ਹੋਲਾ ਮਹੱਲਾ 'ਤੇ ਹਾਈਟੈਕ ਸੁਰੱਖਿਆ: 200 ਕੈਮਰੇ ਅਤੇ ਡ੍ਰੋਨ ਰਾਹੀਂ ਰੱਖੀ ਜਾ ਰਹੀ ਹੈ ਤਿੱਖੀ ਨਜ਼ਰ; ਪੁਲਿਸ ਨੇ ਕੀਤੇ ਪੁਖ਼ਤਾ ਪ੍ਰਬੰਧ
ਇਕੱਲੇ ਸੁਰੱਖਿਆ ਪ੍ਰਬੰਧਾਂ ਨੂੰ 4500 ਮੁਲਾਜ਼ਮ ਹੀ ਨਹੀਂ ਦੇਖ ਰਹੇ, ਸਗੋਂ ਐੱਸਐੱਸਪੀ ਮਨਿੰਦਰ ਸਿੰਘ ਦੋਪਹੀਆ ਵਾਹਨ ਲੈ ਕੇ ਸੁਰੱਖਿਆ ਪ੍ਰਬੰਧਾਂ ਦੀ ਦੇਖ-ਦੇਖ ਕਰ ਰਹੇ ਹਨ। ਉਹਨਾਂ ਕਿਹਾ ਕਿ ਪੁਲਿਸ ਦੀ ਜ਼ਿੰਮੇਵਾਰੀ ਹੈ ਕਿ ਹਰ ਨਾਗਰਿਕ ਮੇਲੇ ਦੌਰਾਨ ਆਪਣੇ ਆਪ ਨੂੰ ਸੁਰੱਖਿਤ ਮਹਿਸੂਸ ਕਰੇ ਅਤੇ ਗੈਰ-ਸਮਾਜੀ ਅਨਸਰਾਂ ਨੂੰ ਪੁਲਿਸ ਦਾ ਡਰ ਹੋਵੇ।
Publish Date: Wed, 04 Mar 2026 09:28 AM (IST)
Updated Date: Wed, 04 Mar 2026 09:31 AM (IST)
ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਅਨੰਦਪੁਰ ਸਾਹਿਬ : ਸਿੱਖਾਂ ਦੇ ਕੌਮਾਂਤਰੀ ਤਿਉਹਾਰ ਹੋਲਾ ਮਹੱਲਾ ਜੋ ਕਿ ਸ੍ਰੀ ਅਨੰਦਪੁਰ ਸਾਹਿਬ ਵਿਚ ਮਨਾਇਆ ਜਾਂਦਾ ਹੈ ਜਿੱਥੇ 20 ਲੱਖ ਤੋਂ ਵੱਧ ਸੰਗਤ ਹਰ ਸਾਲ ਸ਼ਿਰਕਤ ਕਰਦੀ ਹੈ। ਇੰਨੀ ਵੱਡੀ ਤਾਦਾਦ ਵਿਚ ਸੰਗਤ ਨੂੰ ਸੰਭਾਲਣਾ ਅਤੇ ਸੁਰੱਖਿਆ ਦੇ ਪ੍ਰਬੰਧ ਕਰਨਾ ਜ਼ਿਲ੍ਹਾ ਪੁਲਿਸ ਰੂਪਨਗਰ ਲਈ ਆਪਣੇ ਆਪ ਵਿਚ ਚੁਣੌਤੀ ਹੁੰਦੇ ਹਨ ਪਰ ਇਸ ਸਾਲ ਜ਼ਿਲ੍ਹਾ ਪੁਲਿਸ ਵੱਲੋਂ ਆਧੁਨਿਕ ਤਰੀਕੇ ਨਾਲ ਸੁਰੱਖਿਆ ਪ੍ਰਬੰਧਾਂ ਦੀ ਦੇਖ-ਰੇਖ ਕੀਤੀ ਜਾ ਰਹੀ ਹੈ।
ਇਸ ਸਬੰਧੀ ਪੰਜਾਬੀ ਜਾਗਰਣ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਜ਼ਿਲ੍ਹਾ ਰੂਪਨਗਰ ਦੇ ਐੱਸਪੀ ਡੀ ਗੁਰਦੀਪ ਸਿੰਘ ਗੋਸਲ ਨੇ ਦੱਸਿਆ ਕਿ ਡੀਆਈਜੀ ਨਾਨਕ ਸਿੰਘ ਦੇ ਦਿਸ਼ਾ ਨਿਰਦੇਸ਼ਾਂ ’ਤੇ ਐੱਸਐੱਸਪੀ ਮਨਿੰਦਰ ਸਿੰਘ ਵੱਲੋਂ ਬੜੀ ਹੀ ਸੁਚੱਜੀ ਅਗਵਾਈ ਦੇ ਕੇ ਮੇਲੇ ਦੀ ਆਧੁਨਿਕ ਤਰੀਕੇ ਨਾਲ ਦੇਖ-ਰੇਖ ਕੀਤੀ ਜਾ ਰਹੀ ਹੈ। ਉਹਨਾਂ ਨੇ ਕੰਟਰੋਲ ਰੂਮ ਦਿਖਾਉਂਦੇ ਹੋਏ ਦੱਸਿਆ ਕਿ ਪੂਰੇ ਸ਼ਹਿਰ ਦੀ ਲਗਪਗ 200 ਦੇ ਕਰੀਬ ਕੈਮਰੇ ਨਿਗਰਾਨੀ ਕਰ ਰਹੇ ਅਤੇ ਇਹ ਕੈਮਰੇ ਸਵਾਗਤੀ ਗੇਟ ਤੋਂ ਲੈ ਕੇ ਗੰਗੂਵਾਲ ਤੱਕ ਅਤੇ ਇਸੇ ਤਰ੍ਹਾਂ ਹੀ ਵਿਰਾਸਤ ਏ ਖਾਲਸਾ, ਸ਼ਹਿਰੀ ਏਰੀਆ ਅਤੇ ਚਰਨ ਗੰਗਾ ਸਟੇਡੀਅਮ ਜਿਸ ਥਾਂ ’ਤੇ ਮਹੱਲਾ ਖੇਡਿਆ ਜਾਣਾ ਹੈ, ਵਿਚ ਵੀ ਕੈਮਰਿਆਂ ਨਾਲ ਨਿਗਰਾਨੀ ਕੀਤੀ ਜਾ ਰਹੀ ਹੈ।
ਸ੍ਰੀ ਅਨੰਦਪੁਰ ਸਾਹਿਬ ਦੇ ਮੇਲੇ ਵਾਲੇ ਇਲਾਕੇ ਨੂੰ 11 ਸੈਕਟਰਾਂ ਵਿਚ ਵੰਡਿਆ ਗਿਆ ਹੈ ਤੇ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਵਿੱਚੋਂ ਆ ਕੇ ਜਿੱਥੇ 4500 ਤੋਂ ਵੱਧ ਪੁਲਿਸ ਮੁਲਾਜ਼ਮ ਆਪਣੀ ਡਿਊਟੀ ਤਨਦੇਹੀ ਨਿਭਾਅ ਰਹੇ ਹਨ ਪਰ ਇਸ ਵਾਰ ਵਿਸ਼ੇਸ਼ ਗੱਲ ਇਹ ਹੈ ਕਿ ਡ੍ਰੋਨ ਰਾਹੀਂ ਵੀ ਪੂਰੇ ਮੇਲੇ ਵਿੱਚ ਆਉਣ ਜਾਣ ਵਾਲੀ ਸੰਗਤ ’ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਇੱਕ ਡ੍ਰੋਨ ’ਤੇ ਤਾਂ ਬਕਾਇਦਾ ਅਨਾਉਂਸਮੈਂਟ ਰਾਹੀਂ ਲੋਕਾਂ ਨੂੰ ਸੁਚੇਤ ਕੀਤਾ ਜਾ ਰਿਹਾ ਹੈ। ਇਕੱਲੇ ਸੁਰੱਖਿਆ ਪ੍ਰਬੰਧਾਂ ਨੂੰ 4500 ਮੁਲਾਜ਼ਮ ਹੀ ਨਹੀਂ ਦੇਖ ਰਹੇ, ਸਗੋਂ ਐੱਸਐੱਸਪੀ ਮਨਿੰਦਰ ਸਿੰਘ ਦੋਪਹੀਆ ਵਾਹਨ ਲੈ ਕੇ ਸੁਰੱਖਿਆ ਪ੍ਰਬੰਧਾਂ ਦੀ ਦੇਖ-ਦੇਖ ਕਰ ਰਹੇ ਹਨ। ਉਹਨਾਂ ਕਿਹਾ ਕਿ ਪੁਲਿਸ ਦੀ ਜ਼ਿੰਮੇਵਾਰੀ ਹੈ ਕਿ ਹਰ ਨਾਗਰਿਕ ਮੇਲੇ ਦੌਰਾਨ ਆਪਣੇ ਆਪ ਨੂੰ ਸੁਰੱਖਿਤ ਮਹਿਸੂਸ ਕਰੇ ਅਤੇ ਗੈਰ-ਸਮਾਜੀ ਅਨਸਰਾਂ ਨੂੰ ਪੁਲਿਸ ਦਾ ਡਰ ਹੋਵੇ।