'ਮੇਰੀ ਬਾਂਹ ਛੱਡ ਦੇ, ਨਹੀਂ ਤਾਂ ਠੀਕ ਨਹੀਂ ਹੋਵੇਗਾ...' PU ਵਿਵਾਦ ਦੌਰਾਨ ਦਹਾੜੀ ਹਰਮਨਪ੍ਰੀਤ ਕੌਰ; ਵੀਡੀਓ ਸੋਸ਼ਲ ਮੀਡੀਆ 'ਤੇ ਹੋਈ ਵਾਇਰਲ
ਇਸ ਸਬੰਧੀ ਜਦੋਂ ਪੰਜਾਬੀ ਜਾਗਰਣ ਵਲੋ ਹਰਮਨਪ੍ਰੀਤ ਕੌਰ ਦੇ ਪਿਤਾ ਸੁਖਬੀਰ ਸਿੰਘ ਸਿੱਧੂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਸਾਫ਼ ਸ਼ਬਦਾਂ ‘ਚ ਕਿਹਾ “ਮੈਨੂੰ ਮਾਣ ਹੈ ਕਿ ਮੇਰੀ ਧੀ ਨੇ ਪੰਜਾਬ ਦੀ ਅਣਖ ਬਚਾਈ ਹੈ। ਅਸੀਂ ਉਸਨੂੰ ਬਚਪਨ ਤੋਂ ਹੀ ਸਿਖਾਇਆ ਹੈ ਕਿ ਸੱਚ ‘ਤੇ ਡਟਣਾ ਹੈ ਅਤੇ ਕਿਸੇ ਤੋਂ ਡਰਨਾ ਨਹੀਂ।”
Publish Date: Mon, 10 Nov 2025 07:16 PM (IST)
Updated Date: Mon, 10 Nov 2025 07:30 PM (IST)
ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ, ਸ਼੍ਰੀ ਅਨੰਦਪੁਰ ਸਾਹਿਬ : ਚੰਡੀਗੜ੍ਹ ਵਿਖੇ ਪੰਜਾਬ ਯੂਨੀਵਰਸਿਟੀ ‘ਤੇ ਚੱਲ ਰਿਹਾ ਵਿਵਾਦ ਜਿੱਥੇ ਪੰਜਾਬੀਆਂ ਦੀ ਅਣਖ ’ਤੇ ਗੈਰਤ ਨੂੰ ਮੁੜ ਜਗਾਉਂਦਾ ਦਿੱਸ ਰਿਹਾ ਹੈ, ਉੱਥੇ ਨੂਰਪੁਰਬੇਦੀ ਪਿੰਡ ਨੂਰਪੁਰ ਖੁਰਦ ਦੀ ਰਹਿਣ ਵਾਲੀ ਹਰਮਨਪ੍ਰੀਤ ਕੌਰ ਦੀ ਇੱਕ ਵੀਡੀਓ ਸ਼ੋਸ਼ਲ ਮੀਡੀਆ ‘ਤੇ ਤੇਜੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ ਵਿਚ ਦਿੱਖਦਾ ਹੈ ਕਿ ਜਦੋਂ ਉਹ ਗੇਟ ‘ਤੇ ਦਾਖਲ ਹੋਣ ਲਈ ਅੱਗੇ ਵਧੀ ਤਾਂ ਲੇਡੀ ਪੁਲਿਸ ਨੇ ਉਸ ਦੀ ਬਾਂਹ ਫੜ ਕੇ ਰੋਕਣ ਦੀ ਕੋਸ਼ਿਸ਼ ਕੀਤੀ। ਇਸ ‘ਤੇ ਹਰਮਨਪ੍ਰੀਤ ਨੇ ਅਣਖ ਅਤੇ ਦ੍ਰਿੜਤਾ ਨਾਲ ਕਿਹਾ ਮੇਰੀ ਬਾਂਹ ਛੱਡ ਦੇ, ਨਹੀਂ ਤਾਂ ਠੀਕ ਨਹੀਂ ਹੋਵੇਗਾ।
ਕਾਫੀ ਬਹਿਸ ਤੋਂ ਬਾਅਦ ਲੇਡੀ ਪੁਲਿਸ ਨੂੰ ਉਸਦੀ ਬਾਂਹ ਛੱਡਣੀ ਪਈ, ਅਤੇ ਹਰਮਨਪ੍ਰੀਤ ਨੇ ਅਣਖ ਨਾਲ ਗੇਟ ਅੰਦਰ ਕਦਮ ਰੱਖਿਆ।
ਇਹ ਵੀਡੀਓ ਜਿਸ ਗਤੀ ਨਾਲ ਵਾਇਰਲ ਹੋ ਰਹੀ ਹੈ, ਉਸੇ ਤਰ੍ਹਾਂ ਲੋਕਾਂ ਵੱਲੋਂ ਹਰਮਨਪ੍ਰੀਤ ਦੀ ਨਿਡਰਤਾ ਦੀ ਵੱਡੀ ਵਡਿਆਈ ਕੀਤੀ ਜਾ ਰਹੀ ਹੈ। ਕਈ ਇਸਨੂੰ “ਮਾਂ ਭਾਗ ਕੌਰ ਦੀ ਧੀ”, “ਪੰਜਾਬ ਦੀ ਸ਼ੇਰਣੀ”, ਕਹਿ ਕੇ ਸਨਮਾਨ ਰਹੇ ਹਨ।
ਇਸ ਸਬੰਧੀ ਜਦੋਂ ਪੰਜਾਬੀ ਜਾਗਰਣ ਵਲੋ ਹਰਮਨਪ੍ਰੀਤ ਕੌਰ ਦੇ ਪਿਤਾ ਸੁਖਬੀਰ ਸਿੰਘ ਸਿੱਧੂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਸਾਫ਼ ਸ਼ਬਦਾਂ ‘ਚ ਕਿਹਾ “ਮੈਨੂੰ ਮਾਣ ਹੈ ਕਿ ਮੇਰੀ ਧੀ ਨੇ ਪੰਜਾਬ ਦੀ ਅਣਖ ਬਚਾਈ ਹੈ। ਅਸੀਂ ਉਸਨੂੰ ਬਚਪਨ ਤੋਂ ਹੀ ਸਿਖਾਇਆ ਹੈ ਕਿ ਸੱਚ ‘ਤੇ ਡਟਣਾ ਹੈ ਅਤੇ ਕਿਸੇ ਤੋਂ ਡਰਨਾ ਨਹੀਂ।”
ਉਹਨਾਂ ਦੱਸਿਆ ਕਿ ਹਰਮਨਪ੍ਰੀਤ ਟਰੈਕਟਰ ਚਲਾ ਲੈਂਦੀ ਹੈ, ਖੇਤ ਵਿਚ ਕੰਧੇ ਨਾਲ ਕੰਧਾ ਜੋੜਕੇ ਕੰਮ ਕਰਦੀ ਹੈ ਅਤੇ ਹਰ ਮੌਕੇ ਹੌਸਲੇ ਨਾਲ ਖੜੀ ਰਹਿੰਦੀ ਹੈ। ਉਹਨਾਂ ਕਿਹਾ “ਸਾਰੇ ਬੱਚਿਆਂ ਨੂੰ ਇਸੇ ਤਰ੍ਹਾਂ ਮੁਸ਼ਕਲ ਵਕਤ ਵਿਚ ਹਿੰਮਤ ਨਹੀਂ ਛੱਡਣੀ ਚਾਹੀਦੀ।