ ਵਧਾਈ ਦਿੰਦਿਆਂ ਕਿਹਾ ਕਿ“ਮਹਿਲਦੀਪ ਦੀ ਇਹ ਕਾਮਯਾਬੀ ਉਸਦੀ ਮਿਹਨਤ, ਲਗਨ ਅਤੇ ਆਤਮ-ਵਿਸ਼ਵਾਸ ਦਾ ਪ੍ਰਤੀਕ ਹੈ। ਉਸ ਨੇ ਸਕੂਲ ਨੂੰ ਮਾਣ ਮਹਿਸੂਸ ਕਰਵਾਇਆ ਹੈ ਅਤੇ ਹੋਰ ਵਿਦਿਆਰਥੀਆਂ ਲਈ ਪ੍ਰੇਰਣਾ ਬਣਿਆ ਹੈ। ਅਸੀਂ ਉਸਦੇ ਉੱਜਵਲ ਭਵਿੱਖ ਅਤੇ ਹੋਰ ਵੱਡੀਆਂ ਸਫਲਤਾਵਾਂ ਲਈ ਦਿਲੋਂ ਸ਼ੁਭਕਾਮਨਾਵਾਂ ਦਿੰਦੇ ਹਾਂ।“ਇਹ ਮਹਾਨ ਉਪਲਬਧੀ ਸਕੂਲ ਦੇ ਉਸ ਦਰਸ਼ਨ ਨੂੰ ਦਰਸ਼ਾਉਂਦੀ ਹੈ। ਜਿਸ ਅਧੀਨ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਅਕਾਦਮਿਕ ਸਿੱਖਿਆ ਦੇ ਨਾਲ-ਨਾਲ ਖੇਡਾਂ ਅਤੇ ਸਹਿ-ਪਾਠਕ੍ਰਮ ਗਤੀਵਿਧੀਆਂ ਨੂੰ ਵੀ ਬਰਾਬਰ ਮਹੱਤਵ ਦਿੱਤਾ ਜਾਂਦਾ ਹੈ। ਸਕੂਲ ਪਰਿਵਾਰ ਵੱਲੋਂ ਮਾਸਟਰ ਮਹਿਲਦੀਪ ਸਿੰਘ ਵਿਰਕ ਨੂੰ ਇਸ ਸ਼ਾਨਦਾਰ ਕਾਮਯਾਬੀ ਲਈ ਦਿਲੋਂ ਮੁਬਾਰਕਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਸਾਰੇ ਵਿਦਿਆਰਥੀ ਉਨ੍ਹਾਂ ਤੋਂ ਪ੍ਰੇਰਨਾ ਲੈ ਕੇ ਆਪਣੀ ਜੀਵਨ ਵਿਚ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਸਖ਼ਤ ਮਿਹਨਤ ਕਰਨ। ਤਾਂ ਜੋ ਆਪਣੀ ਮੰਜ਼ਿਲ ਪ੍ਰਾਪਤ ਕਰ ਸਕਣ।