ਦਸਮ ਪਾਤਸ਼ਾਹ ਦੇ ਅਨੰਦ ਕਾਰਜ ਦੀ ਯਾਦ ਦਰਸਾਉਂਦਾ ਗੁਰਦੁਆਰਾ ਗੁਰੂ ਕਾ ਲਾਹੋਰ
ਦਸਮ ਪਾਤਸ਼ਾਹ ਦੇ ਅਨੰਦ ਕਾਰਜ ਦੀ ਯਾਦ ਦਰਸਾਉਂਦਾ ਗੁਰਦੁਆਰਾ ਗੁਰੂ ਕਾ ਲਾਹੋਰ ਸ਼ਿਵਾਲਿਕ ਦੀਆਂ ਸੁੰਦਰ ਪਹਾੜੀਆਂ ਵਿਚ ਘਿਰਿਆ ਗੁਰੂ ਕਾ ਲਾਹੋੋਰ
Publish Date: Sat, 17 Jan 2026 04:20 PM (IST)
Updated Date: Sat, 17 Jan 2026 04:22 PM (IST)

ਸ਼ਰਧਾ ਦੇ ਧਾਮ ਲੋਗੋ ਲਗਾਉਣਾ ਹੈ ਸੁਰਿੰਦਰ ਸੋਨੀ, ਪੰਜਾਬੀ ਜਾਗਰਣ ਸ਼੍ਰੀ ਅਨੰਦਪੁਰ ਸਾਹਿਬ : ਦਸਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਜਿੱਥੇ ਜਿੱਥੇ ਚਰਨ ਪਾਏ ਗਏ ਉਥੇ ਗੁਰੂ ਕੀਆਂ ਸੰਗਤਾਂ ਵਲੋਂ ਸੁੰਦਰ ਅਸਥਾਨ ਬਣਾਏ ਗਏ। ਅਜਿਹਾ ਹੀ ਇਕ ਰਮਣੀਕ ਅਸਥਾਨ ਗੁਰੂ ਕਾ ਲਾਹੋਰ ਹੈ ਜਿੱਥੇ ਜਾ ਕੇ ਕਾਦਰ ਦੀ ਕੁਦਰਤ ਡੁੱਲ ਡੁੱਲ ਪੈਂਦੀ ਹੈ। ਸ਼੍ਰੀ ਅਨੰਦਪੁਰ ਸਾਹਿਬ ਤੋਂ ਉਤਰ ਪੂਰਬ ਵੱਲ 10 ਕੁ ਕਿਲੋਮੀਟਰ ਦੀ ਦੂਰੀ ’ਤੇ ਸ਼ਿਵਾਲਿਕ ਦੀਆਂ ਸੁੰਦਰ ਪਹਾੜੀਆਂ ਦੀ ਗੋਦ ਵਿਚ ਹਿਮਾਚਲ ਪ੍ਰਦੇਸ਼ ਵਿਚ ਪੈਂਦੇ ਗੁਰਦੂਆਰਾ ‘ਗੁਰੂ ਕਾ ਲਾਹੋਰ’ ਸੁਭਾਇਮਾਨ ਹੈ ਜੋ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਨੰਦ ਕਾਰਜ ਦੀ ਯਾਦ ਤਾਜਾ ਕਰਵਾਉਂਦਾ ਹੈ। ਹਰ ਸਾਲ ਬਸੰਤ ਪੰਚਮੀ ਮੋਕੇ ਇਥੇ ਭਾਰੀ ਜੋੜ ਮੇਲਾ ਲਗਦਾ ਹੈ ਜਿਸ ਵਿਚ ਦੇਸ਼ ਵਿਦੇਸ਼ ਤੋਂ ਸੰਗਤਾਂ ਪੁੱਜਦੀਆਂ ਹਨ। ਬਸੰਤ ਪੰਚਮੀ ਮੋਕੇ ਇਸ ਅਸਥਾਨ ਨੂੰ ਬਹੁਤ ਹੀ ਖੂੁਬਸੂਰਤ ਤਰੀਕੇ ਨਾਲ ਸਜਾਇਆ ਜਾਂਦਾ ਹੈ। ਇਸ ਪਾਵਨ ਅਸਥਾਨ ‘ਤੇ ਦਸਮ ਪਾਤਸ਼ਾਹ ਦਾ ਅਨੰਦ ਕਾਰਜ ਸੰਨ 1684 ਦੇ ਵਿਸਾਖ ਮਹੀਨੇ ਵਿਚ ਲਾਹੋਰ ਨਿਵਾਸੀ ਭਾਈ ਰਾਮਸ਼ਰਨ ਜੀ ਦੀ ਸਪੁੱਤਰੀ ਬੀਬੀ ਸੁੰਦਰੀ ਜੀ, ਜਿਨ੍ਹਾਂ ਦਾ ਪੇਕੇ ਦਾ ਨਾਮ ਮਾਤਾ ਜੀਤੋ ਜੀ ਸੀ, ਨਾਲ ਹੋਇਆ ਸੀ। ਗੁਰੂ ਸਾਹਿਬ ਕੌਮੀ ਰੁਝੇਵਿਆਂ ਕਾਰਨ ਲਾਹੋਰ ਨਹੀ ਜਾ ਸਕਦੇ ਸਨ, ਇਸ ਲਈ ਗੁਰੂ ਸਾਹਿਬ ਨੇ ਸਿੱਖਾਂ ਨੂੰ ਹੁਕਮ ਦੇ ਕੇ ਇਸ ਅਸਥਾਨ ਨੂੰ ਗੁਰੂ ਕਾ ਲਾਹੋਰ ਦਾ ਨਾਮ ਦਿਤਾ ਅਤੇ ਇਥੇ ਅਨੰਦ ਕਾਰਜ ਕਰਵਾਏ। ਇਤਹਾਸ ਮੁਤਾਬਿਕ ਜਦੋਂ ਸੰਗਤਾਂ ਨੇ ਕਿਹਾ ਕਿ ਗੁਰੂ ਸਾਹਿਬ ਲਾਹੋਰ ਤਾਂ ਬਹੁਤ ਦੂਰ ਹੈ ਤੇ ਉਥੇ ਕਿਵੇਂ ਜਾਇਆ ਜਾ ਸਕਦਾ ਹੈ ਤਾਂ ਗੁਰੂ ਸਾਹਿਬ ਨੇ ਫੁਰਮਾਇਆ ਕਿ ਅਸੀਂ ਇਥੇ ਹੀ ਲਾਹੋਰ ਵਸਾਵਾਂਗੇ। ਉਸ ਦਿਨ ਤੋਂ ਬਾਅਦ ਇਸ ਦਾ ਨਾਮ ਗੁਰੂ ਕਾ ਲਾਹੋਰ ਪ੍ਰਸਿੱਧ ਹੋਇਆ। ਇਥੇ ਤਿਆਰ ਕੀਤੇ ਗਏ ਗੁੁਰਦੂਆਰਾ ਸਾਹਿਬ ਦਾ ਚੌਗਿਰਦਾ ਵਾਤਾਵਰਣ ਬੜਾ ਮਨਮੋਹਣਾ ’ਤੇ ਸ਼ਾਂਤ ਹੈ। ਸੰਗਤਾਂ ਇਥੇ ਕੁਦਰਤ ਦਾ ਅਨੰਦ ਮਾਣਦੀਆਂ ਹਨ। ਆਸ ਪਾਸ ਦੇ ਸੁੰਦਰ ਪਹਾੜੀ ਦ੍ਰਿਸ਼ ਮਨ ਨੂੰ ਮੋਂਹਦੇ ਹਨ ’ਤੇ ਸੰਗਤਾਂ ਆਪਣੇ ਪਰਿਵਾਰਾਂ ਸਮੇਤ ਇਥੋਂ ਦੇ ਦੀਦਾਰ ਕਰਕੇ ਧੰਨ ਭਾਗ ਸਮਝਦੀਆਂ ਹਨ। ਇਥੇ ਹੀ ਗੁਰਦੁਆਰਾ ਤ੍ਰਿਬੇਣੀ ਸਾਹਿਬ ਹੈ ਜਿਸ ਵਿਚ ਪਾਣੀ ਦਾ ਚਸ਼ਮਾ ਹੈ। ਇਤਹਾਸ ਮੁਤਾਬਿਕ ਦਸਮ ਪਾਤਸ਼ਾਹ ਨੇ ਇਥੇ ਪਾਣੀ ਦੀ ਕਿੱਲਤ ਨੂੰ ਦੇਖਦਿਆਂ ਬਰਛਾ ਮਾਰ ਕੇ ਜਲ ਦਾ ਸੋਮਾ ਪ੍ਰਗਟ ਕੀਤਾ ਸੀ। ਅੱਜ ਵੀ ਇਥੋਂ ਸਾਫ ਸੁੱਥਰਾ ਪਾਣੀ ਆ ਰਿਹਾ ਹੈ। ਇਸ ਬਰਛੇ ਦਾ ਨਾਮ ‘ਕਰਪਾ ਬਰਛਾ’ ਹੈ ਜੋ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸ਼ਸ਼ੋਭਿਤ ਹੈ। ਇਸ ਦੇ ਨਾਲ ਹੀ ਸਰੋਵਰ ਬਣਿਆ ਹੋਇਆ ਹੈ ਜਿੱਥੇ ਸੰਗਤਾਂ ਇਸ਼ਨਾਨ ਕਰਦੀਆਂ ਹਨ। ਇਸ ਗੁਰਦੂਆਰੇ ਦੇ ਨਾਲ ਹੀ ਇਤਹਾਸਕ ਅਸਥਾਨ ਗੁਰਦੂਆਰਾ ਪੌੜ ਸਾਹਿਬ ਵੀ ਹੈ। 22-23 ਜਨਵਰੀ ਨੂੰ ਹੋਣਗੇ ਗੁਰਮਤਿ ਸਮਾਗਮ ਹਰ ਸਾਲ ਬਸੰਤ ਪੰਚਮੀ ਮੋਕੇ ਇਥੇ ਭਾਰੀ ਜੋੜ ਮੇਲਾ ਲਗਦਾ ਹੈ। ਸੰਗਤਾਂ ਬਰਾਤ ਰੂਪ ਵਿਚ ਸ੍ਰੀ ਅਨੰਦਪੁਰ ਸਾਹਿਬ ਦੇ ਗੁਰਦੂਆਰਾ ਗੁਰੂ ਕੇ ਮਹਿਲ ਭੌਰਾ ਸਾਹਿਬ ਤੋਂ ਬੈਂਡ ਵਾਜਿਆਂ ਦੇ ਨਾਲ ਜਾਂਦੀਆਂ ਹਨ ’ਤੇ ਗੁਰਦੁਆਰਾ ਸਿਹਰਾ ਸਾਹਿਬ ਜਾ ਕੇ ਦੂਜੇ ਪੜਾਅ ਦਾ ਆਗਾਜ਼ ਕੀਤਾ ਜਾਂਦਾ ਹੈ। ਇਸ ਵਾਰ ਵੀ ਇਥੋਂ ਬਰਾਤ ਰੂਪੀ ਨਗਰ ਕੀਰਤਨ 22 ਜਨਵਰੀ ਨੂੰ ਅਰੰਭ ਹੋ ਕੇ ਗੁਰੂ ਕਾ ਲਾਹੋਰ ਪੁੱਜਗੇ। ਰਸਤੇ ਵਿਚ ਸੰਗਤਾਂ ਲਈ ਭਾਂਤ ਭਾਂਤ ਦੀਆਂ ਮਠਿਆਈਆਂ, ਗੰਨੇ ਦਾ ਰੱਸ, ਸਮੋਸੇ, ਪਕੌੜੇ, ਪੂਰੀ ਛੋਲੇ, ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਸਮੇਤ ਬਹੁਤ ਤਰਾਂ ਦੇ ਲੰਗਰ ਸੰਗਤਾਂ ਲਈ ਲਗਾਏ ਜਾਂਦੇ ਹਨ। ਇਥੇ ਲਗਾਤਾਰ ਧਾਰਮਿਕ ਦੀਵਾਨ ਸਜਾਏ ਜਾਂਦੇ ਹਨ ਜਿਸ ਵਿਚ ਸਿੰਘ ਸਾਹਿਬਾਨ, ਰਾਗੀ, ਢਾਡੀ, ਪ੍ਰਚਾਰਕ ਸੰਗਤਾਂ ਨੂੰ ਇਤਹਾਸ ਨਾਲ ਜੋੜਦੇ ਹਨ। ਟੋਲ ਪਲਾਜ਼ੇ ’ਤੇ ਸੰਗਤਾਂ ਹੁੰਦੀਆਂ ਹਨ ਪ੍ਰੇਸ਼ਾਨ ਗੁਰੂ ਕਾ ਲਾਹੋਰ ਜਾਣ ਲਈ ਹਿਮਾਚਲ ਪ੍ਰਦੇਸ਼ ਐਂਟਰੀ ਟੈਕਸ ਦੇਣਾ ਪੈਂਦਾ ਹੈ ਜਿਸ ਲਈ ਟੋਲ ਲਗਾਇਆ ਗਿਆ ਹੈ। ਇਸ ਟੋਲ ’ਤੇ ਸੰਗਤਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਹਰ ਸਾਲ ਬਸੰਤ ਪੰਚਮੀ ਦੇ ਮੋਕੇ ਦੋ ਜਾਂ ਤਿੰਨ ਦਿਨਾਂ ਲਈ ਟੋਲ ਬੰਦ ਕਰਵਾ ਦਿਤਾ ਜਾਂਦਾ ਹੈ ਪਰ ਸੰਗਤਾਂ ਦੀ ਮੰਗ ਹੈ ਕਿ ਇਤਹਾਸਕ ਅਸਥਾਨ ਗੁਰੂ ਕਾ ਲਾਹੋਰ ਜਾਣ ਵਾਲੇ ਸ਼ਰਧਾਲੂਆਂ ਲਈ ਟੋਲ ਬਿਲਕੁਲ ਬੰਦ ਹੋਣਾ ਚਾਹੀਦਾ ਹੈ। ਸੰਗਤਾਂ ਨੂੰ ਕਰਨਾ ਪੈਂਦਾ ਹੈ ਮੁਸ਼ਕਿਲ ਦਾ ਸਾਹਮਣਾ ਭਾਂਵੇ ਸੰਗਤਾਂ ਦੀ ਸਹੂਲਤ ਲਈ ਸ਼੍ਰੋਮਣੀ ਕਮੇਟੀ ਵਲੋਂ ਪੁਖਤਾ ਪਬ੍ਰੰਧ ਕੀਤੇ ਜਾਂਦੇ ਹਨ, ਪਰ ਹਿਮਾਚਲ ਪ੍ਰਦੇਸ਼ ਵਿਚ ਪੈਂਦੇ ਇਸ ਗੁਰਦੁਆਰਾ ਸਾਹਿਬ ਨੂੰ ਜਾਂਦੀ ਸੜਕ ਬਹੁਤ ਹੀ ਤੰਗ ਹੈ ਜਿਸ ਕਰਕੇ ਬਹੁਤ ਲੰਮੇ ਜਾਮ ਲਗਦੇ ਹਨ। ਸੰਗਤਾਂ ਨੂੰ ਕਈ ਕਈ ਘੰਟੇ ਜਾਮ ਵਿਚ ਖੜਣਾ ਪੈਂਦਾ ਹੈ। ਸੰਗਤਾਂ ਦੀ ਮੰਗ ਹੈ ਕਿ ਇਸ ਸੜਕ ਨੂੰ ਚੋੜਾ ਕੀਤਾ ਜਾਵੇ ਤਾਂ ਕਿ ਸੰਗਤਾਂ ਨੂੰ ਜਾਮ ਦੀ ਸਥੀਤੀ ਦਾ ਸਾਹਮਣਾ ਨਾ ਕਰਨਾ ਪਵੇ।